15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

ਅਜੀਤ ਡੈਸਕ 03-05-2026

ਗੌਤਮ ਗ਼ਜ਼ਲ ਦੀ ਸੂਖ਼ਮਤਾ, ਤਰਲਤਾ ਤੇ ਵਿਸ਼ਾਲਤਾ ਨੂੰ ਸਮਝਣ ਵਾਲਾ ਗ਼ਜ਼ਲਕਾਰ ਹੈ। ਉਹ ਖ਼ਿਆਲਾਂ ਦੇ ਜੁਗਨੂੰਆਂ ਪਿੱਛੇ ਨਹੀਂ ਦੌੜਦਾ ਬਲਕਿ ਉਹ ਆਪਣੇ ਆਪ ਉਸ ਕੋਲ ਖਿੱਚੇ ਚਲੇ ਆਉਂਦੇ ਹਨ। ਉਸ ਦੀ ਗ਼ਜ਼ਲ ਪਾਠਕ ਲਈ ਮੁਸ਼ਕਿਲਾਂ ਖੜ੍ਹੀਆਂ ਨਹੀਂ ਕਰਦੀ ਸਗੋਂ ਇਹ ਆਮ-ਫ਼ਹਿਮ ਜ਼ੁਬਾਨ ਦੇ ਆਧਾਰਤ ਹੁੰਦੀ ਹੈ। ਗੌਤਮ ਆਪਣੇ ਆਲੇ-ਦੁਆਲੇ ਤੋਂ ਅਨਜਾਣ ਨਹੀਂ ਹੈ, ਚੌਗਿਰਦੇ ਵਿਚ ਵਾਪਰਦੀ ਹਰ ਘਟਨਾ ਦਾ ਅਸਰ ਉਸ ਦੇ ਸ਼ਿਅਰਾਂ 'ਚ ਦੇਖਿਆ ਜਾ ਸਕਦਾ ਹੈ। ਉਸ ਦੀਆਂ ਗ਼ਜ਼ਲਾਂ ਵਿਚ ਮੁਹੱਬਤ ਦਾ ਕਾਸ਼ਨੀ ਰੰਗ ਵੀ ਹੈ ਤੇ ਸਲੀਕੇ ਵਾਲਾ ਨੀਮ-ਸਲੇਟੀ ਵੀ। 'ਸੁਪਨੇ ਸੌਣ ਨਾ ਦਿੰਦੇ' ਉਸ ਦਾ ਚਰਚਿਤ ਗ਼ਜ਼ਲ ਸੰਗ੍ਰਹਿ ਹੈ। ਸਰੀ ਵਿਚ ਰਹਿ ਰਹੇ ਇਸ ਕਲਮਕਾਰ ਦੇ ਸੰਗੀ ਸਾਥੀ ਵੀ ਵੱਡੇ ਗ਼ਜ਼ਲਕਾਰ ਹਨ। ਨਕੋਦਰ, ਕਪੂਰਥਲੇ ਤੇ ਪਟਿਆਲੇ ਵਿਚ ਪੜ੍ਹਦਿਆਂ ਉਸ ਦੀ ਸ਼ਾਇਰੀ ਪ੍ਰਵਾਨ ਚੜ੍ਹੀ ਹੈ। ਗ਼ਜ਼ਲ ਮੰਚ ਸਰੀ ਦੀਆਂ ਗ਼ਜ਼ਲ ਸਬੰਧੀ ਸਰਗਰਮੀਆਂ ਆਮ ਤੌਰ 'ਤੇ ਓਸ ਦੁਆਲੇ ਕੇਂਦਰਤ ਹੁੰਦੀਆਂ ਹਨ। ਪੇਸ਼ ਹਨ ਗੌਤਮ ਦੀਆਂ ਦੋ ਗ਼ਜ਼ਲਾਂ-
-ਮੋਬਾਈਲ : 99884-44002


ਥੋੜ੍ਹੇ ਜਿਹੇ ਸੀ ਪਹਿਲੋਂ, ਕੁਝ ਹੋਰ ਆ ਰਲੇ ਨੇ।
ਠੱਗਾਂ ਦੇ ਕਾਫ਼ਿਲੇ ਵਿਚ, ਹੁਣ ਚੋਰ ਆ ਰਲੇ ਨੇ।

ਮੰਡੀ 'ਚ ਜਾ ਖੜ੍ਹੇ ਜਦ, ਸਾਜ਼ਾਂ ਸਮੇਤ ਸਾਜ਼ੀ,
ਸੰਗੀਤ ਦੀ ਕਲਾ ਵਿਚ, ਕੁਝ ਸ਼ੋਰ ਆ ਰਲੇ ਨੇ।

ਛੱਡ ਕਿਰਤ ਦੀ ਕਮਾਈ, ਸੋਚਣ ਉਹ ਖੋਹਂਣ ਬਾਰੇ,
ਕਾਵਾਂ ਦੇ ਝੁੰਡ ਵਿਚ ਹੁਣ, ਕੁਝ ਮੋਰ ਆ ਰਲੇ ਨੇ।

ਅਪਣੀ ਬਚਾ ਕੇ ਇੱਜ਼ਤ, ਇੱਥੋਂ ਵਿਦਾ ਤੂੰ ਹੋ ਜਾ,
ਅਦਬੀ ਸਫ਼ਾਂ ਦੇ ਵਿਚ ਹੁਣ, ਮੂੰਹ-ਜ਼ੋਰ ਆ ਰਲੇ ਨੇ।

ਪੈਸੇ ਦੇ ਜ਼ੋਰ 'ਤੇ ਉਹ, ਬੈਠੇ ਨੇ ਬਣ ਕੇ ਕਾਮਿਲ,
ਫ਼ਸਲਾਂ ਦੇ ਰਾਖਿਆਂ ਵਿਚ, ਕੁਝ ਢੋਰ ਆ ਰਲੇ ਨੇ।

ਸ਼ੁਹਰਤ ਦੀ ਲਲਕ ਐਸੀ, ਅਪਣਾ ਅਕਾਰ ਭੁੱਲ ਕੇ,
ਫੁੱਲਾਂ ਦੀ ਪਾਲ ਵਿਚ ਹੁਣ, ਕੁਝ ਥ੍ਹੋਰ ਆ ਰਲੇ ਨੇ।


ਬੜਾ ਹੀ ਸ਼ੌਕ ਸੀ ਮੈਨੂੰ ਵੀ ਬਾਗ਼ਬਾਨੀ ਦਾ।
ਰਿਹਾ ਨਾਸਾਜ਼ ਪਰ ਮੌਸਮ ਮੇਰੀ ਜਵਾਨੀ ਦਾ।

ਕਦੋਂ ਤੇ ਕੌਣ ਹੈ ਡੁੱਬਿਆ ਭਲਾ ਉਹ ਕੀ ਜਾਣੇ,
ਨਦੀ ਨੂੰ ਫ਼ਿਕਰ ਸਿਰਫ ਆਪਣੀ ਰਵਾਨੀ ਦਾ।

ਏਹੀ ਹੈ ਜੋਗ ਮੇਰਾ, ਭੋਗ ਵੀ ਤੇ ਭਗਤੀ ਵੀ,
ਕਿਵੇਂ ਮੈਂ ਛੱਡ ਦਿਆਂ ਮੋਹ ਜਹਾਨ ਫ਼ਾਨੀ ਦਾ।

ਚਮਨ ਮੇਰੇ 'ਚ ਵੀ ਓਦੋਂ ਬਹਾਰ ਹੈ ਆਈ,
ਕਿ ਰਾਸ ਆ ਗਿਆ ਜਦ ਰੰਗ ਇਸ ਵਿਰਾਨੀ ਦਾ।

ਕੋਈ ਜਨੂਨ ਨਾ ਹੀ ਇਸ਼ਕ ਨਾ ਹੀ ਬੇਤਾਬੀ,
ਜੇ ਇਹ ਨਹੀਂ ਤਾਂ ਮਜ਼ਾ ਫੇਰ ਕੀ ਜਵਾਨੀ ਦਾ

ਮੇਰਾ ਉਦਾਸ ਇਹ ਚਿਹਰਾ ਉਦੋਂ ਹੈ ਖਿੜ ਜਾਂਦਾ,
ਜਦੋਂ ਵੀ ਯਾਦ ਆਵੇ ਵਕਤ ਰੁੱਤ ਸੁਹਾਨੀ ਦਾ।

ਪਿਛਲੀ ਖ਼ਬਰ ਕਰਜ਼ਾ 6 ਲੱਖ ਦਾ ਅਗਲੀ ਖ਼ਬਰ ਮਾਮਲਾ ਮਛਲੀ ਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।