ਜਲੰਧਰ, 23 ਜੁਲਾਈ (ਐੱਮ. ਐੱਸ. ਲੋਹੀਆ)- ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਪ੍ਰਸਤੀ ਹੇਠ ਸਿੱਖ ਰਾਜਨੀਤਿਕ ਏਕਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੁੜ-ਉਭਾਰ ਲਈ ਚੁੱਕੇ ਗਏ ਕਦਮਾਂ ‘ਤੇ ਆਪਣਾ ਪੱਖ ਸਪਸ਼ਟ ਕਰਦਿਆਂ ਪੰਥਕ ਆਗੂ ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵਲੋਂ ਸਿੱਖ ਰਾਜਨੀਤਿਕ ਧਿਰਾਂ ਨੂੰ ਇਕ ਸਾਂਝੇ ਮੰਚ ’ਤੇ ਲਿਆਉਣ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜੋ ਕਿ ਇਕ ਇਤਿਹਾਸਕ, ਦੂਰਅੰਦੇਸ਼ੀ ਅਤੇ ਸਮੇਂ ਦੀ ਲੋੜ ਅਨੁਸਾਰ ਚੁੱਕਿਆ ਗਿਆ ਵਡਮੁੱਲਾ ਕਦਮ ਸੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਸ ਉਪਰਾਲੇ ਦੀ ਅਸਲ ਸਫ਼ਲਤਾ ਇਸ ਨੁਕਤੇ ’ਚ ਹੈ ਕਿ ਸਿਰਫ਼ ਸਿਆਸੀ ਧਿਰਾਂ ਦੇ ਆਪਸੀ ਸਮਝੌਤਿਆਂ ਤੱਕ ਸੀਮਿਤ ਨਹੀਂ ਰਹਿਣਾ ਚਾਹੀਦਾ, ਸਗੋਂ ਪੰਥ ਤੇ ਪੰਜਾਬ ਦੇ ਗੰਭੀਰ ਮੁੱਦਿਆਂ ’ਤੇ ਇਕ ਵਿਆਪਕ ਸਾਂਝਾ ਦ੍ਰਿਸ਼ਟੀਕੋਣ, ਰੂਪ-ਰੇਖਾ ਅਤੇ ਏਜੰਡਾ ਪੰਜਾਬ ਦੇ ਲੋਕਾਂ ਤੇ ਪੰਥ ਸਾਹਮਣੇ ਰੱਖਣਾ ਚਾਹੀਦਾ ਹੈ। ਬਾਬਾ ਸਰਬਜੋਤ ਸਿੰਘ ਬੇਦੀ ਨੇ ਕਿਹਾ ਕਿ ਅੱਜ ਸਭ ਤੋਂ ਵੱਡੀ ਲੋੜ ਸਿਰਫ਼ ਸਿਆਸੀ ਧਿਰਾਂ ਨੂੰ ਇਕੱਠਾ ਕਰਨ ਦੀ ਨਹੀਂ, ਸਗੋਂ ਉਨ੍ਹਾਂ ਕਾਰਨਾਂ ਦੀ ਨਿਰਪੱਖ ਪੜਤਾਲ ਕਰਨ ਦੀ ਹੈ, ਜਿਨ੍ਹਾਂ ਕਰਕੇ ਸਿੱਖ ਪੰਥ ਦੀ ਪ੍ਰਤੀਨਿਧ ਜਮਾਤ ਮੰਨੇ ਜਾਣ ਵਾਲਾ ਸ਼੍ਰੋਮਣੀ ਅਕਾਲੀ ਦਲ ਅੱਜ ਇਸ ਗੰਭੀਰ ਦੌਰ ’ਚ ਪਹੁੰਚ ਗਿਆ ਹੈ। ਉਨ੍ਹਾਂ ਕਿਹਾ, “ਜਦੋਂ ਤੱਕ ਅਸੀਂ ਆਪਣੇ ਸੰਕਟ ਦੀ ਜੜ੍ਹ ਤੱਕ ਨਹੀਂ ਪਹੁੰਚਦੇ, ਤਦ ਤੱਕ ਕੋਈ ਵੀ ਰਾਜਨੀਤਿਕ ਏਕਤਾ ਸਥਾਈ ਅਤੇ ਪ੍ਰਭਾਵਸ਼ਾਲੀ ਸਾਬਤ ਨਹੀਂ ਹੋ ਸਕਦੀ’’। ਉਨ੍ਹਾਂ ਕਿਹਾ ‘‘ਅਸੀਂ ਹਾਲੇ ਤੱਕ ਅਕਾਲੀ ਦਲ ਨੂੰ ਪੰਥਕ ਭਾਵਨਾਵਾਂ ਅਨੁਸਾਰ ਪੂਰੀ ਤਰ੍ਹਾਂ ਉਸਾਰ ਨਹੀਂ ਸਕੇ।” ‘ਬਾਬਾ ਬੇਦੀ ਨੇ ਸੁਝਾਅ ਦਿੱਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਹੇਠ ਸਮਾਜ ਦੇ ਹਰ ਵਰਗ ਨਾਲ ਵਿਸਤ੍ਰਿਤ ਵਿਚਾਰ-ਵਟਾਂਦਰਾ ਕੀਤਾ ਜਾਵੇ। ਇਸ ’ਚ ਪੰਥ ਦੇ ਵਿਦਵਾਨ, ਚਿੰਤਕ, ਧਾਰਮਿਕ ਆਗੂ, ਸਾਬਕਾ ਪ੍ਰਸ਼ਾਸਕ, ਕਿਸਾਨ ਜਥੇਬੰਦੀਆਂ, ਉਦਯੋਗਪਤੀ, ਸਿੱਖਿਆ ਸ਼ਾਸਤਰੀ, ਨੌਜਵਾਨ, ਪ੍ਰਵਾਸੀ ਸਿੱਖ ਤੇ ਉਹ ਸਾਰੇ ਪੰਥ ਦਰਦੀ ਸ਼ਾਮਲ ਕੀਤੇ ਜਾਣ, ਜੋ ਕਿਸੇ ਕਾਰਨ ਅਕਾਲੀ ਸਿਆਸਤ ਤੋਂ ਦੂਰ ਹੋ ਗਏ ਹਨ।