ਜਮਸ਼ੇਰ ਖਾਸ/ਜੰਡਿਆਲਾ ਮੰਜਕੀ, 29 ਅਪ੍ਰੈਲ (ਹਰਵਿੰਦਰ ਕੁਮਾਰ, ਸੁਰਜੀਤ ਸਿੰਘ ਜੰਡਿਆਲਾ)-ਥਾਣਾ ਸਦਰ ਜਲੰਧਰ ਦੀ ਇਮਾਰਤ ਕਸਬਾ ਜਮਸ਼ੇਰ ਖਾਸ ਵਿਚ ਪੰਚਾਇਤ ਵਲੋਂ ਦਿੱਤੀ ਥਾਂ 'ਤੇ ਬਣੀ ਹੋਈ ਹੈ | ਇਸ ਥਾਣੇ ਦਾ ਉਦਘਾਟਨ ਡਾਇਰੈਕਟਰ ਜਨਰਲ ਪੁਲਿਸ ਸੁਮੇਧ ਸਿੰਘ ਸੈਣੀ ਵਲੋਂ 2012 ਵਿਚ ਕੀਤਾ ਗਿਆ ਸੀ | ਥਾਣਾ ਸਦਰ ਜਲੰਧਰ ਦੀ ਜ਼ਿੰਮੇਵਾਰੀ ਕਰੀਬ ਪੰਜਾਹ ਤੋਂ ਵੱਧ ਪਿੰਡਾਂ ਦੇ ਲੋਕਾਂ ਦੀ ਸੁਰੱਖਿਆ ਦੀ ਹੈ | ਡੈਅਰੀ ਕੰਪਲੈਕਸ ਜਮਸ਼ੇਰ ਖਾਸ ਵੱਲ ਜਾਂਦੀ ਸੜਕ 'ਤੇ ਥਾਣਾ ਸਦਰ ਦੀ ਇਮਾਰਤ ਸਥਿਤ ਹੈ | ਜਾਣਕਾਰੀ ਅਨੁਸਾਰ ਉਸ ਵੇਲੇ ਦੀ ਪੰਚਾਇਤ ਪਾਸ ਸੱਤ ਕਨਾਲ ਜਗ੍ਹਾ ਸੀ ਜਿਸ 'ਚੋਂ ਉਸ ਸਮੇਂ ਥਾਣਾ ਸਦਰ ਜਲੰਧਰ ਨੂੰ ਚਾਰ ਕਨਾਲ ਜਗ੍ਹਾ ਦਿੱਤੀ ਗਈ ਸੀ ਅਤੇ ਬਾਕੀ ਜਗ੍ਹਾ ਪਾਣੀ ਦੀ ਟੈਂਕੀ ਵਾਸਤੇ ਲਿਖਤ ਰੂਪ ਵਿਚ ਛੱਡ ਦਿੱਤੀ ਗਈ ਸੀ | ਵੱਖ-ਵੱਖ ਕੇਸਾਂ ਵਿਚ ਲੋੜੀਂਦੇ ਬਹੁਤੇ ਕਬਾੜ ਬਣੇ ਵਾਹਨ ਥਾਣੇ ਦੀ ਇਮਾਰਤ ਦੇ ਅੰਦਰ ਤੇ ਬਾਹਰ ਖਾਲੀ ਪੰਚਾਇਤੀ ਥਾਂ ਵਿਚ ਰੱਖੇ ਗਏ ਹਨ | ਹੈਰਾਨੀ ਵਾਲੀ ਗੱਲ ਹੈ ਕਿ ਪੁਲਿਸ ਕੋਲੋਂ ਲੋਕ ਧੱਕੇਸ਼ਾਹੀ, ਗੁੰਡਾਗਰਦੀ ਖ਼ਿਲਾਫ਼ ਤੇ ਇਨਸਾਫ ਲਈ ਆਸ ਲਗਾਉਂਦੇ ਹਨ | ਪਰ ਲੋਕਾਂ ਦੇ ਥਾਵਾਂ 'ਤੇ ਹੁੰਦੇ ਕਬਜ਼ੇ ਛਡਾਉਣ ਵਾਲੀ ਪੁਲਿਸ ਵਲੋਂ ਆਪ ਹੀ ਪਿੰਡ ਦੀ ਪੰਚਾਇਤੀ ਜ਼ਮੀਨ ਉਪਰ ਕਬਜ਼ਾ ਕੀਤਾ ਗਿਆ ਹੈ | ਇਥੇ ਹੀ ਬੱਸ ਨਹੀਂ ਥਾਣਾ ਸਦਰ ਜਲੰਧਰ ਦੀ ਪੁਲਿਸ ਵਲੋਂ ਥਾਣੇ ਦੇ ਸਾਹਮਣੇ ਜੋ ਲੋਕਾਂ ਦੇ ਨਿੱਜੀ ਪਲਾਟ ਹਨ ਉਨ੍ਹਾਂ 'ਚ ਵੀ ਵੱਖ-ਵੱਖ ਕੇਸਾਂ ਵਿਚ ਫੜੇ ਗਏ ਵਾਹਨ ਖੜੇ੍ਹ ਕਰਕੇ ਕਬਜ਼ਾ ਕੀਤਾ ਗਿਆ ਹੈ | ਪੰਚ ਬਿਕਰਮਜੀਤ ਸਿੰਘ ਚੀਮਾਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਪੰਚਾਇਤੀ ਜ਼ਮੀਨ 'ਤੇ ਕਬਜ਼ਾ ਛੁਡਾਉਣ ਲਈ ਪ੍ਰਸ਼ਾਸਨ ਨੂੰ ਦੋ ਵਾਰ ਦਰਖਾਸਤ ਵੀ ਦਿੱਤੀ ਗਈ ਹੈ ਪਰ ਕੋਈ ਵੀ ਲੋੜੀਂਦੀ ਕਾਰਵਾਈ ਨਾ ਹੋਣ ਕਾਰਨ ਮਾਮਲਾ ਉਸੇ ਦਾ ਉਸੇ ਤਰ੍ਹਾਂ ਹੈ | ਸਾਬਕਾ ਸਰਪੰਚ ਹਰਿੰਦਰ ਸਿੰਘ ਬਿੱਟੂ ਸ਼ਾਹ ਨੇ ਦੱਸਿਆ ਇਹ ਸਾਰੀ ਜਗ੍ਹਾ ਸੱਤ ਕਨਾਲ ਹੈ ਜਿਸ 'ਚੋਂ ਕੀ ਚਾਰ ਕਨਾਲ ਥਾਂ ਥਾਣਾ ਸਦਰ ਜਲੰਧਰ ਨੂੰ ਦਿੱਤੀ ਗਈ ਸੀ, ਜੋ ਬਾਕੀ ਹੈ ਉਹ ਪਾਣੀ ਦੀ ਟੈਂਕੀ ਵਾਸਤੇ ਉਸ ਸਮੇਂ ਲਿਖ ਕੇ ਦਿੱਤਾ ਗਿਆ ਸੀ | ਹੁਣ ਕੁਝ ਜਗ੍ਹਾ 'ਤੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ |