ਜਮਸ਼ੇਰ ਖਾਸ, 29 ਅਪ੍ਰੈਲ (ਹਰਵਿੰਦਰ ਕੁਮਾਰ)-ਸ਼੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਹਰਜਾਪ ਸਿੰਘ ਸੰਘਾ ਨੇ ਅੱਜ ਸਮੂਹ ਜਲੰਧਰ ਕੈਂਟ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਲਗਾਤਾਰ ਲੱਗ ਰਹੇ ਬੇਤਹਾਸ਼ਾ ਅਤੇ ਗੈਰ-ਐਲਾਨੀਆ ਬਿਜਲੀ ਕੱਟਾਂ ਨੇ ਕਿਸਾਨੀ ਅਤੇ ਆਮ ਜਨ ਜੀਵਨ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ | ਉਨ੍ਹਾਂ ਕਿਹਾ ਕਿ ਖੇਤਾਂ ਵਿੱਚ ਸਿੰਚਾਈ ਠੱਪ ਹੋ ਰਹੀ ਹੈ, ਫਸਲਾਂ ਸੁੱਕਣ ਦੇ ਕਿਨਾਰੇ ਹਨ, ਮੋਟਰਾਂ ਬੰਦ ਪਈਆਂ ਹਨ ਅਤੇ ਕਿਸਾਨ ਆਪਣੀ ਹੀ ਜ਼ਮੀਨ ਵਿੱਚ ਬੇਬਸ ਖੜ੍ਹਾ ਅਸਮਾਨ ਵੱਲ ਦੇਖਣ ਲਈ ਮਜਬੂਰ ਹੋ ਗਿਆ ਹੈ | ਦੂਜੇ ਪਾਸੇ ਘਰਾਂ ਵਿੱਚ ਹਨੇਰਾ, ਕਾਰੋਬਾਰ ਵਿੱਚ ਰੁਕਾਵਟ ਅਤੇ ਲੋਕਾਂ ਦੀ ਰੋਜ਼ਾਨਾ ਜ਼ਿੰਦਗੀ ਵਿੱਚ ਪ੍ਰੇਸ਼ਾਨੀ ਨੇ ਸਰਕਾਰ ਦੀ ਨਾਕਾਮੀ ਨੂੰ ਬੇਨਕਾਬ ਕਰ ਦਿੱਤਾ ਹੈ | ਇਹ ਸਿਰਫ਼ ਬਿਜਲੀ ਦਾ ਸੰਕਟ ਨਹੀਂ, ਸਗੋਂ ਸਰਕਾਰ ਦੀ ਲਾਪਰਵਾਹੀ, ਅਯੋਗਤਾ ਅਤੇ ਲੋਕ ਵਿਰੋਧੀ ਸੋਚ ਦਾ ਨਤੀਜਾ ਹੈ | ਉਹਨਾਂ ਕਿਹਾ ਕਿ ਮੈਂ ਕਿਸਾਨ ਭਰਾਵਾਂ, ਨੌਜਵਾਨਾਂ, ਮਜ਼ਦੂਰਾਂ, ਵਪਾਰੀਆਂ, ਮਾਤਾ-ਭੈਣਾਂ,ਰਟੀ ਵਰਕਰਾਂ ਅਤੇ ਇਲਾਕਾ ਨਿਵਾਸੀਆਂ ਨੂੰ ਜ਼ੋਰਦਾਰ ਅਪੀਲ ਕਰਦਾ ਹਾਂ ਕਿ 30 ਅਪ੍ਰੈਲ ਸਵੇਰੇ 10 ਵਜੇ, ਬੂਟਾ ਮੰਡੀ ਬਿਜਲੀ ਦਫ਼ਤਰ ਦੇ ਬਾਹਰ ਹੋਣ ਵਾਲੇ ਵਿਸ਼ਾਲ ਰੋਸ ਧਰਨੇ 'ਚ ਵੱਡੀ ਗਿਣਤੀ 'ਚ ਪਹੁੰਚ ਕੇ ਇਸ ਨਿਕੰਮੀ ਅਤੇ ਲੋਕ ਵਿਰੋਧੀ ਸਰਕਾਰ ਖ਼ਿਲਾਫ਼ ਆਪਣੀ ਆਵਾਜ਼ ਬੁਲੰਦ ਕਰਨ |