ਕਰਤਾਰਪੁਰ, 17 ਫਰਵਰੀ (ਭਜਨ ਸਿੰਘ)- ਅਮਰੀਕਾ ਵਰਗੀਆਂ ਸਾਮਰਾਜੀ ਸ਼ਕਤੀਆਂ ਦੀਆਂ ਨੀਤੀਆਂ ਨੂੰ ਲਾਗੂ ਕਰ ਰਹੀ ਕੇਂਦਰ ਸਰਕਾਰ ਵਿਰੋਧ ਦੀ ਆਵਾਜ਼ ਨੂੰ ਕੁਚਲ ਰਹੀ ਹੈ ਅਤੇ ਇਸ ਨਕਸ਼ੇ ਕਦਮਾਂ ਉੱਪਰ ਸੱਤਾਧਾਰੀ ਆਪ ਦੀ ਪੰਜਾਬ ਸਰਕਾਰ ਵੀ ਮਜ਼ਦੂਰਾਂ ਕਿਸਾਨਾਂ ਦੇ ਆਗੂਆਂ ਨੂੰ ਜੇਲ੍ਹ ਡੱਕ ਰਹੀ ਹੈ | ਜਿਸ ਦੇ ਵਿਰੋਧ 'ਚ ਸੰਗਰੂਰ ਸਥਿਤ 18 ਫਰਵਰੀ ਨੂੰ ਮੁੱਖ ਮੰਤਰੀ ਪੰਜਾਬ ਦੇ ਘਰ ਦਾ ਘਿਰਾਓ ਦੀ ਤਿਆਰੀ ਕਰਤਾਰਪੁਰ ਸਮੇਤ ਜ਼ਿਲ੍ਹੇ ਭਰ 'ਚ ਮੁਕੰਮਲ ਕਰ ਲਈ ਗਈ ਹੈ | ਜ਼ਿਲ੍ਹੇ ਭਰ ਤੋਂ ਘਿਰਾਓ 'ਚ ਸੈਂਕੜੇ ਪੇਂਡੂ ਮਜ਼ਦੂਰ ਸ਼ਮੂਲੀਅਤ ਕਰਨਗੇ | ਤਹਿਸੀਲ ਪ੍ਰਧਾਨ ਕੇ.ਐੱਸ. ਅਟਵਾਲ ਅਤੇ ਤਹਿਸੀਲ ਸਕੱਤਰ ਸਰਬਜੀਤ ਕੌਰ ਨੇ ਕਿਹਾ ਕਿ ਜੇਲ੍ਹ 'ਚ ਡੱਕੇ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਾਲੌਦ ਲੰਮੇ ਸਮੇਂ ਤੋਂ ਬੇਜ਼ਮੀਨੇ ਕਿਸਾਨਾਂ ਅਤੇ ਦਲਿਤਾਂ ਲਈ ਤਿੱਖੇ ਜ਼ਮੀਨੀ ਸੁਧਾਰ ਕਰਕੇ ਖੇਤੀ ਲਈ ਜ਼ਮੀਨ ਦੇਣ ਦੀ ਮੰਗ ਕਰਦੇ ਆ ਰਹੇ ਹਨ | ਸਰਕਾਰ ਜ਼ਮੀਨੀ ਮੰਗ ਨੂੰ ਅੱਖੋਂ ਪਰੋਖੇ ਕਰਕੇ ਵੱਡੇ ਭੂਮੀਪਤੀਆਂ ਦੀ ਸੀਲਿੰਗ (ਸਾਢੇ ਸਤਾਰਾਂ ਏਕੜ) ਤੋਂ ਵਾਧੂ ਜ਼ਮੀਨ ਜਗੀਰਦਾਰਾਂ ਤੋਂ ਵਾਪਸ ਲੈ ਕੇ ਬੇਜ਼ਮੀਨੇ ਮਜ਼ਦੂਰਾਂ ਤੇ ਛੋਟੇ ਕਿਸਾਨਾਂ ਦਾ ਹੱਕ ਮਾਰ ਰਹੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਪੰਚਾਇਤੀ ਜ਼ਮੀਨ ਗਰੀਬ ਕਿਸਾਨਾਂ ਅਤੇ ਤੀਜੇ ਹਿੱਸੇ ਦੀ ਦਲਿਤਾਂ ਨੂੰ ਦੇਣ ਦੀ ਥਾਂ ਹਰ ਸਾਲ ਡੰਮੀ ਬੋਲੀਆਂ ਕਰਕੇ ਖਾਂਦੇ ਪੀਂਦੇ ਪੇਂਡੂ ਚੌਧਰੀਆਂ ਨੂੰ ਰਾਜਨੀਤਿਕ ਦਬਾਅ ਹੇਠ ਅਫਸਰਸ਼ਾਹੀ ਦੀ ਮਿਲੀ ਭੁਗਤ ਨਾਲ ਦੇ ਰਹੀ ਹੈ | ਉਨ੍ਹਾਂ ਕਿਹਾ ਖ਼ਾਸਕਰ ਮਾਲਵੇ ਖੇਤਰ ਵਿੱਚ ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਦੀ ਅਗਵਾਈ ਹੇਠ ਸੰਘਰਸ਼ ਕਰਨ ਉਪਰੰਤ ਅਨੇਕਾਂ ਪਿੰਡਾਂ ਵਿੱਚ ਹੋਏ ਸੰਘਰਸ਼ ਤੋਂ ਬਾਅਦ ਦਲਿਤ ਅਤੇ ਬੇਜ਼ਮੀਨੇ ਕਿਸਾਨ ਖੇਤੀ ਕਰ ਰਹੇ ਹਨ | ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੀ ਨਹੀਂ ਚਾਹੁੰਦੀ ਕਿ ਅਮਰੀਕੀ ਸਾਮਰਾਜ ਦੇ ਆਰਥਿਕ ਹਮਲੇ ਦੇ ਵਿਰੋਧ ਲਈ ਇਹ ਆਗੂ ਜੇਲ੍ਹ ਤੋਂ ਬਾਹਰ ਆ ਕੇ ਕਿਸਾਨ ਮਜ਼ਦੂਰ ਸੰਘਰਸ਼ ਦਾ ਹਿੱਸਾ ਬਣਨ | ਯੂਨੀਅਨ ਨੇ ਸਮੂਹ ਕਿਰਤੀ ਲੋਕਾਂ ਨੂੰ ਅੱਜ ਮੁੱਖ ਮੰਤਰੀ ਦੀ ਕੋਠੀ ਦੇ ਘਿਰਾਓ ਲਈ ਪਰਿਵਾਰਾਂ ਸਮੇਤ ਸੰਗਰੂਰ ਪੁੱਜਣ ਦੀ ਅਪੀਲ ਕੀਤੀ ਹੈ |