ਜਲੰਧਰ, 30 ਅਪ੍ਰੈਲ (ਜਤਿੰਦਰ ਪੰਮੀ)- ਜ਼ਿਲ੍ਹਾ ਬਾਰ ਐਸੋਸੀਏਸਨ ਵਲੋਂ ਵਕੀਲਾਂ ਨਾਲ ਹੋ ਰਹੀ ਏਨਿਸਾਫ਼ੀ ਦੇ ਖ਼ਿਲਾਫ਼ ਵੀਰਵਾਰ ਨੂੰ ਹੜਤਾਲ ਕਰਕੇ ਪੂਰੀ ਤਰ੍ਹਾਂ ਕੰਮਕਾਜ ਠੱਪ ਰੱਖਿਆ ਗਿਆ | ਇਸ ਦੇ ਨਾਲ ਹੀ ਵਕੀਲਾਂ ਕੋਰਟ ਕੰਪਲੈਕਸ ਅੰਦਰ ਸ਼ਾਂਤਮਈ ਪ੍ਰਦਰਸ਼ਨ ਵੀ ਕੀਤਾ | ਇਹ ਹੜਤਾਲ ਕਾਰਜਕਾਰੀ ਪ੍ਰਧਾਨ ਰਾਮ ਛਾਬੜਾ ਤੇ ਸਕੱਤਰ ਰੋਹਿਤ ਗੰਭੀਰ ਦੀ ਅਗਵਾਈ ਹੇਠ ਹੋਈ, ਜਿਸ ਵਿੱਚ ਵੱਡੀ ਗਿਣਤੀ ਵਕੀਲਾਂ ਨੇ ਹਿੱਸਾ ਲਿਆ | ਉਕਤ ਆਗੂਆਂ ਨੇ ਦੱਸਿਆ ਕਿ ਮੀਟਿੰਗ ਦੌਰਾਨ ਇਹ ਗੰਭੀਰ ਮਸਲਾ ਚੁੱਕਿਆ ਗਿਆ ਕਿ ਵਕੀਲ ਮਨੀ ਮਹਾਜਨ ਨੇ ਸੈਂਟ੍ਰਲ ਟਾਊਨ ਵਿੱਚ ਛੋਟਾ ਪਲਾਟ ਪੂਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਖਰੀਦਿਆ ਹੈ, ਜਿਸ ਦਾ ਨਕਸ਼ਾ ਨਿਗਮ ਵਲੋਂ ਪਾਸ ਕੀਤਾ ਗਿਆ ਹੈ | ਸਾਰੀਆਂ ਕਾਨੂੰਨੀ ਕਾਰਵਾਈਆਂ ਪੂਰੀਆਂ ਕਰਦੇ ਹੋਏ ਉਨ੍ਹਾਂ ਨੇ ਆਪਣੇ ਘਰ ਦਾ ਨਿਰਮਾਣ ਕੰਮ ਸ਼ੁਰੂ ਕੀਤਾ | ਇਸ ਦੇ ਬਾਵਜੂਦ ਕੁਝ ਸ਼ਰਾਰਤੀ ਤੱਤ ਤੇ ਸਥਾਨਕ ਨਿਵਾਸੀ ਉਨ੍ਹਾਂ ਨੂੰ ਲਗਾਤਾਰ ਤੰਗ ਕਰ ਰਹੇ ਹਨ ਅਤੇ ਝੂਠੀਆਂ ਸ਼ਿਕਾਇਤਾਂ ਨਿਗਮ ਵਿੱਚ ਦੇ ਕੇ ਨਿਰਮਾਣ ਰੁਕਵਾਉਣ ਦੀ ਕੋਸ਼ਿਸ਼ ਕਰ ਰਹੇ ਹਨ | ਇਸ ਸੰਬੰਧੀ ਪਹਿਲਾਂ ਹੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਜਾ ਚੁੱਕੀ ਹੈ ਪਰ ਹੁਣ ਤੱਕ ਕੋਈ ਪ੍ਰਭਾਵਸਾਲੀ ਕਾਰਵਾਈ ਨਹੀਂ ਕੀਤੀ ਗਈ | ਡੀ.ਬੀ.ਏ. ਦੇ ਪ੍ਰਧਾਨ ਰਾਮ ਛਾਬੜਾ ਤੇ ਸਕੱਤਰ ਰੋਹਿਤ ਗੰਭੀਰ ਨੇ ਦੱਸਿਆ ਕਿ ਬੀਤੇ ਦਿਨੀਂ ਮੁਹੱਲੇ ਦੀਆਂ ਕੁਝ ਔਰਤਾਂ ਵਕੀਲ ਮਨੀ ਮਹਾਜਨ ਦੇ ਨਿਰਮਾਣ ਸਥਾਨ 'ਤੇ ਪਹੁੰਚ ਗਈਆਂ | ਉਨ੍ਹਾਂ ਔਰਤਾਂ ਨੇ ਵਕੀਲ ਮਨੀ ਮਹਾਜਨ ਤੇ ਉਨ੍ਹਾਂ ਦੀ ਧਰਮਪਤੀ ਨਾਲ ਬਦਤਮੀਜੀ, ਗਾਲੀ-ਗਲੌਚ ਅਤੇ ਧੱਕਾਮੁੱਕੀ ਕੀਤੀ | ਇਸ ਘਟਨਾ ਦੀ ਸ਼ਿਕਾਇਤ ਤੁਰੰਤ ਥਾਣਾ ਡਿਵੀਜਨ ਨੰਬਰ 3 ਦੇ ਐਸ.ਐਚ.ਓ. ਨੂੰ ਦਿੱਤੀ ਗਈ | ਉਕਤ ਆਗੂਆਂ ਨੇ ਕਿਹਾ ਕਿ ਇਸ ਤੋਂ ਇਲਾਵਾ ਜੋ ਵਕੀਲ ਮਨੀ ਮਹਾਜਨ ਦਾ ਸਮਰਥਨ ਕਰ ਰਹੇ ਹਨ, ਉਨ੍ਹਾਂ ਨੂੰ ਵੀ ਕੁਝ ਵਿਅਕਤੀਆਂ ਵੱਲੋਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ | ਬਾਰ ਐਸੋਸੀਏਸਨ ਨੇ ਇਹ ਵੀ ਕਿਹਾ ਕਿ ਇਸ ਸਾਰੇ ਮਾਮਲੇ ਦੀ ਜਾਣਕਾਰੀ ਸੀਨੀਅਰ ਪੁਲਿਸ ਅਧਿਕਾਰੀਆਂ ਨੂੰ ਹੈ ਪਰ ਹੁਣ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਕੀਤੀ ਗਈ, ਜਿਸ ਕਾਰਨ ਵਕੀਲਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ 1 ਮਈ ਨੂੰ ਜ਼ਿਲ੍ਹਾ ਬਾਰ ਐਸੋਸੀਏਸ਼ਨ ਵਿੱਚ ਕੰਮਕਾਜ ਪੂਰੀ ਤਰ੍ਹਾਂ ਬੰਦ ਰੱਖਿਆ ਜਾਵੇਗਾ | ਇਸ ਮੌਕੇ ਜ਼ਿਲ੍ਹਾ ਬਾਰ ਐਸੋਸੀਏਸਨ ਦੇ ਜੂਨੀਅਰ ਵਾਈਸ ਪ੍ਰਧਾਨ ਸੂਰਜ ਪ੍ਰਤਾਪ ਸਿੰਘ, ਜੁਆਇੰਟ ਸਕੱਤਰ ਸਾਹਿਲ ਮਲਹੋਤਰਾ, ਅਸਿਸਟੈਂਟ ਸਕੱਤਰ ਸੋਨਾਲਿਕਾ, ਐਗਜ਼ੀਕਿਊਟਿਵ ਮੈਂਬਰ ਪ੍ਰਭੂ ਧੀਰ, ਅਮਾਨਤ ਭਗਤ, ਵਿਜੈ ਮਿਸ਼ਰਾ, ਪਾਰਸ ਚੌਧਰੀ, ਮੇਹੁਲ ਖੰਨਾ, ਨੇਹਾ ਅੱਤਰੀ ਤੋਂ ਇਲਾਵਾ ਸੀਨੀਅਰ ਵਕੀਲ ਮਨਦੀਪ ਸਿੰਘ ਸਚਦੇਵਾ, ਸਾਬਕਾ ਪ੍ਰਧਾਨ ਆਦਿਤਿਆ ਜੈਨ, ਗੁਰਮੇਲ ਸਿੰਘ ਲਿੱਧੜ, ਰਾਜਕੁਮਾਰ ਭੱਲਾ, ਉਮੇਸ਼ ਓਹਰੀ, ਨਵਤੇਜ ਸਿੰਘ ਮਿਨਹਾਸ, ਵਿਜਯੇਸ਼ ਬਖਸ਼ੀ, ਕਿਸ਼ਨ ਕੁਮਾਰ, ਛਾਇਆ ਕੁੱਲਰ, ਪ੍ਰਦੀਪ ਕੁਮਾਰ, ਹਰਮਨਪ੍ਰੀਤ ਸਿੰਘ ਜੌਹਲ, ਰਤਨ ਦੂਆ, ਸੰਦੀਪ ਵਰਮਾ, ਅਮਰਿੰਦਰ ਸਿੰਘ, ਕੁਨਾਲ ਗੋਇਲ, ਸਵੀਟੀ ਸੋਹਲ, ਰਾਕੇਸ਼ ਧੀਰ, ਸੰਨੀ ਕੁਮਾਰ, ਰਾਮਪਾਲ ਸ਼ਰਮਾ, ਗੌਰਵ ਅਨੰਤ, ਭਰਤ ਮਹਾਜਨ, ਅਪੂਰਵਾ ਬਖਸ਼ੀ, ਰੋਹਿਤ ਮਸੀਹ, ਓਪਿੰਦਰ ਸਿੰਘ, ਸੰਜੀਵ ਬੰਸਲ, ਬਲਵਿੰਦਰ ਸਿੰਘ ਲੱਕੀ, ਰੋਬਿਨ ਸੇਠੀ, ਨਿਖਿਲ ਸ਼ਰਮਾ, ਜਗਤਪਾਲ ਮੈਣੀ ਸਮੇਤ ਹੋਰ ਕਈ ਵਕੀਲ ਵੀ ਮੌਜੂਦ ਸਨ |