ਜਲੰਧਰ, 24 ਜੁਲਾਈ (ਪਵਨ ਖਰਬੰਦਾ)- ਨੀਟ ਪ੍ਰੀਖਿਆ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਬੇਨਿਯਮੀਆਂ, ਪੇਪਰ ਲੀਕ ਤੇ ਪ੍ਰਣਾਲੀ ਦੀ ਨਾਕਾਮੀ ਦੇ ਵਿਰੋਧ ਵਿੱਚ ਯੂਥ ਕਾਂਗਰਸ (ਜਲੰਧਰ ਸ਼ਹਿਰੀ) ਦੇ ਪ੍ਰਧਾਨ ਅੰਗਦ ਦੱਤਾ ਨੇ ਜਲੰਧਰ ਦੇ ਸਾਰੇ ਵਿਦਿਆਰਥੀਆਂ, ਨੌਜਵਾਨ ਸੰਸਥਾਵਾਂ ਅਤੇ ਜਾਗਰੂਕ ਨਾਗਰਿਕਾਂ ਨੂੰ ਸ਼ਨੀਵਾਰ 25 ਜੁਲਾਈ ਨੂੰ ਹੋਣ ਵਾਲੇ ਦੋ ਸ਼ਾਂਤਮਈ ਪ੍ਰਦਰਸ਼ਨਾਂ ਵਿੱਚ ਵੱਡੀ ਗਿਣਤੀ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ। ਅੰਗਦ ਦੱਤਾ ਨੇ ਕਿਹਾ ਕਿ ਦੇਸ਼ ਦੇ ਲੱਖਾਂ ਵਿਦਿਆਰਥੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਲਾਂ ਤੱਕ ਦਿਨ-ਰਾਤ ਮਿਹਨਤ ਕਰਦੇ ਹਨ, ਪਰ ਭ੍ਰਿਸ਼ਟਾਚਾਰ ਅਤੇ ਪ੍ਰਸ਼ਾਸਨਿਕ ਨਾਕਾਮੀ ਉਨ੍ਹਾਂ ਦੇ ਭਵਿੱਖ ਨਾਲ ਖਿਲਵਾੜ ਕਰ ਰਹੀ ਹੈ । ਉਨ੍ਹਾਂ ਕਿਹਾ ਕਿ ਨਿਰਪੱਖ ਤੇ ਪਾਰਦਰਸ਼ੀ ਪ੍ਰੀਖਿਆ ਪ੍ਰਣਾਲੀ ਹਰ ਵਿਦਿਆਰਥੀ ਦਾ ਬੁਨਿਆਦੀ ਅਧਿਕਾਰ ਹੈ, ਕੋਈ ਵਿਸ਼ੇਸ਼ ਸਹੂਲਤ ਨਹੀਂ। ਅਸੀ ਆਪਣੇ ਵਿਦਿਆਰਥੀਆਂ ਦੇ ਨਾਲ ਡੱਟ ਕੇ ਖੜ੍ਹੇ ਹਾਂ ਅਤੇ ਜਵਾਬਦੇਹੀ, ਪ੍ਰਣਾਲੀ ਵਿੱਚ ਸੁਧਾਰ ਅਤੇ ਇਨਸਾਫ਼ ਦੀ ਮੰਗ ਕਰਦੇ ਹਾਂ। ਅੰਗਦ ਦੱਤਾ ਨੇ ਦੱਸਿਆ ਕਿ 25 ਜੁਲਾਈ ਨੂੰ ਪੁੱਡਾ ਗਰਾਊਂਡ (ਤਹਿਸੀਲ ਕੰਪਲੈਕਸ ਦੇ ਸਾਹਮਣੇ, ਡੀਸੀ ਦਫ਼ਤਰ ਦੇ ਨੇੜੇ, ਜਲੰਧਰ ਸਵੇਰੇ 9 ਵਜੇ ਤੋਂ ਸਰਕਾਰ ਖ਼ਿਲਾਫ਼ ਰੋਸ ਜਤਾਇਆ ਜਾਵੇਗਾ ਉਪਰੰਤ ਸ਼ਾਮ ਸਾਢੇ 5 ਵਜੇ ਨਾਅਰਾ ਅਤੇ ਬੈਨਰ ਮਾਰਚ ਕੱਢਿਆ ਜਾਵੇਗਾ। ਉਨ੍ਹਾਂ ਕਿਹਾ 26 ਜੁਲਾਈ ਨੂੰ ਦੇਸ਼-ਪੱਧਰੀ ਅੰਦੋਲਨ ਦੇ ਸਮਰਥਨ ਵਿੱਚ 24 ਘੰਟਿਆਂ ਦੀ ਭੁੱਖ ਹੜਤਾਲ ਅਤੇ ਨੀਟ ਪੇਪਰ ਲੀਕ ਵਿਰੋਧੀ ਵਿਸ਼ਾਲ ਪ੍ਰਦਰਸ਼ਨ ਕੰਪਨੀ ਬਾਗ ਚੌਂਕ- ਸ਼੍ਰੀ ਰਾਮ ਚੌਂਕ ਜਲੰਧਰ ਵਿਖੇ 5 ਵਜੇ ਕੀਤਾ ਜਾਵੇਗਾ । ਪ੍ਰਧਾਨ ਅੰਗਦ ਦੱਤਾ ਨੇ ਕਿਹਾ ਕਿ ਸਾਡੀਆਂ ਮੁੱਖ ਮੰਗਾ ਕੇਂਦਰੀ ਸਿੱਖਿਆ ਮੰਤਰੀ ਦਾ ਤੁਰੰਤ ਅਸਤੀਫ਼ਾ, ਭਵਿੱਖ ਵਿੱਚ ਪੇਪਰ ਲੀਕ ਰੋਕਣ ਲਈ ਐਨਟੀਏ ਦਾ ਪੂਰਨ ਪੁਨਰਗਠਨ। ਨੀਟ ਘਪਲੇ ’ਤੇ ਸੰਸਦ ਵਿੱਚ ਵਿਸਥਾਰ ਨਾਲ ਚਰਚਾ । ਪੇਪਰ ਲੀਕ ਮਾਫੀਆ ਖ਼ਿਲਾਫ਼ ਸਖ਼ਤ ਕਾਨੂੰਨੀ ਕਾਰਵਾਈ । ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ’ਤੇ ਲਾਠੀਚਾਰਜ ਅਤੇ ਅੱਥਰੂ ਗੈਸ ਦੀ ਵਰਤੋਂ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕਰਨਾ ਆਦਿ ਹਨ। ਅੰਗਦ ਦੱਤਾ ਨੇ ਜਲੰਧਰ ਦੇ ਸਾਰੇ ਨੌਜਵਾਨਾਂ, ਵਿਦਿਆਰਥੀਆਂ ਅਤੇ ਜਾਗਰੂਕ ਨਾਗਰਿਕਾਂ ਨੂੰ ਵੱਡੀ ਗਿਣਤੀ ਵਿੱਚ ਪਹੁੰਚ ਕੇ ਸ਼ਾਂਤਮਈ ਅਤੇ ਲੋਕਤੰਤਰਿਕ ਢੰਗ ਨਾਲ ਆਪਣੀ ਆਵਾਜ਼ ਬੁਲੰਦ ਕਰਨ ਦੀ ਅਪੀਲ ਕੀਤੀ।