15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਕਰਜ਼ਾ 6 ਲੱਖ ਦਾ

ਅਜੀਤ ਡੈਸਕ 03-05-2026

ਹਜ਼ਾਰਾ ਸਿੰਘ ਨੂੰ 15 ਕੁ ਹਜ਼ਾਰ ਪੈਨਸ਼ਨ ਮਿਲਦੀ ਸੀ, ਜਿਸ ਵਿਚੋਂ ਉਹ ਕੁਝ ਪੈਸੇ ਏਧਰ-ਉਧਰ, ਪਿੰਡ ਜਾਣ ਤੇ ਹੋਰ ਲੈਣ-ਦੇਣ ਵਿਚ ਖਰਚ ਕਰ ਦਿੰਦਾ ਸੀ ਅਤੇ ਕੁਝ ਪੈਸੇ ਆਪਣੇ ਪੋਤੇ-ਪੋਤੀ ਲਈ ਕੁਝ ਨਾ ਕੁਝ ਖਾਣ-ਪੀਣ ਲਿਆਉਣ 'ਤੇ ਖਰਚ ਕਰ ਦਿੰਦਾ ਸੀ। ਇਕ ਦਿਨ ਉਸ ਦੇ ਲੜਕੇ ਨੇ ਹਜ਼ਾਰਾ ਸਿੰਘ ਨੂੰ ਪਲੋਸਦੇ ਬੈਂਕ ਤੋਂ 6 ਲੱਖ ਰੁਪਏ ਦਾ ਕਰਜ਼ਾ ਦਿਵਾਉਣ ਬਾਰੇ ਕਿਹਾ। ਹਜ਼ਾਰਾ ਸਿੰਘ ਨੇ ਪਹਿਲਾਂ ਤਾਂ ਨਾਂਹ-ਨੁੱਕਰ ਕੀਤੀ, ਪ੍ਰੰਤੂ ਉਸ ਦਾ ਦਿਲ ਪਿਘਲ ਗਿਆ। ਉਸ ਦੇ ਲੜਕੇ ਨੇ ਇਹ ਵੀ ਹਜ਼ਾਰਾ ਸਿੰਘ ਨੂੰ ਕਿਹਾ ਕਿ ਜਿੰਨੀ ਬੈਂਕ ਦੀ ਕਿਸ਼ਤ ਪੈਨਸ਼ਨ 'ਚੋਂ ਕੱਟੀ ਜਾਵੇਗੀ, ਉਹ ਨਕਦ ਉਸ ਨੂੰ ਦੇ ਦੇਵੇਗਾ। ਇਸ ਤਰ੍ਹਾਂ ਲੋਨ ਹੋ ਗਿਆ ਅਤੇ ਹਜ਼ਾਰਾ ਸਿੰਘ ਦੇ ਲੜਕੇ ਨੇ 2 ਕੁ ਮਹੀਨੇ ਤਾਂ ਪੈਸੇ ਦਿੱਤੇ ਪ੍ਰੰਤੂ ਬਾਅਦ ਵਿਚ ਪੈਸੇ ਦੇਣ ਤੋਂ ਨਾਂਹ-ਨੁੱਕਰ ਕਰਦਾ ਰਿਹਾ। ਹਜ਼ਾਰਾ ਸਿੰਘ ਨੇ ਚੁੱਪ ਵੱਟ ਲਈ ਅਤੇ ਉਹ ਅੰਦਰੋਂ ਬਹੁਤ ਦੁਖੀ ਹੋ ਗਿਆ ਕਿਉਂਕਿ ਉਸ ਦਾ ਪੋਤਾ-ਪੋਤੀ ਖਾਣ-ਪੀਣ ਲਈ ਬਜ਼ਾਰੋਂ ਲਿਆਉਣ ਲਈ ਕਹਿੰਦੇ ਹਨ। ਉਸ ਦੇ ਘਰ ਵਾਲੇ ਵੀ ਸਬਜ਼ੀ ਭਾਜੀ ਲਿਆਉਣ ਲਈ ਕਹਿੰਦੇ ਸਨ, ਪ੍ਰੰਤੂ ਹਜ਼ਾਰਾ ਸਿੰਘ ਕੋਲ ਪੈਸੇ ਹੀ ਨਹੀਂ ਸਨ। ਉਹ ਸੋਚ-ਸੋਚ ਕੇ ਬਿਮਾਰ ਹੋ ਗਿਆ ਅਤੇ ਰੋਟੀ ਖਾਣੀ ਵੀ ਘੱਟ ਕਰ ਦਿੱਤੀ। ਉਸ ਦੇ ਘਰ ਵਾਲਿਆਂ ਨੇ ਡਾਕਟਰ ਕੋਲ ਲੈ ਕੇ ਜਾਣ ਬਾਰੇ ਕਿਹਾ ਪ੍ਰੰਤੂ ਹਜ਼ਾਰਾ ਸਿੰਘ ਮਨ੍ਹਾ ਕਰਦਾ ਰਿਹਾ। ਇਕ ਦਿਨ ਉਸ ਨੂੰ ਬੁਖਾਰ ਚੜ੍ਹ ਗਿਆ ਅਤੇ ਉਸ ਨੇ ਸਰਕਾਰੀ ਡਿਸਪੈਂਸਰੀ ਤੋਂ ਦਵਾਈ ਲਿਆਉਣ ਲਈ ਜਿਵੇਂ ਹੀ ਚੁਬਾਰੇ ਤੋਂ ਆ ਕੇ ਪਹਿਲੀ ਪੌੜੀ 'ਤੇ ਪੈਰ ਰੱਖਿਆ ਤਾਂ ਉਸ ਦਾ ਪੈਰ ਫਿਸਲ ਗਿਆ ਅਤੇ ਉਹ ਗਿਰਦਾ-ਗਿਰਾਉਂਦਾ ਹੋਇਆ ਹੇਠਲੀ ਪੌੜੀ 'ਤੇ ਆ ਗਿਆ। ਉਸ ਦੇ ਸਿਰ ਵਿਚ ਜ਼ਿਆਦਾ ਸੱਟ ਲੱਗਣ ਕਰਕੇ ਉਸ ਦੀ ਮੌਤ ਹੋ ਗਈ। ਹਜ਼ਾਰਾ ਸਿੰਘ ਦੇ ਲੜਕੇ ਨੇ ਜਿਵੇਂ ਹੀ ਆਪਣੇ ਪਿਤਾ ਨੂੰ ਮਰੇ ਵੇਖਿਆ ਤਾਂ ਉਸ ਦੇ ਮੂੰਹ ਵਿਚੋਂ ਇਹੀ ਨਿਕਲਿਆ ਕਿ ਹੁਣ ਮੇਰਾ ਲੋਨ ਕਿਵੇਂ ਉਤਰੂਗਾ।

-551/2, ਰਿਸ਼ੀ ਨਗਰ, ਸ਼ਕੂਰਬਸਤੀ, ਨਵੀਂ ਦਿੱਲੀ-110034 ਮੋਬਾਈਲ : 92105-88990

ਪਿਛਲੀ ਖ਼ਬਰ ...ਨਾਲ ਗੈਸ ਸਿਲੰਡਰ ਮੁਫ਼ਤ ਅਗਲੀ ਖ਼ਬਰ ਗ਼ਜ਼ਲ ਉਸ ਨੇ ਛੇੜੀ * ਗੁਰਦਿਆਲ ਰੌਸ਼ਨ *

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।