ਲੋਹੀਆਂ ਖਾਸ, 28 ਅਪ੍ਰੈਲ (ਗੁਰਪਾਲ ਸਿੰਘ ਸ਼ਤਾਬਗੜ੍ਹ, ਕੁਲਦੀਪ ਸਿੰਘ ਖਾਲਸਾ)-ਲੋਹੀਆਂ ਦੇ ਪਿੰਡ ਰਾਈਵਾਲ ਦੇ ਰੋਡ 'ਤੇ ਇਕ ਮਜ਼ਦੂਰ ਵਲੋਂ ਠੇਕੇ 'ਤੇ ਲਏ ਗੰਨੇ ਦੇ ਖੇਤ (ਕਮਾਦ) ਨੂੰ ਉਸ ਵੇਲੇ ਅੱਗ ਲੱਗ ਗਈ ਜਦੋਂ ਲੋਹੀਆਂ ਰਾਈਵਾਲ ਰੋਡ 'ਤੇ ਪ੍ਰੀਮਿਕਸ ਪਾਈ ਜਾ ਰਹੀ ਸੀ | ਇਸ ਸੰਬੰਧੀ ਜਾਣਕਾਰੀ ਅਨੁਸਾਰ ਡੇਢ ਕਨਾਲ਼ ਦੇ ਇਸ ਗੰਨੇ ਦਾ ਖੇਤ ਨੂੰ ਇਕ ਗਰੀਬ ਗੰਨੇ ਦਾ ਰੱਸ ਵੇਚਣ ਵਾਲੇ ਮਜ਼ਦੂਰ ਵਲੋਂ ਠੇਕੇ 'ਤੇ ਲਿਆ ਗਿਆ ਸੀ ਤਾਂ ਕਿ ਉਹ ਗਰਮੀਆਂ 'ਚ ਗੰਨੇ ਦਾ ਰਸ ਵੇਚ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੇ | ਦੱਸਿਆ ਜਾ ਰਿਹਾ ਹੈ ਕਿ ਜਦੋਂ ਲੋਹੀਆਂ ਰਾਈਵਾਲ ਰੋਡ 'ਤੇ ਪ੍ਰੀਮਿਕਸ ਪਾਈ ਜਾ ਰਹੀ ਸੀ ਤਾਂ ਅਚਾਨਕ ਨਾਲ ਦੇ ਖੇਤ 'ਚ ਖੜੇ ਕਣਕ ਦੇ ਨਾੜ ਨੂੰ ਅੱਗ ਲੱਗ ਗਈ, ਜਿਸ ਤੋਂ ਬਾਅਦ ਇਹ ਅੱਗ ਕੁਲਵੰਤ ਸਿੰਘ ਪੁੱਤਰ ਦਿਆਲ ਸਿੰਘ ਨਿਵਾਸੀ ਸਰਦਾਰਵਾਲਾ ਵਲੋਂ ਠੇਕੇ 'ਤੇ ਲਏ ਗੰਨੇ (ਕਮਾਦ) ਨੂੰ ਵੀ ਲੱਗ ਗਈ, ਜਿਸ ਦਾ ਬੁਰੀ ਤਰ੍ਹਾਂ ਨਾਲ ਨੁਕਸਾਨ ਹੋ ਗਿਆ | ਪੀੜਤ ਕੁਲਵੰਤ ਸਿੰਘ ਨੇ ਦੱਸਿਆ ਕਿ ਉਸ ਦੇ ਕਮਾਦ ਨੂੰ ਅੱਗ ਲੱਗਣ ਦਾ ਉਸ ਸਮੇਂ ਪਤਾ ਲੱਗਾ ਜਦੋਂ ਉਹ ਅੱਜ ਸਵੇਰੇ ਗੰਨੇ ਲੈਣ ਵਾਸਤੇ ਖੇਤ 'ਚ ਪੁੱਜਾ | ਇਸ ਮੌਕੇ ਕਮਾਦ ਦੇ ਸਾਹਮਣੇ ਇਕੱਠੇ ਹੋਏ ਗੁਰਚਰਨ ਸਿੰਘ ਅਟਵਾਲ ਸਟੇਟ ਕਮੇਟੀ ਮੈਂਬਰ ਪੇਂਡੂ ਮਜ਼ਦੂਰ ਯੂਨੀਅਨ ਪੰਜਾਬ, ਮੁਖਤਿਆਰ ਸਿੰਘ, ਸੰਦੀਪ ਸਿੰਘ, ਮੰਗਾ, ਜੀਤ ਚੰਦ, ਦਿਆਲ ਸਿੰਘ ਆਦਿ ਨੇ ਦੋਸ਼ ਲਾਇਆ ਕਿ ਜਦੋਂ ਉਕਤ ਸੜਕ ਬਣ ਰਹੀ ਸੀ, ਉਸ ਵੇਲੇ ਕਿਸੇ ਮਜ਼ਦੂਰ ਵਲੋਂ ਸਿਗਰੇਟ ਜਾਂ ਬੀੜੀ ਪੀ ਕੇ ਸੁੱਟ ਦਿੱਤੀ ਗਈ ਹੋਵੇਗੀ, ਜਿਸ ਨਾਲ ਇਹ ਅੱਗ ਲੱਗੀ ਹੈ ਤੇ ਗਰੀਬ ਮਜਦੂਰ ਕੁਲਵੰਤ ਸਿੰਘ ਦਾ ਵੀ ਗੰਨੇ ਦੇ ਰੂਪ ਵਿਚ ਨੁਕਸਾਨ ਹੋ ਗਿਆ | ਪੀੜਤ ਵੱਲੋਂ 112 ਨੰਬਰ ਤੇ ਕਾਲ ਵੀ ਕੀਤੀ ਗਈ 'ਤੇ ਪੁਲਿਸ ਨੇ ਮੌਕਾ ਦੇਖ ਕੇ ਕਾਰਵਾਈ ਦਾ ਭਰੋੋਸਾ ਦਿੱਤਾ ਹੈ ਜਦਕਿ ਮੰਡੀ ਬੋਰਡ ਦੇ ਜੇ. ਈ. ਵਰਿੰਦਰ ਰਾਏ ਨੇ ਉਕਤ ਦੋਸ਼ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਜਾਣਕਾਰੀ ਕੁਲਵੰਤ ਸਿੰਘ ਵੱਲੋਂ ਬਹੁਤ ਦੇਰੀ ਨਾਲ ਦਿੱਤੀ ਗਈ ਹੈ, ਜਦ ਕਿ ਮਜ਼ਦੂਰ ਅੱਗ ਲੱਗਣ ਤੋਂ ਬਹੁਤ ਪਹਿਲਾਂ ਕੰਮ ਕਰਕੇ ਜਾ ਚੁੱਕੇ ਸਨ |