04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-06-2026

ਬਾਜਵਾ ਕਲਾਂ ਦੇ ਛਿੰਝ ਮੇਲੇ ’ਚ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ’ਚ ਭਿੜੇ

ਅਜੀਤ ਡੈਸਕ 27-06-2026
ਸ਼ਾਹਕੋਟ, 26 ਜੂਨ (ਦਲਜੀਤ ਸਿੰਘ ਸਚਦੇਵਾ, ਸੁਖਦੀਪ ਸਿੰਘ)- ਸ਼ਾਹਕੋਟ ਦੇ ਨਜ਼ਦੀਕੀ ਪਿੰਡ ਬਾਜਵਾ ਕਲਾਂ ’ਚ ਛਿੰਝ ਮੇਲੇ ਦੌਰਾਨ ਉਸ ਸਮੇਂ ਭਾਜੜ ਪੈ ਗਈ, ਜਦ ਸ਼ਾਹਕੋਟ ਇਲਾਕੇ ਦੇ ਦੋ ਨਾਮੀ ਪਹਿਲਵਾਨ ਤੇ ਉਨ੍ਹਾਂ ਦੇ ਸਮਰਥਕ ਆਪਸ ਵਿਚ ਭਿੜ ਗਏ। ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਅੱਜ ਸ਼ਾਮ ਸਮੇਂ ਪਿੰਡ ਬਾਜਵਾ ਕਲਾਂ ’ਚ ਬਾਬਾ ਸੁਖਚੈਨ ਦਾਸ ਜੀ ਦੇ ਸਾਲਾਨਾ ਜੋੜ ਮੇਲੇ ਦੇ ਸੰਬੰਧ ਵਿਚ ਗ੍ਰਾਮ ਪੰਚਾਇਤ ਤੇ ਪਤਵੰਤੇ ਸੱਜਣਾਂ ਵਲੋਂ ਛਿੰਝ ਮੇਲਾ ਕਰਵਾਇਆ ਗਿਆ। ਸ਼ਾਮ ਕਰੀਬ 7 ਵਜੇ ਛਿੰਝ ਮੇਲੇ ਦੌਰਾਨ ਨਵਾਂ ਪਿੰਡ ਅਕਾਲੀਆਂ ਦਾ ਇਕ ਨਾਮੀ ਪਹਿਲਵਾਨ ਜੋ ਰੈਫ਼ਰੀ ਬਣ ਕੇ ਕੁਸ਼ਤੀਆਂ ਕਰਵਾ ਰਿਹਾ ਸੀ, ਜਿਸ ਨੂੰ ਲੈ ਕੇ ਹੋਰਨਾਂ ਪਹਿਲਵਾਨਾਂ ਤੇ ਪਿੰਡ ਦੇ ਲੋਕਾਂ ਨੇ ਇਤਰਾਜ਼ ਜਤਾਇਆ। ਇਸ ਬਾਰੇ ਸਟੇਜ ਤੋਂ ਅਨਾਊਂਮੈਂਟ ਵੀ ਕਰਵਾ ਦਿੱਤੀ ਗਈ। ਅਨਾਊਂਸਮੈਂਟ ਹੋਣ ’ਤੇ ਉਸ ਪਹਿਲਵਾਨ ਨੇ ਬੜ੍ਹੀ ਨਮੋਸ਼ੀ ਮਹਿਸੂਸ ਕੀਤੀ ਤੇ ਗੁੱਸੇ ਵਿਚ ਆ ਕੇ ਆਪਣੇ ਸਮਰਥਕਾਂ ਸਮੇਤ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਨਾਲ ਹੱਥੋਂਪਾਈ ਕੀਤੀ। ਇਸ ਦੌਰਾਨ ਦੋਨਾਂ ਪਹਿਲਵਾਨਾਂ ਤੇ ਉਨ੍ਹਾਂ ਦੇ ਸਮਰਥਕਾਂ ਵਿਚਾਲੇ ਕੁਰਸੀਆਂ ਤੇ ਡਾਂਗਾਂ ਚੱਲੀਆਂ। ਇਸ ਦੌਰਾਨ ਨਵਾਂ ਪਿੰਡ ਅਕਾਲੀਆਂ ਦੇ ਪਹਿਲਵਾਨ ਨੇ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ’ਤੇ ਕੁੁਰਸੀ ਨਾਲ ਵਾਰ ਕੀਤਾ, ਜੋ ਉਸ ਦੇ ਸਿਰ ’ਤੇ ਲੱਗਾ। ਪਹਿਲਵਾਨਾਂ ਦੇ ਆਪਸ ਵਿਚ ਭਿੜ ਜਾਣ ਨਾਲ ਛਿੰਝ ਮੇਲੇ ਵਿਚ ਭਾਜੜ ਪੈ ਗਈ ਤੇ ਛਿੰਝ ਮੇਲਾ ਬੰਦ ਕਰਵਾਉਣਾ ਪੈਣਾ। ਝਗੜੇ ਤੋਂ ਬਾਅਦ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਤੇ ਉਸ ਦੇ ਸਮਰਥਕ ਪਹਿਲਵਾਨ ਨੂੰ ਜ਼ਖ਼ਮੀ ਹਾਲਤ ਵਿਚ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ। ਘਟਨਾ ਦਾ ਪਤਾ ਲੱਗਣ ’ਤੇ ਸ਼ਾਹਕੋਟ ਇਲਾਕੇ ਦੇ ਪਤਵੰਤੇ ਸੱਜਣ ਸਤੀਸ਼ ਰਿਹਾਨ ਸਾਬਕਾ ਪ੍ਰਧਾਨ, ਬੂਟਾ ਸਿੰਘ ਕਲਸੀ ਐੱਮ.ਸੀ, ਮਨਜੀਤ ਸਿੰਘ ਸੱਤਾ ਟਰਾਂਸਪੋਰਟਰ, ਜਗਤਾਰ ਸਿੰਘ ਤਾਰੀ ਖ਼ਾਲਸਾ ਪ੍ਰਧਾਨ,, ਮਨਜੀਤ ਚੋਪੜ, ਸੁਰਿੰਦਰਜੀਤ ਸਿੰਘ ਚੱਠਾ, ਬਲਾਕ ਪ੍ਰਧਾਨ ਕਾਂਗਰਸ ਤੇ ਹੋਰ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਪਹੁੰਚੇ। ਝਗੜੇ ਦੌਰਾਨ ਪਿੰਡ ਢੰਡੋਵਾਲ ਦੇ ਨਾਮੀ ਪਹਿਲਵਾਨ ਦੇ ਸਿਰ ’ਤੇ ਸੱਟ ਲੱਗੀ ਹੈ ਜਦ ਕਿ ਸ਼ਾਹਕੋਟ ਦੇ ਇਕ ਪਹਿਲਵਾਨ ਦੀ ਬਾਂਹ ਟੁੱਟ ਗਈ। ਐਮਰਜੈਂਸੀ ਡਿਊਟੀ ’ਤੇ ਮੌਜੂਦ ਡਾਕਟਰ ਵਲੋਂ ਮੁੱਢਲੀ ਸਹਾਇਤਾ ਦੇਣ ਉਪਰੰਤ ਦੋਨਾਂ ਪਹਿਲਵਾਨਾਂ ਨੂੰ ਰੈਫ਼ਰ ਕਰ ਦਿੱਤਾ ਗਿਆ। ਇਸ ਦੌਰਾਨ ਸਰਕਾਰੀ ਹਸਪਤਾਲ ਸ਼ਾਹਕੋਟ ਵਿਖੇ ਏ.ਐੱਸ.ਆਈ ਸੁਖਵੰਤ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ, ਜਿਨ੍ਹਾਂ ਵਲੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਇਸ ਝਗੜੇ ਦੌਰਾਨ ਇਕ ਧਿਰ ਦੇ ਦੋ ਪਹਿਲਵਾਨ ਜ਼ਖ਼ਮੀ ਹੋਏ ਹਨ ਜਦ ਕਿ ਦੂਜੀ ਧਿਰ ਦੇ ਪਹਿਲਵਾਨਾਂ ਦੇ ਜ਼ਖ਼ਮੀ ਤੇ ਹਸਪਤਾਲ ਦਾਖ਼ਲ ਹੋਣ ਬਾਰੇ ਕੁਝ ਵੀ ਪਤਾ ਨਹੀਂ ਚੱਲ ਸਕਿਆ।
ਪਿਛਲੀ ਖ਼ਬਰ ਨਿਰਮਲ ਕੁਟੀਆ ਆਦਮਪੁਰ ਵਿਖੇ ਸੰਤ ਵਤਨ ਸਿੰਘ ਦਾ ਸਾਲਾਨਾ ਬਰਸੀ ਸਮਾਗਮ 29 ਨੂੰ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਹਰਵਿੰਦਰ ਸਿੰਘ ਰਿੰਕੂ ਨੂੰ ਸੌਂਪੀ ਯੂਥ ਅਕਾਲੀ ਸ਼ਹਿਰੀ ਪ੍ਰਧਾਨ ਦੀ ਜ਼ਿੰਮੇਵਾਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।