11-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਵਾਹਨ ਟਕਰਾਉਣ ਤੋਂ ਹੋਏ ਝਗੜੇ 'ਚ ਗੱਡੀ ਵਾਲੇ ਨੇ ਪੈਟਰੋਲ ਪਾ ਕੇ ਐਕਟਿਵਾ ਸਾੜੀ <br/>

ਅਜੀਤ ਡੈਸਕ 30-04-2026
ਜਲੰਧਰ, 29 ਅਪ੍ਰੈਲ (ਜਤਿੰਦਰ ਪੰਮੀ) : ਬੁੱਧਵਾਰ ਦੁਪਹਿਰ ਵੇਲੇ ਥਾਣਾ ਡਵੀਜ਼ਨ ਨੰਬਰ-2 ਅਧੀਨ ਪੈਂਦੇ ਚਿਕਚਿਕ ਚੌਕ ਆਦਰਸ਼ ਨਗਰ ਰੋਡ 'ਤੇ ਦੋ ਵਾਹਨਾਂ ਦੀ ਮਾਮੂਲੀ ਟੱਕਰ ਕਾਰਨ ਹੋਏ ਝਗੜੇ ਨੇ ਏਨਾ ਭਿਆਨਕ ਰੂਪ ਧਾਰ ਲਿਆ ਕਿ ਗੱਡੀ ਵਾਲੇ ਨੇ ਗੁੱਸੇ 'ਚ ਆ ਕੇ ਪੈਟਰੋਲ ਪਾ ਕੇ ਐਕਟਿਵਾ ਨੂੰ ਲੱਗ ਲਾ ਦਿੱਤੀ | ਪੈਟਰੋਲ ਸੁੱਟਦਿਆਂ ਹੀ ਅੱਗ ਇਕਦਮ ਭੜਕ ਗਈ ਅਤੇ ਦੇਖਦੇ ਹੀ ਦੇਖਦੇ ਐਕਟਿਵਾ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈ | ਸੂਚਨਾ ਮਿਲਣ 'ਤੇ ਪਹਿਲਾਂ ਨੇੜੇ ਹੀ ਤਾਇਨਾਤ ਟ੍ਰੈਫਿਕ ਪੁਲਿਸ ਦੇ ਮੁਲਾਜ਼ਮ ਪੁੱਜੇ, ਜਿਨ੍ਹਾਂ ਨੇ ਥਾਣਾ ਡਵੀਜ਼ਨ ਨੰਬਰ-2 ਦੀ ਪੁਲਿਸ ਨੂੰ ਸੂਚਿਤ ਕੀਤਾ | ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਪਰ ਝਗੜਾ ਕਰਨ ਵਾਲੀਆਂ ਦੋਵੇਂ ਧਿਰਾਂ ਮੌਕੇ ਤੋਂ ਜਾ ਚੁੱਕੀਆਂ ਸਨ | ਅੱਖੀਂ ਦੇਖਣ ਵਾਲਿਆਂ ਨੇ ਦੱਸਿਆ ਕਿ ਸਕੂਟਰੀ ਸਵਾਰ ਤੇ ਗੱਡੀ ਵਾਲੇ ਦੀ ਆਪਸ 'ਚ ਮਾਮੂਲੀ ਜਿਹੀ ਟੱਕਰ ਹੋ ਗਈ | ਇਸ ਗੱਲ ਨੂੰ ਲੈ ਕੇ ਦੋਵਾਂ ਵਿਚਾਲੇ ਬਹਿਸ ਸ਼ੁਰੂ ਹੋ ਗਈ | ਇਹ ਬਹਿਸ ਵੱਧਦੀ ਹੋਈ ਝਗੜੇ ਦਾ ਰੂਪ ਧਾਰਨ ਕਰ ਗਈ | ਇਸੇ ਦੌਰਾਨ ਗੁੱਸੇ 'ਚ ਆਏ ਗੱਡੀ ਸਵਾਰ ਨੇ ਪੈਟਰੋਲ ਲਿਆ ਕੇ ਸਕੂਟਰੀ 'ਤੇ ਪਾ ਕੇ ਅੱਗ ਲਾ ਦਿੱਤੀ ਤਾਂ ਕੁਝ ਹੀ ਸਮੇਂ ਅੰਦਰ ਸਕੂਟਰੀ ਬੁਰੀ ਤਰ੍ਹਾਂ ਸੜ ਗਈ | ਇਸ ਦੌਰਾਨ ਦੋਵੇਂ ਪਾਸੇ ਗੱਡੀਆਂ ਦੀਆਂ ਲਾਈਨਾਂ ਲੱਗ ਗਈਆਂ ਤਾਂ ਆਸ-ਪਾਸ ਦੇ ਲੋਕਾਂ ਨੇ ਨੇੜੇ ਮੌਜੂਦ ਟ੍ਰੈਫਿਕ ਪੁਲਿਸ ਦੇ ਮੁਲਾਜ਼ਮਾਂ ਨੂੰ ਸੂਚਿਤ ਕੀਤਾ | ਜਦੋਂ ਮੁਲਾਜ਼ਮ ਉਥੇ ਆਵਾਜਾਈ ਸੁਚਾਰੂ ਕਰਵਾਉਣ ਲਈ ਆਏ ਤਾਂ ਦੋਵੇਂ ਧਿਰਾਂ ਉਥੋਂ ਖਿਸਕ ਗਈਆਂ | ਇਸ ਸੰਬੰਧੀ ਗੱਲਬਾਤ ਕਰਦਿਆਂ ਥਾਣਾ-2 ਦੇ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਝਗੜੇ ਸੰਬੰਧੀ ਹਾਲੇ ਕਿਸੇ ਵੀ ਧਿਰ ਵਲੋਂ ਕੋਈ ਸ਼ਿਕਾਇਤ ਨਹੀਂ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਐਕਟਿਵਾ 'ਚੋਂ ਮਿਲੇ ਅੱਧ ਸੜੇ ਦਸਤਾਵੇਜ਼ਾਂ ਦੇ ਆਧਾਰ 'ਤੇ ਮਾਲਕ ਦੀ ਸ਼ਨਾਖਤ ਕੀਤੀ ਜਾ ਰਹੀ ਹੈ | ਸ਼ਿਕਾਇਤ ਮਿਲਣ 'ਤੇ ਅਗਲੇਰੀ ਕਾਰਵਾਈ ਕੀਤੀ ਜਾਵੇਗੀ |

ਪਿਛਲੀ ਖ਼ਬਰ ਬਿਜਲੀ ਸੰਕਟ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ ਧਰਨਾ ਅੱਜ-ਸੰਘਾ ਅਗਲੀ ਖ਼ਬਰ ਹੈਰੋਇਨ ਸਮੇਤ ਵਿਅਕਤੀ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।