ਜਲੰਧਰ, 1 ਮਾਰਚ (ਸ਼ੈਲੀ)-ਸਨਿਚਰਵਾਰ ਦੇਰ ਰਾਤ ਜਲੰਧਰ ਦੇ ਮੋਤਾ ਸਿੰਘ ਨਗਰ 'ਚ ਹਸਪਤਾਲ ਦੇ ਬਾਹਰ ਇਕ ਅਣਪਛਾਤੇ ਹਮਲਾਵਰ ਨੇ ਗੋਲੀਆਂ ਚਲਾਈਆਂ | ਸੂਚਨਾ ਮਿਲਣ 'ਤੇ ਡੀ. ਸੀ. ਪੀ. ਮਨਪ੍ਰੀਤ ਸਿੰਘ, ਏ. ਸੀ. ਪੀ. ਮਾਡਲ ਟਾਊਨ, ਥਾਣਾ 6 ਦੇ ਮੁਖੀ ਰਵਿੰਦਰ ਕੁਮਾਰ ਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਸੁਰਿੰਦਰ ਕੰਬੋਜ ਪੁਲਿਸ ਟੀਮਾਂ ਸਮੇਤ ਮੌਕੇ 'ਤੇ ਪਹੁੰਚੇ ਅਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ | ਇਸ ਸੰਬੰਧੀ ਪੀੜਤਾਂ ਦੇ ਬਿਆਨਾਂ ਦੇ ਆਧਾਰ 'ਤੇ ਥਾਣਾ 'ਚ ਮਾਮਲਾ ਦਰਜ ਕੀਤਾ ਗਿਆ ਹੈ | ਮਾਮਲੇ ਨੂੰ ਜਲਦ ਹੀ ਹੱਲ ਕਰਨ ਦੇ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ | ਪੁਲਿਸ ਨੇੜਲੇ ਸੀ. ਸੀ. ਟੀ. ਵੀ. ਦੀ ਜਾਂਚ ਕਰ ਰਹੀ ਹੈ | ਇਸੇ ਦੌਰਾਨ ਦੋਸ਼ੀ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿਚ ਹੈਲਮੇਟ ਪਹਿਨੇ ਇਕ ਨੌਜਵਾਨ ਗੋਲੀਆਂ ਚਲਾਉਂਦੇ ਹੋਏ ਦਿਖ ਰਿਹਾ ਹੈ | ਇਸ ਸੰਬੰਧੀ ਡੀ. ਸੀ. ਪੀ. ਮਨਪ੍ਰੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਜਾਂਚ ਦੌਰਾਨ ਪਤਾ ਲੱਗਾ ਕਿ ਹਸਪਤਾਲ ਦਾ ਡਾਕਟਰ ਹਸਪਤਾਲ ਦੇ ਅੰਦਰ ਰਹਿੰਦਾ ਹੈ ਤੇ ਘਟਨਾ ਸਮੇਂ ਆਪਣੇ ਪਰਿਵਾਰ ਨਾਲ ਅੰਦਰ ਮੌਜੂਦ ਸੀ | ਉਨ੍ਹਾਂ ਦੱਸਿਆ ਕਿ ਦੋਸ਼ੀ ਨੇ ਤਿੰਨ ਤੋਂ ਚਾਰ ਗੋਲੀਆਂ ਚਲਾਈਆਂ, ਜਿਨ੍ਹਾਂ ਵਿਚੋਂ ਦੋ ਗੇਟ 'ਤੇ ਚਲਾਈਆਂ | ਉਨ੍ਹਾਂ ਕਿਹਾ ਕਿ ਮੌਕੇ ਦੇ ਆਸ-ਪਾਸ ਦੇ ਸੀ. ਸੀ. ਟੀ. ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਹੱਲ ਕਰਨ ਲਈ ਪੁਲਿਸ ਦੀਆਂ ਵੱਖ-ਵੱਖ ਟੀਮਾਂ ਕੰਮ ਕਰ ਰਹੀਆਂ ਹਨ ਅਤੇ ਹਰ ਪਹਿਲੂ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਦੋਸ਼ੀ ਨੂੰ ਜਲਦ ਹੀ ਗਿ੍ਫ਼ਤਾਰ ਕਰਕੇ ਮਾਮਲਾ ਹਲ ਕਰ ਲਿਆ ਜਾਵੇਗਾ |