18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

16-05-26

ਅਜੀਤ ਡੈਸਕ 16-05-2026

 ਭਲਕ ਤਕ ਤਾਂ ਬੜੀ ਦੇਰ ਹੋ ਜਾਵੇਗੀ
ਲੇਖਕ : ਵਿਜੈ ਬੰਬੇਲੀ
ਪ੍ਰਕਾਸ਼ਕ : ਡਾ. ਇੰਦਰਜੀਤ ਕੌਰ ਪ੍ਰਧਾਨ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ (ਰਜਿ. ਅੰਮ੍ਰਿਤਸਰ)
ਮੁੱਲ : ਮੁਫਤ ਭੇਟਾ, ਸਫ਼ੇ :148
ਸੰਪਰਕ : 97814-01140

'ਭਲਕ ਤੱਕ ਤਾਂ ਬੜੀ ਦੇਰ ਹੋ ਜਾਵੇਗੀ' ਪੁਸਤਕ ਵਿਜੈ ਬੰਬੇਲੀ ਦੁਆਰਾ ਕੁਦਰਤੀ ਵਾਤਾਵਰਨ ਬਾਰੇ ਲਿਖੀ ਗਈ ਹੈ। ਇਹ ਪੁਸਤਕ ਕਰਮਯੋਗੀ ਭਗਤ ਪੂਰਨ ਸਿੰਘ ਜੀ ਨੂੰ ਸਮਰਪਿਤ ਹੈ, ਜੋ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੁਸਾਇਟੀ ਦੁਆਰਾ ਛਾਪੀ ਗਈ ਹੈ। ਵਿਜੈ ਬੰਬੇਲੀ ਦੀਆਂ ਸਤਰਾਂ ਹਨ : ''ਬਿਰਖਾਂ ਦੀ ਗੱਲ ਕਰੀਏ, ਦਰਿਆਵਾਂ ਦੀ ਬਾਂਹ ਫੜੀਏ, ਧਰਤੀ ਦਾ ਅਦਬ ਕਰੀਏ'' ਇਸ ਤਰ੍ਹਾਂ ਲੇਖਕ ਸਮੁੱਚੀ ਕੁਦਰਤ ਅਤੇ ਧੀਆਂ-ਪੁੱਤਰਾਂ ਦੀਆਂ ਘਾਲਣਾਵਾਂ, ਵਿਗਿਆਨਕ ਬਾਤਾਂ ਪਾਉਣ ਵਾਲਾ ਲੇਖਕ ਹੈ ਜੋ ਅਤੀਤ ਦੀ ਧੁਰਾਤਲ ਫਰੋਲਦਿਆਂ, ਵਰਤਮਾਨ ਨਾਲ ਸੰਵਾਦ ਰਚਾਉਂਦਾ ਹੋਇਆ, ਨਰੋਏ ਭਵਿੱਖ ਦੀ ਆਸ ਕਰਦਾ ਹੈ।ਲੇਖਕ ਕੁਦਰਤ ਨੂੰ ਪਿਆਰ ਕਰਨ ਵਾਲਾ, ਵਿਗਿਆਨਕ ਬਾਤਾਂ ਪਾਉਣ ਵਾਲਾ ਹੈ ਅਤੇ ਜਲ ਜੰਗਲ ਅਤੇ ਜ਼ਮੀਨ ਦੇ ਵਿਸ਼ਿਆਂ ਨੂੰ ਜੋ ਵੀ ਕੁਦਰਤ ਨਾਲ ਸੰਬੰਧਿਤ ਹਨ, ਬਾਰੇ ਗੱਲ ਕਰਦਾ ਹੈ। ਹਥਲੀ ਪੁਸਤਕ ਵਿਚ ਕੁੱਲ 29 ਲੇਖ ਲਿਖੇ ਗਏ ਹਨ। ਸਾਰੇ ਲੇਖਾਂ ਵਿਚ ਹੀ ਕੁਦਰਤ ਦੀ ਸਾਂਭ-ਸੰਭਾਲ ਅਤੇ ਚੁਗਿਰਦੇ ਦੀ ਗੱਲ ਕੀਤੀ ਗਈ ਹੈ। ਵੱਖ-ਵੱਖ ਪਾਠਾਂ ਵਿਚ ਦੱਸਿਆ ਗਿਆ ਹੈ ਕਿ ਜਲ, ਭੂਮੀ, ਹਵਾ ਅਤੇ ਪ੍ਰਦੂਸ਼ਣ ਏਨੇ ਜ਼ਿਆਦਾ ਵਧ ਗਏ ਹਨ, ਜੋ ਚਿੰਤਾ ਦਾ ਵਿਸ਼ਾ ਹੈ। ਪਾਣੀ ਦੀ ਦੁਰਵਰਤੋਂ ਹੋਣ ਕਰਕੇ ਅਸੀਂ ਕੁਦਰਤੀ ਸੋਮਿਆਂ ਤੋਂ ਵਾਂਝੇ ਹੋ ਰਹੇ ਹਾਂ। ਗ੍ਰੰਥਾਂ ਵਿਚ ਵੀ ਇੱਕ ਦਰੱਖਤ ਨੂੰ ਦੱਸ ਪੁੱਤਾਂ ਦੇ ਬਰਾਬਰ ਰੱਖਿਆ ਗਿਆ ਹੈ, ਜੋ ਸਾਨੂੰ ਆਕਸੀਜਨ ਦੇ ਕੇ ਜੀਵਨ ਦਿੰਦੇ ਹਨ। ਪੁਸਤਕ ਦੇ ਵੱਖ-ਵੱਖ ਪਾਠ ਹਨ, ਜਿਵੇਂ 'ਜਲ ਪ੍ਰਦੂਸ਼ਣ', 'ਸਾਡੀ ਜਲ ਜਾਇਦਾਦ', 'ਰੁੱਖ ਅਨੁਭਵ ਕਰਦੇ ਹਨ', 'ਅਸੀਂ ਸਬਕ ਨਹੀਂ ਸਿੱਖਿਆ', 'ਜੰਗਲ ਨਾ ਰਹੇ ਤਾਂ ਮਨੁੱਖ ਵੀ ਨਹੀਂ ਰਹੇਗਾ', 'ਮਿੱਟੀ ਰੁਦਨ ਕਰੇ', 'ਜਦੋਂ ਪਹਾੜ ਰੁੱਸਦੇ ਹਨ', ਆਦਿ ਜਿਨ੍ਹਾਂ ਦੱਸਿਆ ਗਿਆ ਹੈ ਕਿ ਕੁਦਰਤੀ ਸੋਮਿਆਂ ਨੂੰ ਸਾਂਭ ਕੇ ਹੀ ਅਸੀਂ ਆਪਣੀ ਸਾਰੀ ਵਿਰਾਸਤ ਸੰਭਾਲ ਸਕਦੇ ਹਾਂ। ਇਸ ਪ੍ਰਕਾਰ ਇਹ ਪਿੰਗਲਵਾੜੇ ਵਜੋਂ ਛਾਪੀ ਕਿਤਾਬ ਜੋ ਵਿਜੈ ਬੰਬੇਲੀ ਵਜੋਂ ਲਿਖੀ ਹੋਈ ਹੈ, ਉਸ ਵਿਚ ਕੁਦਰਤੀ ਚੀਜ਼ਾਂ ਤੇ ਕੁਦਰਤੀ ਸਰੋਤਾਂ ਦੀ ਦੁਰਵਰਤੋਂ ਨੂੰ ਹਟਾਉਣ ਬਾਰੇ ਹੀ ਦੱਸਿਆ ਗਿਆ ਹੈ। ਇਹ ਪੁਸਤਕ ਪੜ੍ਹਣਯੋਗ ਹੈ। ਲੇਖਕ ਨੂੰ ਮੁਬਾਰਕਬਾਦ।

-ਡਾ. ਗੁਰਬਿੰਦਰ ਕੌਰ ਬਰਾੜ
ਮੋਬਾਈਲ : 098553-95161

 

 

ਅਮਰੀਕੀ ਪੰਜਾਬੀ ਕਹਾਣੀ
ਸੰਪਾਦਕ : ਸੁਰਿੰਦਰ ਸਿੰਘ ਸੀਰਤ
ਪ੍ਰਕਾਸ਼ਕ : ਚੇਤਨਾ ਪ੍ਰਕਾਸ਼ਨ, ਲੁਧਿਆਣਾ
ਮੁੱਲ : 595 ਰੁਪਏ, ਸਫ਼ੇ : 344
ਸੰਪਰਕ : 95011-45039

ਅਮਰੀਕੀ ਪੰਜਾਬੀ ਕਹਾਣੀ ਪੁਸਤਕ ਸੁਰਿੰਦਰ ਸਿੰਘ ਸੀਰਤ ਵਲੋਂ ਸੰਪਾਦਿਤ ਪੁਸਤਕ ਹੈ। ਇਸ ਵਿਚ ਪ੍ਰਵਾਸ ਨਾਲ ਸੰਬੰਧਿਤ 22 ਦੇ ਕਰੀਬ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਅਜੋਕੀ ਅਮਰੀਕੀ ਪੰਜਾਬੀ ਹਨ, ਜੋ ਕਿ ਵਰਤਮਾਨ ਸਮੇਂ ਦੇ ਅਨੁਭਵ ਨੂੰ ਪੇਸ਼ ਕਰਦੀਆਂ ਨਜ਼ਰ ਆ ਰਹੀਆਂ ਹਨ। ਪੁਸਤਕ ਵਿਚਲੀ ਪਹਿਲੀ ਕਹਾਣੀ 'ਕਮੀਨਾ' ਜੋ ਕਿ ਬਲਦੇਵ ਸਿੰਘ ਗਰੇਵਾਲ ਦੀ ਲਿਖੀ ਹੋਈ ਹੈ। ਇਹ ਆਪਸੀ ਦੋਸਤੀ ਦੀ ਕਹਾਣੀ ਹੈ । ਇਸ ਕਹਾਣੀ ਵਿਚ ਚਾਰ ਦੋਸਤ ਹਨ। ਇਸ ਕਹਾਣੀ ਦੇ ਮੁੱਖ ਪਾਤਰ ਨੂੰ ਬਾਕੀ ਦੇ ਤਿੰਨ ਦੋਸਤ ਕਮੀਨਾ ਕਹਿ ਕੇ ਸੱਦਦੇ ਹਨ ਕਹਾਣੀ ਦੇ ਅੰਤ ਤੱਕ ਇਹ ਪਤਾ ਲੱਗਦਾ ਹੈ ਕਿ ਮੁੱਖ ਪਾਤਰ ਨੂੰ ਬਲੱਡ ਕੈਂਸਰ ਹੈ ਤੇ ਉਹ ਪੰਜ ਕੁ ਸਾਲ ਹੀ ਹੋਰ ਜੀ ਸਕਦਾ ਹੈ। 'ਫੈਂਸ' ਕਹਾਣੀ ਜੋ ਕਿ ਕਰਮ ਸਿੰਘ ਮਾਨ ਦੁਆਰਾ ਲਿਖੀ ਗਈ ਹੈ। ਇਸ ਵਿਚ ਅਲੱਗ-ਅਲੱਗ ਧਰਮਾਂ ਦੇ ਗੁਆਂਢੀਆਂ ਦੀ ਦਾਸਤਾਨ ਹੈ। 'ਅੱਗ ਦੀ ਸਾਂਝ' ਕਹਾਣੀ ਪਰਵੇਜ਼ ਸੰਧੂ ਦੁਆਰਾ ਲਿਖੀ ਗਈ ਹੈ ਇਸ ਵਿਚ ਮੁੱਖ ਪਾਤਰ ਸੁੱਖਾਂ ਹੈ ਜੋ ਕਿ ਸਹੁਰੇ ਘਰ ਬਹੁਤ ਮੁਸੀਬਤਾਂ ਝੱਲ ਕੇ ਆਪਣੀ ਜਗ੍ਹਾ ਬਣਾਉਂਦੀ ਹੈ ਤੇ ਆਪਣੇ ਘਰ ਵਾਲੇ ਨੂੰ ਆਪਣੇ ਵੱਲ ਕਰਨ ਵਿਚ ਸਫ਼ਲ ਹੁੰਦੀ ਹੈ। 'ਛਤਰੀ' ਕਹਾਣੀ ਚਰਨਜੀਤ ਸਿੰਘ ਪੰਨੂ ਦੁਆਰਾ ਲਿਖੀ ਗਈ ਹੈ। ਇਸ ਵਿਚ ਅਮਰੀਕੀ ਮਾਹੌਲ ਨੂੰ ਪਰਮਾਣਿਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਸਤਕ ਵਿਚਲੀ ਇੱਕ ਹੋਰ ਕਹਾਣੀ 'ਸੂਰਜ ਵੱਲ ਦੇਖਦਾ ਆਦਮੀ' ਸੁਰਿੰਦਰ ਸੋਹਲ ਦੁਆਰਾ ਲਿਖੀ ਗਈ ਹੈ। ਇਸ ਵਿਚ ਮੁੱਖ ਪਾਤਰ ਪ੍ਰਕਾਸ਼ ਹੈ ਜੋ ਕਿ ਡਰਾਈਵਰ ਹੈ, ਇਹ ਕਹਾਣੀ ਥੋੜੀ ਗੁੰਝਲਦਾਰ ਜਾਪਦੀ ਹੈ ਪਰ ਅੰਤ ਵਿਚ ਇਸ ਦੀਆਂ ਗੁੰਝਲਾਂ ਖੁੱਲ੍ਹ ਕੇ ਸੂਰਜ ਦੇ ਪ੍ਰਕਾਸ਼ ਦੀ ਚਾਦਰ ਦੀ ਤਰ੍ਹਾਂ ਪਸਰ ਜਾਂਦੀਆਂ ਹਨ। 'ਹੁਣ ਦਿਲ ਬਹੁਤ ਖੁਸ਼ ਸੀ' ਕਹਾਣੀ ਡਾਕਟਰ ਰਵੀ ਸ਼ੇਰ ਗਿੱਲ ਦੁਆਰਾ ਲਿਖੀ ਗਈ ਹੈ ਇਸ ਵਿਚ ਮੁੱਖ ਪਾਤਰ ਡੰਗਰ ਡਾਕਟਰ ਹੈ ਜਿਸ ਦਾ ਰਿਸ਼ਤਾ ਚੰਗੀ ਮੰਦੀ ਵਿਚ ਉਲਝਿਆ ਹੋਇਆ ਹੈ ਇਸ ਦਾ ਇੱਕ ਕਲਾਇੰਟ ਡੇਵਿਡ ਹੈ, ਜਿਸ ਦਾ ਕੁੱਤਾ ਡਾਕਟਰ ਦਾ ਮਰੀਜ਼ ਸੀ ਇਹ ਕੁੱਤਾ ਹੀ ਡੇਵਿਡ ਦੇ ਜੀਣ ਦਾ ਸਹਾਰਾ ਸੀ। ਹੁਣ ਜਦ ਉਸਦਾ ਕੁੱਤਾ ਬਿਮਾਰ ਹੈ ਤਾਂ ਉਹ ਹਰ ਹਾਲ ਵਿਚ ਉਸਨੂੰ ਠੀਕ ਕਰਨਾ ਚਾਹੁੰਦਾ ਸੀ। ਇਸ ਤਰ੍ਹਾਂ ਪੁਸਤਕ ਵਿਚਲੀ ਇੱਕ ਹੋਰ ਕਹਾਣੀ 'ਸੁੱਚਾ ਗੁਲਾਬ' ਅਮਰਜੀਤ ਕੌਰ ਪੰਨੂ ਦੁਆਰਾ ਲਿਖੀ ਗਈ ਹੈ, ਜਿਸ ਵਿਚ ਦੋ ਪ੍ਰੇਮੀਆਂ ਦੇ ਇਸ਼ਕ ਬਾਰੇ ਦੱਸਿਆ ਹੈ ਉਨ੍ਹਾਂ ਦਾ ਆਪਸੀ ਪਿਆਰ ਸੁੱਚੇ ਗੁਲਾਬ ਦੀ ਤਰ੍ਹਾਂ ਦਿਖਾਇਆ ਗਿਆ ਹੈ। '40 ਵਰ੍ਹਿਆਂ ਬਾਅਦ' ਕਹਾਣੀ ਵਿਚਲੀ ਮੁੱਖ ਪਾਤਰ ਸੁਖਬੀਰ ਆਪਣੇ ਚੇਤਿਆਂ ਦੇ ਵਿਚ ਆਪਣੇ-ਆਪ ਨਾਲ ਗੱਲਾਂ ਕਰਦੀ ਹੋਈ ਨਜ਼ਰ ਆਉਂਦੀ ਹੈ। ਕਹਾਣੀ ਵਿਚ ਰੋਚਕਤਾ ਬਣੀ ਰਹਿੰਦੀ ਹੈ। 'ਯੂ-ਟਰਨ ਕਹਾਣੀ' ਪਵਿੱਤਰ ਕੌਰ ਮਾਟੀ ਦੁਆਰਾ ਲਿਖੀ ਗਈ ਹੈ। ਇਸ ਵਿਚ ਦਿਖਾਇਆ ਹਨ, ਕਿ ਕਿਵੇਂ ਦੋ ਪਾਤਰ ਜਿਨ੍ਹਾਂ ਦੇ ਨਾਂਅ ਪੈਵੀ ਤੇ ਹੈਪੀ ਹੈ ਦੋਵਾਂ ਦਾ ਵਿਆਹ ਹੋ ਜਾਂਦਾ ਹੈ। ਪਰ ਦੋਵਾਂ ਦੇ ਆਪਸੀ ਵਿਚਾਰ ਨਾ ਮਿਲਦੇ ਹੋਣ ਕਾਰਨ ਝਗੜਾ ਚਲਦਾ ਰਹਿੰਦਾ ਹੈ, ਜਿਸ ਵਿਚ ਹੈਪੀ ਨੂੰ ਮਜਬੂਰਨ ਝੁਕਣਾ ਹੀ ਪੈਂਦਾ ਹੈ। ਇਸ ਪੁਸਤਕ ਵਿਚਲੀਆਂ ਹੋਰ ਕਹਾਣੀਆਂ ਰਿਸ਼ਤਿਆਂ ਦਾ ਸਰਾਪ, ਜਿਹਾ ਬੀਜੇ, ਤੇਰਾ ਪਾਸਾ ਮੇਰਾ ਪਾਸਾ, ਘਰ, ਅਕਲ ਨੂੰ ਸਜ਼ਾ, ਪੂਰਵ ਪੱਛਮ ਤੇ ਪ੍ਰਵਾਸ ਆਦਿ ਬਾ-ਕਮਾਲ ਕਹਾਣੀਆਂ ਹਨ। ਸਾਰੀਆਂ ਕਹਾਣੀਆਂ ਅਮਰੀਕੀ ਪ੍ਰਵਾਸ ਦੀ ਮਨੋ-ਸਥਿਤੀ ਦੇ ਭੋਗਦੇ ਹੋਏ ਵਰਤਾਰਿਆਂ ਨਾਲ ਸੰਬੰਧਿਤ ਹਨ। ਲੇਖਕ ਨੇ ਸਾਰੀਆਂ ਅਮਰੀਕੀ ਕਹਾਣੀਆਂ ਨੂੰ ਸੰਪਾਦਿਤ ਕਰ ਕੇ ਬਹੁਤ ਹੀ ਚੰਗਾ ਤੇ ਵਧੀਆ ਕੰਮ ਕੀਤਾ ਹੈ। ਲੇਖਕ ਦੀ ਇਸ ਮਿਹਨਤ ਨੂੰ ਦਿਲੋਂ ਸਲਾਮ ਹੈ। ਇਨ੍ਹਾਂ ਕਹਾਣੀਆਂ ਵਿਚ ਜਿੱਥੇ ਸੰਘਰਸ਼, ਉਲਾਸ, ਉਦਾਸੀ ਹੈ ਉੱਥੇ ਹੀ ਅਜੋਕੀ ਵਨ ਸੁਵੰਨਤਾ ਵੀ ਹੈ। ਸਾਰੀਆਂ ਕਹਾਣੀਆਂ ਦਿਲਚਸਪ ਹਨ ਜਿਹੜੀਆਂ ਕਿ ਅੰਤ ਵਿਚ ਰੋਚਕਤਾ ਨੂੰ ਬਰਕਰਾਰ ਰੱਖਦੀਆਂ ਹਨ।

-ਇੰਦਰਪ੍ਰੀਤ ਕੌਰ
ਮੋਬਾਈਲ : 98886-90280

 

ਦਰਦ ਪਰਾਗਾ
ਲੇਖਿਕਾ : ਪ੍ਰਿਤਪਾਲ ਕੌਰ ਪ੍ਰੀਤ
ਪ੍ਰਕਾਸ਼ਕ: ਡੀ. ਪੀ. ਪਬਲਿਸ਼ਰਜ਼ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ: 250 ਰੁਪਏ, ਸਫ਼ੇ: 96
ਸੰਪਰਕ: 96463-92945

ਪ੍ਰਿਤਪਾਲ ਕੌਰ ਪ੍ਰੀਤ ਦੇ ਹੱਥਲੇ ਕਾਵਿ-ਸੰਗ੍ਰਹਿ 'ਦਰਦ ਪਰਾਗਾ' ਨੂੰ ਗਹੁ ਨਾਲ ਪੜ੍ਹਦਿਆਂ ਮਹਿਸੂਸ ਹੁੰਦਾ ਹੈ ਕਿ ਬੇਸ਼ੱਕ ਦਰਪੇਸ਼ ਪ੍ਰਸਥਿਤੀਆਂ ਕਾਰਨ ਉਨ੍ਹਾਂ ਨੂੰ ਵਿਦੇਸ਼ ਵਿਚ ਜਾ ਕੇ ਰਹਿਣਾ ਪੈ ਰਿਹਾ ਹੈ, ਪਰ ਉਨ੍ਹਾਂ ਦਾ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਲਈ ਪਿਆਰ ਅਤੇ ਦਰਦ ਅਜੇ ਵੀ ਉਸੇ ਤਰ੍ਹਾਂ ਹੀ ਬਰਕਰਾਰ ਹੈ। ਅਜੇ ਵੀ ਉਨ੍ਹਾਂ ਨੂੰ ਪੰਜਾਬ ਦੀ ਮਿੱਟੀ ਦੀ ਮਹਿਕ ਆਪਣੇ ਅੰਦਰ ਮਹਿਸੂਸ ਹੁੰਦੀ ਹੈ। ਅਜੋਕੇ ਪੰਜਾਬ ਦੀ ਦਸ਼ਾ ਅਤੇ ਦਿਸ਼ਾ ਤੋਂ ਬੇਚੈਨ ਉਨ੍ਹਾਂ ਦਾ ਅੰਤਰਮਨ ਸਹਿਜੇ ਹੀ ਕਹਿ ਉੱਠਦਾ ਹੈ:
ਕੋਈ ਮੋੜ ਲਿਆਵੇ ਮੇਰੇ
ਪੰਜਾਬ ਦਾ ਉਹੀ ਸ਼ਾਹੀ ਜ਼ਮਾਨਾ
ਫੇਰ ਆਵੇ ਬਾਬਾ ਨਾਨਕ
ਫੇਰ ਰਬਾਬ ਵਜਾਵੇ ਮਰਦਾਨਾ
ਕੋਈ ਲੱਭ ਲਿਆਵੇ ਗੁੰਮ ਗਈਆਂ
ਰੌਣਕਾਂ ਵਾਲਾ ਖ਼ਜ਼ਾਨਾ।
ਪ੍ਰਿਤਪਾਲ ਕੌਰ ਪ੍ਰੀਤ ਮਹਿਸੂਸ ਕਰਦੇ ਹਨ ਕਿ ਪੱਛਮੀ ਰੰਗ ਵਿਚ ਰੰਗੀ ਅਜੋਕੀ ਪੀੜ੍ਹੀ ਆਪਣੇ ਸੱਭਿਆਚਾਰ ਨਾਲੋਂ ਟੁੱਟ ਚੁੱਕੀ ਹੈ। ਆਪਣੀ ਬੋਲੀ, ਆਪਣਾ ਬਾਣਾ ਅਤੇ ਆਪਣਾ ਖਾਣਾ ਸਭ ਕੁੱਝ ਉਸ ਤੋਂ ਦੂਰ ਹੁੰਦਾ ਜਾ ਰਿਹਾ ਹੈ। ਮਨੋਰੰਜਨ ਦੇ ਨਾਂਅ 'ਤੇ ਸੋਸ਼ਲ ਸਾਈਟਾਂ ਆ ਚੁੱਕੀਆਂ ਹਨ, ਜਿਨ੍ਹਾਂ ਵਿਚ ਨਿਆਣੇ ਹੀ ਨਹੀਂ ਬਲਕਿ ਸਿਆਣੇ ਵੀ ਵਿਅਸਤ ਦਿਖਾਈ ਦਿੰਦੇ ਹਨ। ਜੱਸੀ ਢਿੱਲੋਂ ਨਿਊਯਾਰਕ ਦਾ ਇਹ ਕਹਿਣਾ ਢੁਕਵਾਂ ਹੈ ਕਿ ਉਨ੍ਹਾਂ ਦੀ ਕਵਿਤਾ ਨੂੰ ਸਮਝਣ ਲਈ ਪਾਠਕ ਦਾ ਆਮ ਇਨਸਾਨ ਹੋਣਾ ਜ਼ਰੂਰੀ ਹੈ ਕਿਉਂਕਿ ਉਨ੍ਹਾਂ ਦੀ ਕਲਮ ਕਲਮੀ ਬੰਦਿਸ਼ਾਂ ਤੋਂ ਪਰ੍ਹੇ ਇੱਕ ਸਾਧਾਰਨ ਇਨਸਾਨ ਦੀ ਕਹਾਣੀ ਬਿਆਨ ਕਰਦੀ ਹੈ। ਉਹ ਗੁੰਝਲਦਾਰ ਜਾਂ ਬੋਝਲ ਸ਼ਬਦਾਂ ਦੀ ਵਰਤੋਂ ਕਰ ਕੇ ਆਪਣੇ ਵਿਦਵਾਨ ਹੋਣ ਦਾ ਭਰਮ ਖੜ੍ਹਾ ਕਰਨ ਨਹੀਂ ਕੋਸ਼ਿਸ਼ ਵੀ ਕਰਦੇ ਬਲਕਿ ਬਹੁਤ ਹੀ ਸਰਲ ਅਤੇ ਸੌਖੇ ਸ਼ਬਦਾਂ ਵਿਚ ਵੱਡੀਆਂ-ਵੱਡੀਆਂ ਗੱਲਾਂ ਕਹਿਣ ਦਾ ਹੁਨਰ ਰੱਖਦੇ ਹਨ। ਉਮੀਦ ਹੈ ਕਿ ਸੁਹਿਰਦ ਪਾਠਕ ਇਸ ਖ਼ੂਬਸੂਰਤ ਪੁਸਤਕ ਨੂੰ ਹੁੰਗਾਰਾ ਦੇਣਗੇ।

-ਕਰਮ ਸਿੰਘ ਜ਼ਖ਼ਮੀ
ਮੋਬਾਈਲ : 98146-28027

 

ਤੇ ਮੈਂ ਰੱਬ ਵੇਖਿਆ
ਲੇਖਕ : ਜਸਵਿੰਦਰ ਢਿੱਲੋਂ 'ਜੱਸੀ'
ਪ੍ਰਕਾਸ਼ਕ : ਡੀ. ਪੀ. ਪਬਲੀਸ਼ਰ ਐਂਡ ਮੀਡੀਆ ਹਾਊਸ, ਅੰਮ੍ਰਿਤਸਰ
ਮੁੱਲ : 300 ਰੁਪਏ, ਸਫ਼ੇ : 96
ਸੰਪਰਕ : 96463-92945

ਕਹਾਣੀਕਾਰ ਤੇ ਕਵੀ ਜਸਵਿੰਦਰ ਢਿੱਲੋਂ ਜੱਸੀ ਦੀ ਹਥਲੀ ਪੁਸਤਕ, 'ਤੇ ਮੈਂ ਰੱਬ ਵੇਖਿਆ' ਹੱਡਬੀਤੀਆਂ ਲੇਖਨੁਮਾ ਕਹਾਣੀਆਂ ਦਾ ਸੰਗ੍ਰਹਿ ਹੈ। ਉਸ ਨੂੰ ਮਨੁੱਖਾਂ, ਕੁਦਰਤ ਅਤੇ ਉਸ ਦੇ ਭਿੰਨ-ਭਿੰਨ ਪਸਾਰਾਂ ਵਿਚ ਰੱਬ ਦੀ ਹੋਂਦ ਮਹਿਸੂਸ ਹੁੰਦੀ ਹੈ। ਰੱਬ ਉਸ ਨੂੰ ਅਲੱਗ-ਅਲੱਗ ਰੂਪਾਂ-ਸਰੂਪਾਂ ਵਿਚ ਨਜ਼ਰ ਆਉਂਦਾ ਹੈ।
ਲੇਖਕ ਵਿਦਵਾਨਾਂ ਵਲੋਂ ਸੁਣੀ ਇਹ ਗੱਲ ਕਿ ਰੱਬ ਹੈ ਅਤੇ ਉਹ ਮਦਦ ਕਰਨ ਲਈ ਆਉਂਦਾ ਹੈ। ਉਸ ਨੂੰ ਆਸਾਨੀ ਨਾਲ ਲੱਭਿਆ ਜਾ ਸਕਦੈ, ਧਰਤੀ ਦੇ ਕਣ-ਕਣ ਵਿਚ ਦੇਖਿਆ ਜਾ ਸਕਦਾ ਹੈ। ਲੇਖਕ ਇਨ੍ਹਾਂ ਗੱਲਾਂ ਦੀ ਸੱਚਾਈ ਪਤਾ ਕਰਨ ਲਈ ਨਿਕਲਿਆ ਉਹ ਕਦੇ ਮਾਂ, ਕਦੇ ਬਾਬਾ ਕਬਾੜੀਏ, ਕਦੇ ਅਦਬੀ ਦਰਵੇਸ਼, ਕਦੇ ਬੇਨਾਮ ਫਰਿਸ਼ਤਿਆਂ, ਕਦੇ ਕੁਦਰਤ ਦੇ ਇਸ਼ਾਰਿਆਂ, ਕਦੇ ਮਾਡਰਨ ਦਰਵੇਸ਼ਾਂ ਤੇ ਕਦੇ ਧਰਤੀ 'ਤੇ ਵਿਚਰਦੀਆਂ ਰੂਹਾਂ ਵਿਚ ਰੱਬ ਦੀ ਹੋਂਦ ਨੂੰ ਮਹਿਸੂਸ ਕਰਦਾ ਹੈ। ਉਸ ਨੂੰ ਲਗਦਾ ਹੈ ਕਿ ਰੱਬ ਕਦੇ ਸਬੱਬ ਬਣਾਉਂਦਾ ਹੈ। ਕਦੇ ਸੁੱਚੀ ਸੋਚ ਪੈਦਾ ਕਰਦਾ ਹੈ। ਕਦੇ ਅਗੇਤੇ ਇੰਤਜ਼ਾਮ ਕਰਦਾ ਹੈ। ਕਦੇ ਕਿਸੇ ਹੋਰ ਰੂਪ ਵਿਚ ਸਾਡੇ ਨੇੜੇ-ਤੇੜੇ ਆਪਣੇ ਅਦ੍ਰਿਸ਼ ਔਰੇ ਰਾਹੀਂ ਆਪਣੀ ਮੌਜੂਦਗੀ ਦਾ ਅਹਿਸਾਸ ਕਰਾਉਂਦਾ ਰਹਿੰਦਾ ਹੈ ਸਿਰਫ਼ ਉਸ ਦੀ ਹੋਂਦ ਨੂੰ ਮਹਿਸੂਸ ਕਰਨ ਅਤੇ ਵੇਖਣ ਵਾਲੀ ਅੱਖ ਚਾਹੀਦੀ ਹੈ। ਲੇਖਕ ਉਸ ਦੇ ਰੂਪਾਂ ਦੇ ਦਰਸ਼ਨ ਕਰਦਾ ਹੈ। ਉਸ ਦੀ ਲੀਲ੍ਹਾ ਨੂੰ ਭਾਸਦਾ ਹੈ। ਆਖ਼ਰ ਉਹ ਇਸ ਸਿੱਟੇ 'ਤੇ ਪੁਜਦਾ ਹੈ ਕਿ ਰੱਬ ਕੁਦਰਤ ਦੇ ਕਣ-ਕਣ ਵਿਚ ਮੌਜੂਦ ਹੈ। ਹਥਲੀ ਪੁਸਤਕ ਲੇਖਕ ਦੇ ਸਵੈ-ਅਨੁਭਵਾਂ 'ਤੇ ਆਧਾਰਿਤ ਹੈ।
ਦਰਅਸਲ ਇਹ ਪਾਠਕ ਨੂੰ ਆਤਮ ਖੋਜ ਅਤੇ ਰੁਹਾਨੀ ਯਾਤਰਾ ਵੱਲ ਪ੍ਰੇਰਿਤ ਕਰਨ ਵਾਲੀ ਪੁਸਤਕ ਹੈ। ਲੇਖਕ ਵਲੋਂ ਦਰਜ ਕੀਤੇ ਸਾਰੇ ਅਨੁਭਵ ਅਤੇ ਹੱਡਬੀਤੀਆਂ ਰੱਬ ਦੇ ਸੂਖਮ ਪ੍ਰਬੰਧ ਦੀ ਡੁੰਘਿਆਈ ਅਤੇ ਜਟਿਲਤਾ ਨੂੰ ਸਰਲ ਵਿਵਹਾਰਕ ਤਜਰਬਿਆਂ ਜਾਂ ਪ੍ਰੈਕਟੀਕਲਾਂ ਰਾਹੀਂ ਸਮਝਾਉਣ ਤੇ ਅਹਿਸਾਸ ਕਰਾਉਣ ਦਾ ਉਪਰਾਲਾ ਹੈ। ਪੁਸਤਕ ਪੁਰਾਤਨ ਰਿਸ਼ੀਆਂ-ਮੁਨੀਆਂ, ਦਾਰਸ਼ਨਿਕਾਂ, ਮਹਾਪੁਰਖਾਂ ਦੀਆਂ ਕਹੀਆਂ ਗੱਲਾਂ ਦੀ ਸਰਲ ਸ਼ਬਦਾਂ ਵਿਚ ਪ੍ਰੌੜ੍ਹਤਾ ਕਰਦੀ ਹੈ ਅਤੇ ਰੱਬ ਪ੍ਰਤੀ ਵਿਸ਼ਵਾਸ ਨੂੰ ਪੁਖ਼ਤਾ ਕਰਦੀ ਹੈ।

-ਡਾ. ਧਰਮਪਾਲ ਸਾਹਿਲ
ਮੋਬਾਈਲ : 98761-56964


ਬੋਲ ਮਰਦਾਨਿਆ
ਲੇਖਕ : ਜਸਬੀਰ ਮੰਡ
ਪ੍ਰਕਾਸ਼ਕ : ਯੂਨੀਸਟਾਰ ਪਬਲੀਕੇਸ਼ਨ, ਮੁਹਾਲੀ
ਮੁੱਲ : 300 ਰੁਪਏ, ਸਫ਼ੇ : 303
ਸੰਪਰਕ : 89688-34726

'ਬੋਲ ਮਰਦਾਨਿਆ' ਨਾਵਲ ਅਜੋਕੇ ਸਮੇਂ ਵਿਚ ਛਪੀ ਇਕ ਅਦੱਤੀ ਕ੍ਰਿਤ ਹੈ। ਇਤਿਹਾਸ, ਮਿਥਿਹਾਸ, ਅਧਿਆਤਮ ਅਤੇ ਸਮਾਜਿਕ ਵਰਤਾਰੇ ਨਾਲ ਭਰਪੂਰ ਇਹ ਨਾਵਲ ਅਜੋਕੀ ਨੌਜਵਾਨ ਪੀੜ੍ਹੀ ਲਈ ਇਕ ਚਾਨਣਮੁਨਾਰਾ ਹੈ। ਇਹ ਕਹਿਣਾ ਵੀ ਗ਼ਲਤ ਨਹੀਂ ਹੋਵੇਗਾ ਕਿ ਇਹ ਨਾਵਲ ਗੁਰੂ ਨਾਨਕ ਦੀਆਂ ਜਨਮ ਸਾਖੀਆਂ ਦਾ ਹੀ ਨਾਵਲੀ ਰੂਪ ਹੈ ਅਤੇ ਇਸ ਨਾਵਲ ਦੇ ਕਿਰਦਾਰ ਵੀ ਗੁਰੂ ਨਾਨਕ ਦੇਵ, ਮਰਦਾਨਾ, ਬੇਬੇ ਨਾਨਕੀ, ਬੇਬੇ ਸੁਲੱਖਣੀ ਜੀ, ਕਹਿਣ ਤੋਂ ਭਾਵ ਕਿ ਜਸਬੀਰ ਮੰਡ ਨੇ ਕੋਈ ਕਲਪਿਤ ਪਾਤਰ ਘੜਣ ਦੀ ਥਾਂ ਨਵੇਂ ਅਸਲ ਪਾਤਰ ਸਿਰਜੇ ਹਨ ਅਤੇ ਇਤਿਹਾਸ ਅਤੇ ਮਿਥਿਹਾਸ ਵਿਚ ਵਿਚਰਦਿਆਂ ਜਨਮ ਸਾਖੀਆਂ ਨੂੰ ਗਲਪ ਦੇ ਰੂਪ ਵਿਚ ਸਿਰਜਦੇ ਹੋਏ ਮੰਡ ਧਾਰਮਿਕ ਸੰਵੇਦਨਸ਼ੀਲਤਾ ਦਾ ਪੂਰਾ ਖਿਆਲ ਰੱਖਦੇ ਹੋਏ ਸਮਾਜਿਕ ਭਾਵਨਾਵਾਂ ਦਾ ਵੀ ਪੂਰਾ ਖਿਆਲ ਰੱਖਦਾ ਹੈ। 'ਬੋਲ ਮਰਦਾਨਿਆ' ਨਾਵਲ, ਅੱਜ ਦੀ ਨੌਜਵਾਨ ਪੀੜ੍ਹੀ ਜੋ ਧਾਰਮਿਕ ਅਤੇ ਅਧਿਆਤਮਿਕ ਸੰਵੇਦਨਾ ਤੋਂ ਬਿਲਕੁਲ ਕੋਰੀ ਹੈ, ਇਕ ਮੀਲ ਪੱਥਰ ਹੈ ਮਰਦਾਨਾ ਸਿੱਖ ਕੌਮ ਲਈ ਉਹ ਕਿਰਦਾਰ ਹੈ, ਜਿਸ ਨੇ ਗੁਰੂ ਨਾਨਕ ਜੀ ਨੂੰ ਬਹੁਤ ਹੀ ਨੇੜ੍ਹਿਉਂ ਵੇਖਿਆ ਤੇ ਅਨੁਭਵ ਕੀਤਾ ਹੈ ਅੱਜ ਵੀ ਸਾਡੇ ਵਿਰਸੇ ਵਿਚ ਮਰਦਾਨੇ ਦੀ ਰਬਾਬ ਤੇ ਸੰਗੀਤ ਉਨ੍ਹਾਂ ਹੀ ਪਾਕ ਹੈ ਜਿਨ੍ਹਾਂ ਸਾਡੇ ਲਈ ਗੁਰੂ ਨਾਨਕ ਦੇਵ ਜੀ ਦੀ ਸ਼ਖ਼ਸੀਅਤ ਹੈ। ਅਸਲ ਵਿਚ ਮੇਰੀ ਰਾਏ ਮੁਤਾਬਿਕ ਇਹ ਨਾਵਲ ਨਹੀਂ ਇਕ ਇਤਿਹਾਸਕ, ਮਿਥਿਹਾਸਕ ਅਤੇ ਸਰੋਦੀ ਦਸਤਾਵੇਜ਼ ਹੈ ਜੋ ਅੱਜ ਦੇ ਸਮੇਂ ਵਿਚ ਸਾਡੀਆਂ ਅਧਿਆਤਮਕ ਭਾਵਨਾਵਾਂ ਦੀ ਤਰਜ਼ਮਾਨੀ ਕਰ ਰਿਹਾ ਹੈ। ਮੰਡ ਨੇ ਬੜੇ ਹੀ ਪਿਆਰ ਅਤੇ ਸਤਿਕਾਰ ਨਾਲ ਇਸ ਦਸਤਾਵੇਜ਼ ਨੂੰ ਆਮ ਮਨੁੱਖ ਤੱਕ ਅਪੜਾਉਣ ਦਾ ਉਪਰਾਲਾ ਕੀਤਾ ਹੈ। ਮੰਡ ਨੇ ਗੁਰੂ ਨਾਨਕ ਨਾਲ ਸੰਬੰਧਿਤ ਹਰ ਜਨਮ ਸਾਖੀ ਅਤੇ ਗੋਸ਼ਟਾਂ ਨੂੰ ਬੜੇ ਸਰਲ ਅਤੇ ਵਿਸਤਰਿਤ ਰੂਪ ਵਿਚ ਇਸ ਦਸਤਾਵੇਜ਼ ਵਿਚ ਸ਼ਾਮਿਲ ਕੀਤਾ ਹੈ ਉਂਝ ਇਸ ਕਾਰਜ ਨੂੰ ਨੇਪਰੇ ਚਾੜ੍ਹਦੇ ਹੋਏ ਮੰਡ ਕਿਤੇ ਵੀ ਮੂਲ ਪਾਠ ਤੋਂ ਭਟਕਦਾ ਨਹੀਂ। ਮੰਡ ਇਕ ਸੁਲਝਿਆ ਹੋਇਆ ਲੇਖਕ ਹੈ ਇਸ ਪੁਸਤਕ ਦੇ ਲੇਖਣ ਨੇ ਮੰਡ ਨੂੰ ਸਾਹਿਤ ਦੇ ਨਵੇਂ ਆਯਾਮ ਦੇ ਦਿੱਤੇ ਹਨ।

-ਡਾ. ਜਸਬੀਰ ਕੌਰ
ਮੋਬਾਈਲ : 98721-17774


ਮੇਰਾ ਪਿੰਡ ਮੋੜ ਦਿਓ
ਗੀਤਕਾਰ : ਐਸ. ਅਸ਼ੋਕ ਭੌਰਾ
ਪ੍ਰਕਾਸ਼ਕ : ਸੰਗਮ ਪਬਲੀਕੇਸ਼ਨਜ਼, ਸਮਾਣਾ
ਮੁੱਲ : 295 ਰੁਪਏ, ਸਫੇ : 192
ਸੰਪਰਕ : ashokbhora0{ma}&.com

ਐਸ. ਅਸ਼ੋਕ ਭੌਰਾ ਪੰਜਾਬੀ ਗੀਤਕਾਰੀ ਅਤੇ ਪੱਤਰਕਾਰੀ ਵਿਚ ਇਕ ਜਾਣਿਆ-ਪਛਾਣਿਆ ਹਸਤਾਖਰ ਹੈ। ਗੁਰਬਚਨ ਸਿੰਘ ਭੁੱਲਰ ਅਨੁਸਾਰ ਉਸ ਨੂੰ ਪੰਜਾਬੀ 'ਲਿਖਣੀ' ਆਉਂਦੀ ਹੈ। ਪ੍ਰਿੰ. ਸਰਵਣ ਸਿੰਘ ਅਨੁਸਾਰ ਉਹ ਪੰਜਾਬੀ ਗੀਤ-ਸੰਗੀਤ ਦਾ 'ਸਚਿਨ ਤੇਂਦੁਲਕਰ' ਹੈ। ਉਸ ਨੇ ਚੜ੍ਹਦੀ ਜਵਾਨੀ ਵਿਚ ਹੀ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਸਨ। ਉਸ ਦੇ ਗੀਤ ਪੰਜਾਬੀ ਦੇ ਪ੍ਰਮੁੱਖ ਗਾਇਕਾਂ ਕੁਲਦੀਪ ਮਾਣਕ, ਸਰਦੂਲ ਸਿਕੰਦਰ, ਦੁਰਗਾ ਰੰਗੀਲਾ, ਪਰਮਿੰਦਰ ਸੰਧੂ, ਅੰਮ੍ਰਿਤਾ ਵਿਰਕ, ਸੁਖਵਿੰਦਰ ਪੰਛੀ, ਪੰਮਾ ਡੂਮੇਵਾਲ ਅਤੇ ਹੋਰ ਬਹੁਤ ਸਾਰੇ ਚਰਚਿਤ ਗਾਇਕਾਂ ਨੇ ਗਾਏ ਹਨ। ਪੰਜਾਬੀ ਗੀਤ-ਸੰਗੀਤ ਦੀ ਦੁਨੀਆ ਵਿਚ ਉਸ ਦੀ ਦੋਸਤੀ ਦਾ ਦਾਇਰਾ ਐਚ.ਐਮ.ਵੀ. ਦੇ ਮੈਨੇਜਰ ਜ਼ਹੀਰ ਅਹਿਮਦ ਤੋਂ ਲੈ ਕੇ ਪੰਜਾਬੀ ਸੰਗੀਤਕਾਰ ਚਰਨਜੀਤ ਆਹੂਜਾ ਤੱਕ ਫੈਲਿਆ ਹੋਇਆ ਹੈ।
ਹੱਥਲੇ ਸੰਗ੍ਰਹਿ ਵਿਚ ਉਸ ਨੇ ਆਪਣੇ ਸਾਰੇ ਚਰਚਿਤ ਅਤੇ ਚੋਣਵੇਂ ਗੀਤ ਇਸ ਮਨਸ਼ਾ ਨਾਲ ਇਕੱਤਰ ਕੀਤੇ ਹਨ, ਤਾਂ ਕਿ ਉਸ ਦੇ ਇਕ ਚੰਗਾ ਗੀਤਕਾਰ ਹੋਣ ਦੀ ਸਨਦ ਰਹੇ। ਨਹੀਂ ਤਾਂ ਉਸ ਨੇ ਇਕ ਪੱਤਰਕਾਰ ਹੀ 'ਵੱਜਦੇ' ਰਹਿਣਾ ਸੀ। ਸੱਚ ਹੈ ਪੱਤਰਕਾਰਤਾ ਨੇ ਬਹੁਤ ਸਾਰੇ ਵੱਡੇ-ਵੱਡੇ ਲੇਖਕਾਂ ਨੂੰ ਖਾ ਲਿਆ ਹੈ। ਦੈਨਿਕ ਅਖ਼ਬਾਰਾਂ ਵਿਚ ਆਪਣੀਆਂ ਲਿਖਤਾਂ ਨੂੰ ਛਪੀਆਂ ਹੋਈਆਂ ਵੇਖਣ ਦਾ ਇਕ ਜਨੂੰਨ ਹੀ ਹੋਰ ਹੈ। ਪਰ ਉਸ ਦੇ ਗੀਤਾਂ ਦੀ ਬੋਲੀ, ਸ਼ੈਲੀ, ਅੰਦਾਜ਼ ਅਤੇ ਮਿਜਾਜ਼ ਵੀ ਧਿਆਨ ਖਿੱਚਦਾ ਹੈ। ਦੇਖੋ:
* ਹੀਰੇ ਨੀ ਰਾਂਝਾ ਹੋਰ ਲੱਭ ਲੈ, ਝੂਠੇ ਪਿਆਰ ਵਾਲਾ ਕਰੀਂ ਨਾ ਡਰਾਮਾ। * ਮੇਲੇ ਵਿਚ ਬੰਤੋ ਦਾ ਡਿੱਗ ਪਿਆ, ਲੌਂਗ ਬੁਰਜੀਆਂ ਵਾਲਾ। * ਬਿਸ਼ਨ ਕੌਰੇ ਭਾਬੀਏ ਨੀ, ਸਾਨੂੰ ਗਿੱਧੇ ਵਿਚ ਨੱਚਣਾ ਸਿਖਾ ਦੇ।
ਇਸ ਪੁਸਤਕ ਵਿਚ ਕਵੀ ਦੇ 52 ਰੁਮਾਂਟਿਕ ਗੀਤ, 4 ਧਾਰਮਿਕ ਗੀਤ ਅਤੇ 38 ਨਜ਼ਮਾਂ ਅਤੇ ਸ਼ਿਅਰ ਸੰਗ੍ਰਹਿਤ ਹਨ। ਇਉਂ ਇਹ ਪੁਸਤਕ ਐਸ. ਅਸ਼ੋਕ ਭੌਰਾ ਦੇ ਪ੍ਰਗੀਤ-ਸੰਸਾਰ ਦਾ ਇਕ ਸਾਂਭਣਯੋਗ ਦਸਤਾਵੇਜ਼ ਬਣ ਗਈ। ਭੌਰਾ ਸਾਹਿਬ ਬੜੀ ਬਾਕਾਇਦਗੀ ਨਾਲ ਸਾਹਿਤ, ਗੀਤ-ਸੰਗੀਤ ਅਤੇ ਪੱਤਰਕਾਰੀ ਦੇ ਸੰਸਾਰ ਵਿਚ ਕਰਮਸ਼ੀਲ ਹਨ। ਰੱਬ ਉਨ੍ਹਾਂ ਨੂੰ ਸਿਹਤਯਾਬ ਰੱਖੇ। ਅੱਲ੍ਹਾ ਬੇਲੀ।

-ਬ੍ਰਹਮ ਜਗਦੀਸ਼ ਸਿੰਘ
ਮੋਬਾਈਲ : 98760-52136

ਪਿਛਲੀ ਖ਼ਬਰ ਜਸਵੰਤ ਸਿੰਘ ਦਾਨੀ ਨੂੰ ਮਿੱਤਰ ਸਭਾ ਵਲੋਂ ਸਨਮਾਨਿਤ ਕੀਤਾ ਅਗਲੀ ਖ਼ਬਰ ਬੱਬਰ ਅਕਾਲੀ ਲਹਿਰ ਦੇ ਭੁੱਲੇ ਵਿਸਰੇ ਸ਼ਹੀਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।