ਸਾਹਿਤ ਸਭਾ ਦੇ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ ਸਾਹਿਤਕਾਰ ਨੇ ਅਖੀਰ ਵਿਚ ਆਪਣੇ ਭਾਸ਼ਨ ਰਾਹੀਂ ਆਖਿਆ; 'ਅੱਜ ਸਾਰੇ ਮਹਿਮਾਨਾਂ ਨੇ ਮੇਰੀ ਪ੍ਰਸੰਸਾ ਦੇ ਪੁੱਲ ਬੰਨ੍ਹ ਛੱਡੇ ਨੇ, ਜਿੰਨੇ ਵੀ ਜਿਸ ਕੋਲ ਵਡਿਆਈ ਦੇ ਸ਼ਬਦ ਸਨ ਬੋਲੇ | ਮੈਨੂੰ ਅੰਤ ਤੱਕ ਇਹੀ ਡਰ ਰਿਹਾ ਕਿ ਅੱਜ ਇਹ ਸਾਰੇ ਮੇਰਾ ਦਿਮਾਗ਼ ਖ਼ਰਾਬ ਕਰਕੇ ਛੱਡਣਗੇ ਪਰ ਮੈਂ ਸ਼ੁਕਰ ਮਨਾਉਂਦਾ ਹਾਂ ਕਿ ਹਾਲੇ ਤੱਕ ਮੈਂ ਠੀਕ ਹਾਂ |

ਮੈਂ ਜੋ ਵੀ ਹਾਂ ਮੈਨੂੰ ਭਲੀ-ਭਾਂਤ ਪਤਾ ਹੈ | ਪਰ ਤੁਸੀਂ ਝੂਠੀ ਵਡਿਆਈ ਦਾ ਤਾਜ ਮੇਰੇ ਸਿਰ ਸਜਾਉਣ ਦੀ ਕੋਈ ਕਸਰ ਨਹੀਂ ਛੱਡੀ | ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਜਦੋਂ ਵੀ ਕਿਸੇ ਲੇਖਕ ਦਾ ਝੂਠੀ ਵਡਿਆਈ ਸੁਣ ਕੇ ਦਿਮਾਗ਼ ਖ਼ਰਾਬ ਹੋ ਜਾਵੇ ਉਹ ਸਮਾਜ, ਦੇਸ਼ ਅਤੇ ਕੌਮ ਲਈ ਬੜਾ ਘਾਤਕ ਹੁੰਦਾ ਹੈ ਕਿਉਂਕਿ ਉਹ ਬੰਦੇ ਨੂੰ ਬੰਦਾ ਸਮਝਣੋ ਹਟ ਜਾਂਦਾ ਹੈ ਆਪਣੇ-ਆਪ ਨੂੰ ਰੱਬ ਸਮਝਣ ਲੱਗ ਜਾਂਦਾ ਹੈ | ਮੈਂ ਸਾਰੇ ਲੇਖਕਾਂ ਤੋਂ ਆਸ ਕਰਦਾ ਹਾਂ ਕਿ ਅੱਗੇ ਤੋਂ ਅਜਿਹੀ ਗ਼ਲਤੀ ਤੋਂ ਪ੍ਰਹੇਜ਼ ਕਰਨਗੇ | ਮੈਂ ਸਾਰੀ ਉਮਰ ਦਾ ਐਨੇ ਸਮਾਗਮਾਂ ਵਿਚ ਗਿਆਂ ਹਾਂ ਝੂਠੀਆਂ ਵਡਿਆਈਆਂ ਆਪਦੀਆਂ ਅਤੇ ਹੋਰ ਸਾਹਿਤਕਾਰਾਂ ਦੀਆਂ ਸੁਣ ਕੇ ਅੱਕ ਚੁਕਿਆਂ ਹਾਂ | ਜੇ ਮੈਂ ਅਤੇ ਹੋਰ ਅਨੇਕਾਂ ਸਾਹਿਤਕਾਰ ਜੋ ਸਨਮਾਨਿਤ ਹੋ ਚੁੱਕੇ ਹਨ ਉਹ ਸਭ ਐਨੇ ਮਹਾਨ ਹੁੰਦੇ ਤਾਂ ਮੇਰੇ ਦੇਸ਼ ਦਾ ਅੱਜ ਐਨਾ ਬੁਰਾ ਹਾਲ ਨਾ ਹੁੰਦਾ' | ਫੋਕੀ ਵਡਿਆਈ ਕਰਨ ਵਾਲਿਆਂ ਨੂੰ ਧਰਤੀ ਗਰਕਣ ਲਈ ਵਿਹਲ ਨਹੀਂ ਸੀ ਦੇ ਰਹੀ | ਜਿਨ੍ਹਾਂ ਲੇਖਕਾਂ ਨੂੰ ਸਮਾਗਮ ਵਿਚ ਸਮਾਂ ਨਹੀਂ ਮਿਲਿਆ ਸੀ ਉਹ ਮੁਸ਼ਕੜੀਆਂ ਹੱਸ ਰਹੇ ਸਨ |
-ਗਿੱਲ ਨਗਰ ਗਲੀ ਨੰ-13. ਮੁੱਲਾਂਪੁਰ ਦਾਖਾ (ਲੁਧਿਆਣਾ)
ਮੋਬਾਈਲ : 94635-42896.