05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-03-2026

ਜਲੰਧਰ ਦੇ ਕਈ ਸਕੂਲਾਂ ਨੂੰ ਫਿਰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ

ਅਜੀਤ ਡੈਸਕ 03-03-2026
ਜਲੰਧਰ, 2 ਮਾਰਚ (ਸ਼ੈਲੀ)-ਜਲੰਧਰ ਦੇ ਕਈ ਸਕੂਲਾਂ ਨੂੰ ਅੱਜ ਇਕ ਵਾਰ ਫਿਰ ਬੰਬ ਨਾਲ ਉਡਾਏ ਜਾਣ ਦੀ ਧਮਕੀ ਭਰੇ ਈ-ਮੇਲ ਮਿਲਣ ਨਾਲ ਸਕੂਲ ਪ੍ਰਬੰਧਕਾਂ ਤੇ ਬੱਚਿਆਂ ਦੇ ਮਾਪਿਆਂ ਅੰਦਰ ਡਰ ਤੇ ਸਹਿਮ ਦਾ ਮਾਹੌਲ ਹੈ | ਅੱਜ ਸਵੇਰੇ ਸ਼ਹਿਰ ਦੇ ਡੇਢ ਦਰਜਨ ਦੇ ਕਰੀਬ ਸਕੂਲਾਂ ਨੂੰ ਇਹ ਧਮਕੀ ਭਰੇ ਈ-ਮੇਲ ਮਿਲੇ, ਜਿਨ੍ਹਾਂ 'ਚ ਇਨ੍ਹਾਂ ਸਕੂਲਾਂ ਨੂੰ ਦੁਪਹਿਰ ਦੇ ਸਮੇਂ ਬੰਬ ਨਾਲ ਉਡਾਏ ਜਾਣ ਦੀ ਧਮਕੀ ਦਿੱਤੀ ਗਈ ਸੀ | ਧਮਕੀ ਮਿਲਦੇ ਹੀ ਸਕੂਲ ਪ੍ਰਬੰਧਕਾਂ ਵਲੋਂ ਪੁਲਿਸ ਨੂੰ ਸੂਚਿਤ ਕੀਤਾ, ਹਾਲਾਂਕਿ ਇਸ ਦੌਰਾਨ ਕਈ ਸਕੂਲਾਂ 'ਚ ਬੱਚਿਆਂ ਦੀਆਂ ਪ੍ਰੀਖਿਆਵਾਂ ਵੀ ਚੱਲ ਰਹੀਆਂ ਸਨ | ਮੌਕੇ 'ਤੇ ਪੁੱਜੀ ਪੁਲਿਸ ਵਲੋਂ ਕਈ ਘੰਟੇ ਤਲਾਸ਼ੀ ਅਭਿਆਨ ਚਲਾਇਆ ਗਿਆ ਪਰ ਪੁਲਿਸ ਦੇ ਹੱਥ ਕੋਈ ਵੀ ਇਤਰਾਜ਼ਯੋਗ ਵਸਤੂ ਨਹੀਂ ਲੱਗੀ, ਜਿਸ ਤੋਂ ਪਹਿਲੀ ਨਜ਼ਰੇ ਇਹ ਧਮਕੀ ਕੇਵਲ ਅਫਵਾਹ ਹੀ ਲੱਗ ਰਹੀ ਹੈ ਪਰ ਫਿਰ ਵੀ ਪੁਲਿਸ ਵਲੋਂ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਖੋਜੀ ਕੁੱਤਿਆਂ ਤੇ ਐਂਟੀ ਸਾਬੋਟਾਜ ਟੀਮਾਂ ਦੀ ਮਦਦ ਨਾਲ ਜਿਥੇ ਸਕੂਲਾਂ ਅੰਦਰ ਲਗਾਤਾਰ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ, ਉਥੇ ਸਾਈਬਰ ਸੈੱਲ ਦੁਆਰਾ ਈ-ਮੇਲਜ਼ ਦੀ ਵੀ ਜਾਂਚ ਕੀਤੀ ਜਾ ਰਹੀ ਹੈ | ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਲੰਧਰ ਦੇ ਕਈ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲ ਚੁੱਕੀਆਂ ਹਨ ਤੇ ਉਹ ਵੀ ਅਫਵਾਹ ਹੀ ਸਾਬਤ ਹੋਈਆਂ ਸਨ | ਓਧਰ ਬੋਰਡ ਪ੍ਰੀਖਿਆਵਾਂ ਦੌਰਾਨ ਸਕੂਲਾਂ ਨੂੰ ਅਜਿਹੀਆਂ ਧਮਕੀਆਂ ਮਿਲਣ 'ਤੇ ਮਾਪਿਆਂ ਅੰਦਰ ਆਪਣੇ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਕਾਫੀ ਚਿੰਤਾ ਪਾਈ ਜਾ ਰਹੀ ਹੈ | ਇਸ ਦੌਰਾਨ ਸਕੂਲਾਂ ਨੂੰ ਮਿਲੀਆਂ ਇਨ੍ਹਾਂ ਈ-ਮੇਲਜ਼ 'ਚ ਸਕੂਲਾਂ ਦੇ ਨਾਲ-ਨਾਲ ਰੇਲ ਗੱਡੀਆਂ ਨੂੰ ਵੀ ਨਿਸ਼ਾਨਾ ਬਣਾਏ ਜਾਣ ਅਤੇ ਹੋਲੀ ਦੇ ਤਿਉਹਾਰ ਨੂੰ ਖੂਨ ਨਾਲ ਰੰਗਣ ਦੀ ਵੀ ਧਮਕੀ ਦਿੱਤੀ ਗਈ ਹੈ |
ਪਿਛਲੀ ਖ਼ਬਰ ਸ਼ਹਿਰ 'ਚ ਹੋਲੀ ਨੂੰ ਲੈ ਕੇ ਸਜੀਆਂ ਦੁਕਾਨਾਂ ਅਗਲੀ ਖ਼ਬਰ ਮੋਟਰਸਾਈਕਲ ਸਮੇਤ ਟੋਏ 'ਚ ਡਿਗੇ ਵਿਅਕਤੀ ਦੀ ਮੌਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।