ਜਲੰਧਰ, 30 ਅਪ੍ਰੈਲ (ਐੱਮ. ਐੱਸ. ਲੋਹੀਆ) - ਫੋਰਟਿਸ ਹਸਪਤਾਲ ਮੋਹਾਲੀ ਦੇ ਆਰਥੋਪੀਡਿਕਸ ਸਪਾਈਨ ਵਿਭਾਗ ਦੇ ਸਕੋਲਿਓਸਿਸ ਡਿਵਿਜ਼ਨ ਨੇ 'ਪੀਡੀਆਟਿ੍ਕ ਸਪਾਈਨਲ ਡਿਫਾਰਮਿਟੀਜ਼' (ਬੱਚਿਆਂ ਦੀ ਰੀੜ੍ਹ ਦੀ ਹੱਡੀ ਨਾਲ ਜੁੜੀਆਂ ਗੰਭੀਰ ਬਿਮਾਰੀਆਂ) ਦਾ ਸਫਲ ਇਲਾਜ ਕਰਕੇ ਉਨ੍ਹਾਂ ਦੀ ਜ਼ਿੰਦਗੀ 'ਚ ਵੱਡਾ ਬਦਲਾਅ ਲਿਆਂਦਾ ਹੈ | ਕਾਈਫੋਸਿਸ, ਸਕੋਲਿਓਸਿਸ ਅਤੇ ਜਨਮ ਤੋਂ ਜੁੜੀਆਂ ਰੀੜ੍ਹ ਦੀਆਂ ਸਮੱਸਿਆਵਾਂ ਨਾਲ ਪੀੜਤ ਕਈ ਬੱਚਿਆਂ ਦਾ ਇਲਾਜ ਕਰ ਚੁੱਕੇ ਹਸਪਤਾਲ ਦੇ ਡਾਇਰੈਕਟਰ ਡਾ. ਦੀਪਕ ਜੋਸ਼ੀ ਨੇ ਜਾਣਕਾਰੀ ਦਿੱਤੀ ਕਿ ਉਨ੍ਹਾਂ ਕੋਲ ਇਕ ਮਾਮਲਾ ਜਲੰਧਰ ਤੋਂ ਆਇਆ, ਜਿਸ 'ਚ ਜਨਮ ਤੋਂ ਹੀ ਕਮਰ ਦੇ ਹੇਠਲੇ ਹਿੱਸੇ 'ਚ ਟੇਢੇਪਣ (ਕਾਈਫੋਸਿਸ) ਨਾਲ ਪੀੜਤ 5 ਸਾਲਾ ਬੱਚੀ ਦੀ ਰੀੜ੍ਹ ਦੀ ਹੱਡੀ ਦਾ ਹੇਠਲਾ ਹਿੱਸਾ ਠੀਕ ਤਰੀਕੇ ਨਾਲ ਵਿਕਸਤ ਨਹੀਂ ਹੋਇਆ ਸੀ, ਜਿਸ ਕਾਰਨ ਉਸਦੀ ਕਮਰ 'ਚ ਕੁਬ੍ਹ ਬਣ ਗਿਆ ਸੀ | ਉਨ੍ਹਾਂ ਕਿਹਾ ਕਿ ਜੇਕਰ ਸਮੇਂ 'ਤੇ ਇਲਾਜ ਨਾ ਹੁੰਦਾ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਸਕਦੀ ਸੀ | ਉਨ੍ਹਾਂ ਦੀ ਟੀਮ ਨੇ ਲਗਭਗ 4 ਘੰਟੇ ਚੱਲੀ ਸਰਜਰੀ ਦੌਰਾਨ ਖ਼ਰਾਬ ਹੱਡੀ ਨੂੰ ਠੀਕ ਕਰਕੇ ਰੀੜ੍ਹ ਨੂੰ ਸਿੱਧਾ ਕੀਤਾ ਅਤੇ ਸਕਰੂ ਦੀ ਮਦਦ ਨਾਲ ਉਸਨੂੰ ਸਥਿਰ ਕੀਤਾ | ਡਾ. ਜੋਸ਼ੀ ਨੇ ਦੱਸਿਆ ਕਿ ਇਕ ਹੋਰ ਮਾਮਲਾ 19 ਸਾਲ ਦੀ ਲੜਕੀ ਨੂੰ ਸਕੋਲਿਓਸਿਸ ਦੀ ਸਮੱਸਿਆ ਦਾ ਆਇਆ, ਜਿਸ 'ਚ ਰੀੜ੍ਹ ਇਕ ਪਾਸੇ ਵੱਲ ਮੁੜ ਜਾਂਦੀ ਹੈ ਅਤੇ ਸਰੀਰ ਟੇਢਾ ਦਿਖਾਈ ਦੇਣ ਲੱਗਦਾ ਹੈ | ਉਨ੍ਹਾਂ ਕਿਹਾ ਕਿ ਜਾਂਚ ਤੋਂ ਬਾਅਦ ਉਸਦੀ ਸਰਜਰੀ ਕੀਤੀ ਗਈ, ਜੋ ਲਗਭਗ 3 ਘੰਟੇ ਚੱਲੀ | ਸਰਜਰੀ ਤੋਂ ਤਿੰਨ ਦਿਨ ਬਾਅਦ ਹੀ ਮਰੀਜ਼ ਆਪਣੇ ਪੈਰਾਂ 'ਤੇ ਚੱਲ ਕੇ ਘਰ ਚਲੀ ਗਈ ਅਤੇ ਉਸਦੀ ਲੰਬਾਈ 'ਚ ਵੀ ਲਗਭਗ 3 ਇੰਚ ਦਾ ਵਾਧਾ ਹੋਇਆ | ਡਾ. ਜੋਸ਼ੀ ਨੇ ਦੱਸਿਆ ਕਿ ਕਾਈਫੋਸਿਸ ਅਤੇ ਸਕੋਲਿਓਸਿਸ ਵਰਗੀਆਂ ਬਿਮਾਰੀਆਂ ਕਈ ਵਾਰ ਸਮੇਂ 'ਤੇ ਪਤਾ ਨਹੀਂ ਲੱਗਦੀਆਂ, ਪਰ ਜੇ ਇਲਾਜ 'ਚ ਦੇਰੀ ਹੋ ਜਾਵੇ ਤਾਂ ਇਹ ਗੰਭੀਰ ਰੂਪ ਧਾਰ ਸਕਦੀਆਂ ਹਨ ਅਤੇ ਦਿਲ ਤੇ ਫੇਫੜਿਆਂ ਦੇ ਕੰਮ 'ਤੇ ਅਸਰ ਪਾ ਸਕਦੀਆਂ ਹਨ |