ਨਕੋਦਰ, 29 ਅਪ੍ਰੈਲ (ਤਿਲਕ ਰਾਜ ਸ਼ਰਮਾ, ਗੁਰਵਿੰਦਰ ਸਿੰਘ)-ਪਿਛਲੇ ਕਈ ਸਾਲਾਂ ਤੋਂ ਸ਼ਹਿਰ 'ਚ ਜੀਅ ਦਾ ਜੰਜਾਲ ਬਣ ਚੁੱਕੀ ਟ੍ਰੈਫਿਕ ਜਾਮ ਦੀ ਸਮੱਸਿਆ ਨੂੰ ਹੱਲ ਕਰਨ ਲਈ ਅੱਜ ਐਸ. ਡੀ. ਐਮ. ਨਕੋਦਰ ਸਿਮਰਨਜੀਤ ਸਿੰਘ ਨੇ ਖੁਦ ਕਮਾਨ ਸੰਭਾਲੀ | ਉਨ੍ਹਾਂ ਨੇ ਨਗਰ ਕੌਂਸਲ ਨਕੋਦਰ ਦੇ ਕਾਰਜਕਾਰੀ ਅਫ਼ਸਰ ਰਣਧੀਰ ਸਿੰਘ ਤੇ ਡੀ. ਐਸ. ਪੀ. ਨਕੋਦਰ ਉਂਕਾਰ ਸਿੰਘ ਬਰਾੜ ਸਮੇਤ ਪੁਲਿਸ ਪਾਰਟੀ ਨੇ ਸ਼ਹਿਰ ਦੇ ਬਾਜ਼ਾਰਾਂ 'ਚ ਜਾ ਕੇ ਦੁਕਾਨਦਾਰਾਂ ਜਿਨ੍ਹਾਂ ਨੇ ਆਪਣਾ ਸਾਮਾਨ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸੀ, ਨੂੰ ਸਾਮਾਨ ਅੰਦਰ ਰੱਖਣ ਲਈ ਚਿਤਾਵਨੀ ਦਿੱਤੀ | ਉਨ੍ਹਾਂ ਕਿਹਾ ਕਿ ਕੱਲ੍ਹ ਤੱਕ ਜਿਸ ਦੁਕਾਨਦਾਰ ਨੇ ਆਪਣਾ ਸਾਮਾਨ ਦੁਕਾਨ ਦੀ ਹੱਦ ਤੋਂ ਬਾਹਰ ਰੱਖਿਆ ਹੋਵੇਗਾ ਉਸ 'ਤੇ ਕਾਰਵਾਈ ਹੋਵੇਗੀ | ਦੁਕਾਨਦਾਰਾਂ ਨੂੰ ਚਿਤਾਵਨੀ ਤੇ ਸਮਝਾਉਣ ਦੀ ਇਹ ਕਾਰਵਾਈ ਬੱਸ ਅੱਡੇ ਤੋਂ ਐਮ. ਸੀ. ਚੌਕ, ਐਮ. ਸੀ. ਚੌਕ ਤੋਂ ਦੱਖਣੀ ਗੇਟ ਅਤੇ ਅੰਬੇਡਕਰ ਚੌਕ ਤੋਂ ਸਬਜ਼ੀ ਮੰਡੀ ਤੱਕ ਜਾਰੀ ਰਹੀ | ਸਬਜ਼ੀ ਮੰਡੀ ਜਿਥੇ ਦੁਕਾਨਦਾਰਾਂ ਨੇ ਦੁਕਾਨਾਂ ਤੋਂ ਕਾਫੀ ਅੱਗੇ ਤੱਕ ਸਬਜ਼ੀ ਲਾਈ ਹੋਈ ਸੀ ਤੇ ਸ਼ੈ ੱਡ ਵਗੈਰਾ ਅੱਗੇ ਲਾਏ ਹੋਏ ਸਨ ਉਨ੍ਹਾਂ ਨੂੰ ਵੀ ਆਪਣੇ ਸ਼ੈੱਡ ਉਤਾਰਨ ਅਤੇ ਸੜਕ 'ਤੇ ਕਬਜ਼ੇ ਹਟਾਉਣ ਦੀ ਚਿਤਾਵਨੀ ਦਿੱਤੀ ਗਈ | ਇਸ ਮੌਕੇ ਕਈ ਦੁਕਾਨਦਾਰਾਂ ਨੂੰ ਨੋਟਿਸ ਦੇਣ ਬਾਰੇ ਵੀ ਈ. ਓ. ਨਗਰ ਕੌਂਸਲ ਨੂੰ ਹਦਾਇਤ ਦਿੱਤੀ ਗਈ | ਅੱਜ ਦੀ ਕਾਰਵਾਈ ਸੰਬੰਧੀ ਕਾਰਜਕਾਰੀ ਅਫ਼ਸਰ ਨਗਰ ਕੌਂਸਲ ਰਣਧੀਰ ਸਿੰਘ ਨੇ ਕਿਹਾ ਕਿ ਟੈ੍ਰਫਿਕ ਜਾਮ ਸਮੱਸਿਆ ਦੇ ਹੱਲ ਲਈ ਕਿਸੇ ਵੀ ਦੁਕਾਨਦਾਰ ਨੂੰ ਸੜਕਾਂ 'ਤੇ ਸਾਮਾਨ ਰੱਖ ਕੇ ਇੰਨਕਰੋਚਮੈਂਟ ਦੀ ਆਗਿਆ ਨਹੀਂ ਦਿੱਤੀ ਜਾਵੇਗੀ, ਅੱਜ ਸਿਰਫ਼ ਚਿਤਾਵਨੀ ਤੇ ਅਪੀਲ ਕੀਤੀ ਗਈ ਹੈ ਕੱਲ੍ਹ ਤੋਂ ਸੜਕਾਂ 'ਤੇ ਪਿਆ ਸਾਮਾਨ ਜ਼ਬਤ ਕੀਤਾ ਜਾਵੇਗਾ | ਉਨ੍ਹਾਂ ਕਿਹਾ ਕਿ ਜਿਨ੍ਹਾਂ ਦੁਕਾਨਦਾਰਾਂ ਨੇ ਸ਼ੈੱਡ ਲਾਏ ਹੋਏ ਹਨ ਉਹ ਖੁਦ ਆਪਣੇ ਸ਼ੈੱਡ ਉਤਾਰ ਲੈਣ ਨਹੀਂ ਤਾਂ ਨਗਰ ਕੌਂਸਲ ਜੇ. ਸੀ. ਬੀ. ਮਸ਼ੀਨ ਦੇ ਨਾਲ ਸ਼ੈੱਡ ਉਤਾਰੇਗੀ | ਉਨ੍ਹਾਂ ਕਿਹਾ ਕਿ ਜੇ ਕੋਈ ਵੀ ਆਪਣੀ ਗੱਡੀ, ਕਾਰ ਬਾਜ਼ਾਰਾਂ 'ਚ ਖੜ੍ਹੀ ਕਰੇਗਾ ਉਸ ਦਾ ਚਲਾਨ ਕੱਟਿਆ ਜਾਵੇਗਾ |