ਜਲੰਧਰ, 11 ਨਵੰਬਰ (ਐੱਮ. ਐੱਸ. ਲੋਹੀਆ)- ਪੰਜਾਬ ਸਾਹਿਤਕ ਮੰਚ ਜਲੰਧਰ ਅਤੇ ਵਿਰਸਾ ਵਿਹਾਰ ਜਲੰਧਰ ਵਲੋਂ ਕਵੀ ਦਰਬਾਰ ਕਰਵਾਇਆ ਗਿਆ, ਜਿਸ ’ਚ ਨੈਸ਼ਨਲ ਬੁੱਕ ਟਰੱਸਟ ਇੰਡੀਆ ਦੇ ਸਾਬਕਾ ਡਾਇਰੈਕਟਰ ਬਲਦੇਵ ਸਿੰਘ ‘ਬੱਦਨ’ ਨੇ ਬਤੌਰ ਮੁੱਖ ਮਹਿਮਾਨ ਤੇ ਪੰਜਾਬ ਸਾਹਿਤਕ ਮੰਚ ਜਲੰਧਰ ਦੇ ਮੈਂਬਰ ਕੀਮਤੀ ਕੈਸਰ ਨੇ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕੀਤੀ। ਪ੍ਰਧਾਨਗੀ ਮੰਡਲ ’ਚ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦੇ ਨਾਲ-ਨਾਲ ਵਿਰਸਾ ਵਿਹਾਰ ਦੇ ਵਾਇਸ ਚੇਅਰਮੈਨ ਸੰਗਤ ਰਾਮ, ਮੰਚ ਦੇ ਚੇਅਰਮੈਨ ਅਵਤਾਰ ਸਿੰਘ ਬੈਂਸ, ਉੱਪ ਪ੍ਰਧਾਨ ਸੁਖਦੇਵ ਸਿੰਘ ਗੰਢਵਾਂ ਸੁਸ਼ੋਭਿਤ ਸਨ। ਸਟੇਜ ਸਕੱਤਰ ਦੀ ਭੂਮਿਕਾ ਜਨਰਲ ਸਕੱਤਰ ਹਰਜਿੰਦਰ ਸਿੰਘ ਜਿੰਦੀ ਅਤੇ ਖਜ਼ਾਨਚੀ ਅਮਰ ਸਿੰਘ ਅਮਰ ਨੇ ਬਾਖੂਬੀ ਨਿਭਾਈ। ਸੁਖਦੇਵ ਸਿੰਘ ਗੰਢਵਾਂ ਵਲੋਂ ਸਭ ਦਾ ਸਵਾਗਤ ਕਰਦੇ ਹੋਏ ਆਪਣੀ ਰਚਨਾ ਨਾਲ ਕਵੀ ਦਰਬਾਰ ਦੀ ਅਰੰਭਤਾ ਕੀਤੀ ਗਈ। ਪ੍ਰਧਾਨ ਕੁਲਵਿੰਦਰ ਸਿੰਘ ਗਾਖਲ ਵਲੋਂ ਮੁੱਖ ਮਹਿਮਾਨ ਤੇ ਵਿਸ਼ੇਸ਼ ਮਹਿਮਾਨ ਦੀਆਂ ਸਾਹਿਤਕ ਪ੍ਰਾਪਤੀਆਂ ਦੀ ਜਾਣਕਾਰੀ ਸਾਂਝੀ ਕੀਤੀ ਗਈ। ਮੁੱਖ ਮਹਿਮਾਨ ਬਲਦੇਵ ਸਿੰਘ ‘ਬੱਦਨ’ ਨੇ ਪੰਜਾਬ ਸਾਹਿਤਕ ਮੰਚ ਜਲੰਧਰ ਵਲੋਂ ਕੀਤੀ ਜਾ ਰਹੀ ਮਾਂ ਬੋਲੀ ਪੰਜਾਬੀ ਦੀ ਸੇਵਾ ਦੀ ਸ਼ਲਾਘਾ ਕੀਤੀ। ਵਿਸ਼ੇਸ਼ ਮਹਿਮਾਨ ਕੀਮਤੀ ਕੈਸਰ ਨੇ ਮੰਚ ਦੇ ਮੈਂਬਰ ਵਲੋਂ ਸਾਹਿਤ ਖੇਤਰ ’ਚ ਪਾਏ ਜਾ ਰਹੇ ਯੋਗਦਾਨ ਨੂੰ ਵੱਡਮੁੱਲਾ ਦੱਸਿਆ। ਸਮਾਗਮ ਦੌਰਾਨ ਮੁੱਖ ਮਹਿਮਾਨ ਅਤੇ ਵਿਸ਼ੇਸ਼ ਮਹਿਮਾਨ ਦਾ ਸਨਮਾਨ ਚਿੰਨ੍ਹ ਦੇ ਕੇ ਅਤੇ ਹਰਬੰਸ ਸਿੰਘ ਕਲਸੀ, ਹਰਦੀਪ ਕੌਰ ਬੈਂਸ, ਗੁਰਿੰਦਰ ਸਿੰਘ ਬੈਂਸ ਅਤੇ ਮਨਿੰਦਰ ਕੌਰ ਬੈਂਸ ਨੂੰ ਸਰਟੀਫਿਕੇਟ ਦੇ ਕੇ ਸਨਮਾਨ ਕੀਤਾ ਗਿਆ। ਅੰਤ ’ਚ ਸੰਗਤ ਰਾਮ ਵਲੋਂ ਸਭ ਦਾ ਧੰਨਵਾਦ ਕੀਤਾ ਗਿਆ।