ਜਲੰਧਰ, 28 ਅਪ੍ਰੈਲ (ਜਸਪਾਲ ਸਿੰਘ)-ਜਿੰਮਖਾਨਾ ਕਲੱਬ ਵਿਖੇ ਚੱਲ ਰਹੇ ਨਾਈਟ ਕ੍ਰਿਕਟ ਟੂਰਨਾਮੈਂਟ ਜਿਮਖਾਨਾ ਪ੍ਰੀਮੀਅਰ ਲੀਗ (ਜੀਪੀਐਲ) ਦੇ ਅੱਜ ਹੋਏ ਇਕ ਅਹਿਮ ਮੁਕਾਬਲੇ 'ਚ 'ਗਰੇਨੀਕਲ ਪੀਕੇ ਸਮੈਸ਼ਰਜ਼' ਦੀ ਟੀਮ ਨੇ ਗੋਲਡਨ ਡੱਕ ਦੀ ਟੀਮ ਨੂੰ ਬੁਰੀ ਤਰ੍ਹਾਂ ਹਰਾ ਕੇ ਮੈਚ ਜਿੱਤਿਆ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਨੋਰੰਜਨ ਕਾਲੀਆ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ ਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਇਸ ਮੌਕੇ ਸ੍ਰੀ ਕਾਲੀਆ ਨੇ ਪ੍ਰਬੰਧਕ ਕਮੇਟੀ ਦੇ ਉੱਦਮ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਕਿਹਾ ਕਿ ਅਜਿਹੇ ਖੇਡ ਮੁਕਾਬਲੇ ਨਾ ਕੇਵਲ ਨੌਜਵਾਨਾਂ ਅੰਦਰ ਖੇਡ ਭਾਵਨਾ ਨੂੰ ਮਜ਼ਬੂਤ ਬਣਾਉਂਦੇ ਹਨ, ਬਲਕਿ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਸਿਹਤਮੰਦ ਜ਼ਿੰਦਗੀ ਜਿਊਣ ਲਈ ਵੀ ਪ੍ਰੇਰਿਤ ਕਰਦੇ ਹਨ | ਦੱਸਣਯੋਗ ਹੈ ਕਿ ਕਲੱਬ ਦੇ ਪ੍ਰਧਾਨ ਰਾਮਵੀਰ ਸਿੰਘ, ਸਕੱਤਰ ਸੰਦੀਪ ਬਹਿਲ, ਮੀਤ ਪ੍ਰਧਾਨ ਅਮਿਤ ਕੁਕਰੇਜਾ, ਜੁਆਇੰਟ ਸੈਕਟਰੀ ਸ੍ਰੀਮਤੀ ਅਨੂੰ ਮਾਟਾ ਤੇ ਖਜ਼ਾਨਚੀ ਸੌਰਭ ਖੁੱਲ੍ਹਰ ਦੀ ਅਗਵਾਈ ਹੇਠ ਹੋ ਰਹੇ ਇਨ੍ਹਾਂ ਮੁਕਾਬਲਿਆਂ ਨੂੰ ਲੈ ਕੇ ਕਲੱਬ ਦੇ ਮੈਂਬਰਾਂ 'ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ ਤੇ ਉਹ ਦੇਰ ਰਾਤ ਤੱਕ ਇਨ੍ਹਾਂ ਮੈਚਾਂ ਦਾ ਆਨੰਦ ਮਾਣਦੇ ਹਨ | ਓਧਰ ਅੱਜ ਗਰੇਨੀਕਲ ਪੀਕੇ ਸਮੈਸ਼ਰਜ਼ ਤੇ ਗੋਲਡਨ ਡੱਕ ਦੀਆਂ ਟੀਮਾਂ ਵਿਚਕਾਰ ਹੋਏ ਮੈਚ 'ਚ ਗਰੇਨੀਕਲ ਪੀਕੇ ਸਮੈਸ਼ਰਜ਼ ਦੀ ਟੀਮ ਨੇ 9 ਵਿਕਟਾਂ ਨਾਲ ਜਿੱਤ ਦਰਜ ਕੀਤੀ | ਇਸ ਤੋਂ ਪਹਿਲਾਂ ਗੋਲਡਨ ਡੱਕ ਦੀ ਟੀਮ 10 ਓਵਰਾਂ 'ਚ 7 ਖਿਡਾਰੀਆਂ ਦੇ ਨੁਕਸਾਨ 'ਤੇ ਕੇਵਲ 80 ਦੌੜਾਂ ਹੀ ਬਣਾ ਸਕੀ, ਜਦਕਿ ਪੀਕੇ ਸਮੈਸ਼ਰਜ਼ ਦੀ ਟੀਮ ਨੇ ਇਹ ਟੀਚਾ ਕੈਪਟਨ ਅਮਿਤ ਕੁਕਰੇਜਾ ਦੀ ਅਗਵਾਈ ਹੇਠ ਕੇਵਲ ਇਕ ਵਿਕਟ ਦੇ ਨੁਕਸਾਨ 'ਤੇ ਮਾਤਰ 4.1 ਓਵਰਾਂ 'ਚ ਹੀ ਪੂਰਾ ਕਰਕੇ ਮੈਚ ਨੂੰ ਜਿੱਤ ਲਿਆ | ਇਸ ਦੌਰਾਨ ਸ਼ਿਵੇਨ ਸੇਠ ਨੂੰ ਮੈਚ ਦਾ ਸਰਬੋਤਮ ਖਿਡਾਰੀ ਚੁਣਿਆ ਗਿਆ, ਜਿਸ ਨੇ ਨਾ ਕੇਵਲ 13 ਗੇਂਦਾਂ 'ਚ 4 ਛੱਕਿਆਂ ਅਤੇ 7 ਚੌਕਿਆਂ ਦੀ ਮਦਦ ਨਾਲ ਨਾਬਾਦ 52 ਦੌੜਾਂ ਦੀ ਸ਼ਾਨਦਾਰ ਪਾਰੀ ਹੀ ਨਹੀਂ ਖੇਡੀ ਬਲਕਿ 2 ਵਿਕਟਾਂ ਵੀ ਲਈਆਂ | ਇਸ ਮੌਕੇ ਅਭਿਸ਼ੇਕ ਬਜਾਜ਼ ਵਲੋਂ 18 ਤੇ ਯੁਵਾਂਸ਼ ਚੌਪੜਾ ਵਲੋਂ ਨਾਬਾਦ 8 ਦੌੜਾਂ ਦਾ ਯੋਗਦਾਨ ਦਿੱਤਾ ਗਿਆ | ਇਸ ਮੌਕੇ ਨਿਤਿਨ ਬਹਿਲ ਤੇ ਕਲੱਬ ਦੇ ਹੋਰ ਮੈਂਬਰ ਵੀ ਵਿਸ਼ੇਸ਼ ਤੌਰ 'ਤੇ ਮੌਜੂਦ ਸਨ |