ਜਲੰਧਰ, 1 ਮਾਰਚ (ਸ਼ੈਲੀ)-ਕਮਿਸ਼ਨਰੇਟ ਪੁਲਿਸ ਜਲੰਧਰ ਦੀ ਸੀ. ਆਈ. ਏ. ਸਟਾਫ ਨੇ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਦੀ ਅਗਵਾਈ ਹੇਠ ਇਕ ਕਾਰਵਾਈ ਦੌਰਾਨ 30 ਗ੍ਰਾਮ ਹੈਰੋਇਨ ਤੇ 4 ਲੱਖ 30 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਕੇ ਦੋ ਦੋਸ਼ੀਆਂ ਨੂੰ ਗਿ੍ਫ਼ਤਾਰ ਕੀਤਾ | ਦੋਸ਼ੀਆਂ ਦੀ ਪਛਾਣ ਰੋਹਨਪ੍ਰੀਤ ਸਿੰਘ ਉਰਫ਼ ਰੋਹਨ ਪੁੱਤਰ ਕੁਲਵਿੰਦਰ ਕੁਮਾਰ ਵਾਸੀ ਨਿਊ ਚੰਦਨ ਨਗਰ ਕਰਤਾਰਪੁਰ ਜਲੰਧਰ ਅਤੇ ਕੁੰਦਨ ਫਰਵਾਹਾ ਪੁੱਤਰ ਸੰਜੀਵ ਫਰਵਾਹਾ ਵਾਸੀ ਗਲੀ ਨੰਬਰ 3, ਹਰਿਗੋਬਿੰਦ ਨਗਰ ਕੁਲਮ ਰੋਡ, ਮਾਡਲ ਟਾਊਨ, ਨਵਾਂ ਸ਼ਹਿਰ ਵਜੋਂ ਦੱਸੀ ਗਈ ਹੈ | ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੇ ਦੱਸਿਆ ਕਿ 28 ਫਰਵਰੀ ਨੂੰ ਸੀ. ਆਈ. ਏ. ਸਟਾਫ ਨੇ ਦੋਸ਼ੀ ਰੋਹਨ ਕੋਲੋਂ 30 ਗ੍ਰਾਮ ਹੈਰੋਇਨ ਬਰਾਮਦ ਹੋਣ ਤੇ ਉਸ ਦੇ ਖ਼ਿਲਾਫ਼ ਥਾਣਾ ਸੱਤ ਵਿਖੇ ਮਾਮਲਾ ਦਰਜ ਕੀਤਾ ਤੇ ਉਸ ਨੂੰ ਗਿ੍ਫ਼ਤਾਰ ਕਰ ਲਿਆ | ਉਨ੍ਹਾਂ ਦੱਸਿਆ ਕਿ ਦੋਸ਼ੀ ਦੇ ਬਿਆਨਾਂ ਦੇ ਆਧਾਰ 'ਤੇ ਉਸ ਦੇ ਸਾਥੀ ਕੁੰਦਨ ਫਰਵਾਹਾ ਨੂੰ ਮਾਮਲੇ ਵਿਚ ਨਾਮਜ਼ਦ ਕਰ ਗਿ੍ਫ਼ਤਾਰ ਕੀਤਾ ਗਿਆ ਤੇ ਉਸ ਕੋਲੋਂ 430,000 ਰੁਪਏ ਡਰੱਗ ਮਨੀ ਬਰਾਮਦ ਹੋਈ | ਸੀ. ਪੀ. ਧਨਪ੍ਰੀਤ ਕੌਰ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਕੁੰਦਨ ਫਰਵਾਹਾ ਨੇ ਖੁਲਾਸਾ ਕੀਤਾ ਕਿ 12ਵੀਂ ਜਮਾਤ ਪੂਰੀ ਕਰਨ ਤੋਂ ਬਾਅਦ, ਉਸ ਨੇ ਰਾਹੋਂ ਵਿਚ ਇਕ ਮੋਬਾਈਲ ਫੋਨ ਦੀ ਦੁਕਾਨ 'ਤੇ ਮੋਬਾਈਲ ਰਿਪੇਅਰਮੈਨ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ | ਉਹ ਪਰਨਵ ਸਹਿਗਲ ਤੇ ਸੋਨੂੰ ਖੱਤਰੀ ਨੂੰ ਮਿਲਿਆ ਜੋ ਕਿ ਦੋਵੇਂ ਬਲਾਚੌਰ ਦੇ ਰਹਿਣ ਵਾਲੇ ਹਨ ਤੇ ਇਸ ਸਮੇਂ ਵਿਦੇਸ਼ ਵਿਚ ਹਨ | ਉਨ੍ਹਾਂ ਦੇ ਕਹਿਣ 'ਤੇ ਦੋਸ਼ੀ ਨੇ ਹੈਰੋਇਨ ਦਾ ਕਾਰੋਬਾਰ ਸ਼ੁਰੂ ਕੀਤਾ | ਦੋਸ਼ੀ ਉਨ੍ਹਾਂ ਦੇ ਕਹਿਣ 'ਤੇ ਹੈਰੋਇਨ ਸਪਲਾਈ ਕਰਦਾ ਸੀ, ਜਿਸ ਦੌਰਾਨ ਡਰਗ ਮਨੀ 'ਚ ਕਾਫੀ ਕਮਾਈ ਹੋ ਜਾਂਦੀ ਸੀ | ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ |