ਜਲੰਧਰ, 1 ਮਾਰਚ (ਜਸਪਾਲ ਸਿੰਘ)-ਮਾਣ ਭੱਤਾ ਵਰਕਰਜ਼ ਸਾਂਝਾ ਮੋਰਚਾ ਵਲੋਂ 1 ਮਾਰਚ ਨੂੰ ਪੰਜਾਬ ਅੰਦਰ ਆਮ ਆਦਮੀ ਪਾਰਟੀ ਦੇ 6 ਕੈਬਨਿਟ ਮੰਤਰੀਆਂ ਤੇ ਕਾਰਜਕਾਰੀ ਪ੍ਰਧਾਨ ਦੇ ਘਰਾਂ ਵੱਲ ਰੋਸ ਮਾਰਚ ਕਰਕੇ ਮਾਣ ਭੱਤਾ ਵਰਕਰਾਂ ਨਾਲ ਕੀਤੇ ਚੋਣ ਵਾਅਦੇ ਯਾਦ ਕਰਵਾਉਣ ਲਈ ਕੈਬਨਿਟ ਮੰਤਰੀ ਪੰਜਾਬ ਮਹਿੰਦਰ ਭਗਤ ਦੇ ਘਰ ਸਾਹਮਣੇ ਦੋਆਬਾ ਜ਼ੋਨ ਦੀਆਂ ਆਸ਼ਾ ਤੇ ਮਿਡ-ਡੇ-ਮੀਲ ਵਰਕਰਾਂ ਵਲੋਂ ਵਿਸ਼ਾਲ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਮਨਦੀਪ ਕੌਰ ਬਿਲਗਾ, ਸਕੁੰਤਲਾ ਸਰੋਏ, ਕੁਲਵਿੰਦਰ ਕੌਰ ਅਮਾਨਤਪੁਰ ਦੇ ਸਾਂਝੇ ਰੂਪ ਵਿਚ ਕੀਤੀ | ਰੈਲੀ ਵਿਚ ਜਲੰਧਰ, ਕਪੂਰਥਲਾ ਤੇ ਸ਼ਹੀਦ ਭਗਤ ਸਿੰਘ ਨਗਰ ਦੀਆਂ ਵਰਕਰਾਂ ਨੇ ਸ਼ਮੂਲੀਅਤ ਕੀਤੀ | ਰੈਲੀ ਨੂੰ ਸੰਬੋਧਨ ਕਰਦਿਆਂ ਉਕਤ ਆਗੂਆਂ ਤੋਂ ਇਲਾਵਾ ਗੁਰਜੀਤ ਕੌਰ ਸ਼ਾਹਕੋਟ, ਕਲਵਿੰਦਰ ਕੌਰ ਫਗਵਾੜਾ, ਰਾਜਵਿੰਦਰ ਕੌਰ ਫਗਵਾੜਾ, ਰਾਜਵਿੰਦਰ ਕੌਰ ਨਵਾਂ ਨਵਾਂ ਸ਼ਹਿਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਵਲੋਂ ਸੱਤਾ ਵਿਚ ਆਉਣ ਤੋਂ ਪਹਿਲਾਂ ਮਾਣ ਭੱਤਾ ਵਰਕਰਾਂ ਨੂੰ ਭਰੋਸਾ ਦਿੱਤਾ ਗਿਆ ਸੀ ਕਿ ਉਨ੍ਹਾਂ ਨੂੰ ਮਿਲਦੇ ਨਿਗੂਣੇ ਮਾਣ ਭੱਤਿਆਂ ਨੂੰ ਦੁੱਗਣਾ ਕੀਤਾ ਜਾਵੇਗਾ ਅਤੇ ਵਰਕਰਾਂ ਦੀ ਤਨਖਾਹ ਵਿਚ ਹਰ ਸਾਲ ਬਣਦਾ ਵਾਧਾ ਕੀਤਾ ਜਾਵੇਗਾ ਪਰ ਚਾਰ ਸਾਲ ਬਾਅਦ ਵੀ ਵਰਕਰਾਂ ਦੀਆਂ ਤਨਖਾਹਾਂ ਵਿਚ ਇਕ ਟਕੇ ਦਾ ਵੀ ਵਾਧਾ ਨਹੀਂ ਕੀਤਾ ਬਲਕਿ ਇਸ ਦੇ ਉਲਟ ਕੇਵਲ ਝੂਠੇ ਲਾਰੇ ਲੱਪੇ ਲਗਾ ਕੇ ਮਾਣ ਭੱਤਾ ਵਰਕਰਾਂ ਦਾ ਸ਼ੋਸ਼ਣ ਲਗਾਤਾਰ ਜਾਰੀ ਹੈ | ਰੈਲੀ ਨੂੰ ਸੰਬੋਧਨ ਕਰਦਿਆਂ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਆਗੂ ਹਰਿੰਦਰ ਦੁਸਾਂਝ, ਕਲਵਿੰਦਰ ਸਿੰਘ ਜੋਸ਼ਨ, ਗੁਰਿੰਦਰਜੀਤ ਸਿੰਘ, ਗੁਰਮੁੱਖ ਸਿੰਘ, ਗੁਰਮੇਲ ਸਿੰਘ, ਲੋਕ ਪ੍ਰੇਮੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਰਾਜ ਸੱਤਾ 'ਤੇ ਕਾਬਜ਼ ਹੋਣ ਤੋਂ ਪਹਿਲਾਂ ਹਰ ਵਰਗ ਨਾਲ ਅਨੇਕਾਂ ਹੀ ਵਾਅਦੇ ਕਰਕੇ ਉਨ੍ਹਾਂ ਦੀ ਹਰ ਮੁਸ਼ਕਿਲ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਸੀ, ਜਿਸ ਵਿਚ ਇਹ ਸਰਕਾਰ ਪੂਰੀ ਤਰ੍ਹਾਂ ਅਸਫਲ ਰਹੀ ਹੈ | ਜਥੇਬੰਦੀ ਦੇ ਆਗੂ ਅੰਮਿ੍ਤਪਾਲ ਕੌਰ ਨੁੱਸੀ, ਬਲਵਿੰਦਰ ਕੌਰ ਟਿੱਬਾ, ਸੀਮਾ ਸਈਪੁਰ, ਰਜਿੰਦਰਪਾਲ ਕੌਰ ਫਗਵਾੜਾ, ਸੀਤਾ ਬੁਲੰਦਪੁਰ, ਜੋਤੀ ਆਦਮਪੁਰ, ਆਂਚਲ ਹਰੀਪੁਰ, ਸਰਬਜੀਤ ਕੌਰ ਪਾਸਲਾ, ਮਨਜੀਤ ਕੌਰ ਢਿਲਵਾਂ, ਆਸ਼ਾ ਗੁਪਤਾ, ਸੁਖਨਿੰਦਰ ਕੌਰ ਬੜਾਪਿੰਡ, ਰਾਣੀ ਸਿੱਧੂ ਕਪੂਰਥਲਾ, ਰੇਸਮ ਕੌਰ ਪਾਸ਼ਟਾਂ, ਆਸਮਾ ਪਾਸ਼ਟਾਂ, ਜਸਵੀਰ ਕੌਰ ਸ਼ਾਹਕੋਟ, ਕਵਿਤਾ ਰਾਣੀ ਤੇ ਕੁਲਦੀਪ ਕੌਰ ਕਾਲਾ ਬੱਕਰਾ, ਪੂਨਮ, ਹਰਵਿੰਦਰ ਕੌਰ, ਕੰਚਨ ਕਾਲਾ ਸੰਘਿਆਂ, ਜਸਵੀਰ ਕੌਰ ਜਲੰਧਰ, ਪੇਂਡੂ ਮਜ਼ਦੂਰ ਯੂਨੀਅਨ ਦੇ ਕਸ਼ਮੀਰ ਸਿੰਘ ਘੁਗਸੋਰ ਨੇ ਸੰਬੋਧਨ ਕੀਤਾ |