19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੱਬਰ ਅਕਾਲੀ ਲਹਿਰ ਦੇ ਭੁੱਲੇ ਵਿਸਰੇ ਸ਼ਹੀਦ

ਅਜੀਤ ਡੈਸਕ 16-05-2026

ਸ਼ਹੀਦੀ ਦਿਵਸ 'ਤੇ ਵਿਸ਼ੇਸ਼

ਬੱਬਰ ਅਕਾਲੀ ਲਹਿਰ ਦੇ ਦੂਜੇ ਲਾਹੌਰ ਸਾਜਿਸ਼ ਕੇਸ 1924 ਈ: ਦੇ ਫ਼ੈਸਲੇ ਮਗਰੋਂ ਅੰਗਰੇਜ਼ ਸਰਕਾਰ ਨੂੰ ਲੱਗਾ ਸੀ ਕਿ ਉਸ ਨੇ ਬੱਬਰ ਅਕਾਲੀ ਲਹਿਰ ਦਾ ਖ਼ਾਤਮਾ ਕਰ ਦਿੱਤਾ ਹੈ ਪਰ ਇਸ ਹਥਿਆਰਬੰਦ ਲਹਿਰ ਨੇ ਆਜ਼ਾਦੀ ਦੀ ਪ੍ਰਾਪਤੀ ਤੱਕ ਬਦਲਵੇਂ ਰੂਪਾਂ 'ਚ ਆਜ਼ਾਦੀ ਸੰਗਰਾਮ 'ਚ ਵਿਲੱਖਣ ਢੰਗ ਨਾਲ ਯੋਗਦਾਨ ਪਾਇਆ। ਇਨ੍ਹਾਂ ਕਾਰਵਾਈਆਂ ਦੇ ਨਾਇਕ ਸ਼ਹੀਦ ਧੰਨਾ ਬਹਿਬਲਪੁਰ, ਸ਼ਹੀਦ ਰਤਨ ਸਿੰਘ ਰੱਕੜ, ਵਰਿਆਮ ਸਿੰਘ ਧੁੱਗਾ ਤੇ ਸ਼ਹੀਦ ਸਾਧੂ ਸਿੰਘ ਸਾਂਧਰਾ ਸਨ। ਇਨ੍ਹਾਂ 'ਚੋਂ ਹੀ ਸਾਧੂ ਸਿੰਘ ਸਾਂਧਰਾ, ਲਾਭ ਸਿੰਘ ਤੇ ਭਾਨ ਸਿੰਘ ਰੰਧਾਵਾ ਮਸੰਦਾਂ ਨੂੰ 16 ਮਈ ਨੂੰ ਜਲੰਧਰ ਜੇਲ੍ਹ 'ਚ ਇਕੱਠਿਆਂ ਫ਼ਾਂਸੀ ਲਾ ਕੇ ਸ਼ਹੀਦ ਕੀਤਾ ਗਿਆ ਸੀ। ਸੰਨ 1927 ਤੱਕ ਅੰਗਰੇਜ਼ ਸਰਕਾਰ ਨੇ 12 ਬੱਬਰ ਅਕਾਲੀ ਦੇਸ਼ ਭਗਤਾਂ ਨੂੰ ਫ਼ਾਂਸੀ ਲਾਇਆ ਸੀ, 8 ਪੁਲਿਸ ਤੇ ਫ਼ੌਜ ਮੁਕਾਬਲੇ 'ਚ ਸ਼ਹੀਦ ਹੋ ਚੁੱਕੇ ਸਨ ਤੇ ਬਾਕੀ ਸਭ ਜੇਲ੍ਹਾਂ ਦੀਆਂ ਕਾਲ-ਕੋਠੜੀਆਂ 'ਚ ਰੱਖ ਕੇ ਸਰਕਾਰ ਨੇ ਇਨ੍ਹਾਂ ਦੇ ਪਰਿਵਾਰਾਂ 'ਤੇ ਜ਼ੁਲਮ ਢਾਹੁਣਾ ਸ਼ੁਰੂ ਕਰ ਦਿੱਤਾ ਸੀ। 19 ਜਨਵਰੀ 1936 ਨੂੰ ਪਹਿਲੇ ਲਾਹੌਰ ਸਾਜਿਸ਼ ਕੇਸ ਦੇ ਫ਼ੈਸਲੇ 'ਚ ਉਮਰ ਕੈਦੀ ਸਾਧੂ ਸਿੰਘ ਪਿੰਡ ਸਾਂਧਰਾ, ਭਾਨ ਸਿੰਘ ਤੇ ਲਾਭ ਸਿੰਘ ਪਿੰਡ ਰੰਧਾਵਾ ਮਸੰਦਾਂ (ਜਲੰਧਰ) ਨੂੰ ਹਾਈਕੋਰਟ ਨੇ ਬਰੀ ਕਰ ਦਿੱਤਾ ਸੀ। ਬੱਬਰ ਭਾਨ ਸਿੰਘ ਪੁੱਤਰ ਹੁਕਮ ਸਿੰਘ ਪਿੰਡ ਰੰਧਾਵਾ ਮਸੰਦਾਂ ਦੇਸ਼ ਤੇ ਕੌਮੀ ਪਿਆਰ ਹੋਣ ਕਰਕੇ ਬੱਬਰ ਅਕਾਲੀ ਲਹਿਰ ਵਿਚ ਸ਼ਾਮਿਲ ਹੋ ਗਿਆ ਸੀ। ਉਸ ਨੂੰ ਉਮਰ ਕੈਦ ਦੀ ਸਜ਼ਾ ਹੋਈ ਸੀ ਪਰ ਅਪੀਲ ਵਿਚ ਬਰੀ ਹੋ ਗਿਆ ਸੀ। ਇਸੇ ਪਿੰਡ ਦਾ ਲਾਭ ਸਿੰਘ ਪੁੱਤਰ ਗੁੱਜਰ ਸਿੰਘ ਵੀ ਬੱਬਰ ਅਕਾਲੀ ਲਹਿਰ 'ਚ ਸ਼ਾਮਿਲ ਹੋਇਆ ਸੀ। ਬਰੀ ਹੋ ਕੇ ਸਾਧੂ ਸਿੰਘ ਆਪਣੇ ਪਿੰਡ ਸਾਂਧਰਾ (ਹੁਸ਼ਿਆਰਪੁਰ) ਆਇਆ ਤਾਂ ਉਸ ਨੂੰ ਪਤਾ ਲੱਗਾ ਕਿ ਕਡਿਆਣਾ (ਨੇੜੇ ਸ਼ਾਮਚੁਰਾਸੀ) ਦੇ ਦਸ ਨੰਬਰੀਏ ਜਗਤੇ ਨੇ ਉਮਰ ਕੈਦ ਭੁਗਤ ਰਹੇ ਬੱਬਰ ਸੁਰੈਣ ਸਿੰਘ ਪਿੰਡ ਦੌਲਤਪੁਰ ਦੀ ਪਤਨੀ ਮਹਾਂ ਕੌਰ ਨੂੰ ਉਧਾਲ ਲਿਆ ਸੀ, ਸ਼ਹੀਦ ਬੰਤਾ ਸਿੰਘ ਧਾਮੀਆਂ ਦੀ ਵਿਧਵਾ ਕਰਮ ਕੌਰ ਨੂੰ ਉਧਾਲ ਕੇ ਬਦਮਾਸ਼ ਸੁੱਚਾ ਸਿੰਘ ਸੰਧਰਾਂ ਵਾਲੇ ਦੇ ਵਸਾ ਦਿੱਤਾ ਗਿਆ ਸੀ। ਜਗਤੇ ਨੇ ਇਲਾਕੇ ਵਿਚ ਮਨਮਰਜ਼ੀਆਂ ਕਰਨ ਲਈ ਜਵਾਲਾ ਸਿੰਘ ਕਾਠੇ ਅਧਿਕਾਰੇ, ਸੁੱਚਾ ਸਿੰਘ ਤੇ ਜੀਵਨ ਸਿੰਘ ਕਡਿਆਣਾ ਜਿਹੇ ਜ਼ਰਾਇਮ ਪੇਸ਼ਾਵਰਾਂ ਨੂੰ ਨਾਲ ਗੰਢਿਆ ਹੋਇਆ ਸੀ। ਸਾਧੂ ਸਿੰਘ ਦਾ ਖੂਨ ਉਬਾਲੇ ਖਾਣ ਲੱਗਾ। ਉਹ ਰੰਧਾਵਾ ਮਸੰਦਾਂ ਆਇਆ ਅਤੇ ਭਾਨ ਸਿੰਘ ਤੇ ਲਾਭ ਸਿੰਘ ਨਾਲ ਸਲਾਹ ਕਰਕੇ ਦੁਸ਼ਟਾਂ ਨੂੰ ਸਜ਼ਾ ਦੇਣ ਦੀ ਯੋਜਨਾ ਬਣਾਈ। ਅਗਲੇ ਦਿਨ ਮੂੰਹ ਹਨੇਰੇ ਤਿੰਨੇ ਕਡਿਆਣੇ ਪੁੱਜੇ ਤੇ ਜਗਤੇ ਨੂੰ ਘਰੋਂ ਬਾਹਰ ਲਿਆ ਕੇ ਉਸ ਦੀ ਲਾਸ਼ ਦੇ ਟੁਕੜੇ ਕਰ ਦਿੱਤੇ।
ਪਿੱਛੋਂ ਸਾਂਧਰਾ ਦੇ ਸੁੱਚੇ, ਕਡਿਆਣੇ ਦੇ ਲੰਬੜਦਾਰ ਜੀਵਨ ਸਿੰਘ, ਮਹਾਂ ਕੌਰ, ਕਰਮ ਕੌਰ ਤੇ ਇਨ੍ਹਾਂ ਨੂੰ ਉਧਾਲਣ ਵਿਚ ਮਦਦ ਕਰਨ ਵਾਲੀ ਸ਼ੇਖ਼ਰੀ ਨੂੰ ਗੋਲੀਆਂ ਨਾਲ ਖ਼ਤਮ ਕਰਕੇ ਤਿੰਨੇ ਰੂਹ-ਪੋਸ਼ ਹੋ ਗਏ। ਸਾਧੂ ਸਿੰਘ ਸਾਂਧਰਾ ਨੇ ਸੂਸਾਂ ਦੇ ਮਹਿੰਗਾ ਸਿੰਘ ਤੇ ਬਿਸ਼ਨੇ ਦੀ ਮਦਦ ਨਾਲ ਇਲਾਕੇ ਦੇ ਬਦਨਾਮ ਅੰਗਰੇਜ਼ ਝੋਲੀ ਚੁੱਕਾਂ ਦੇ ਸਰਗਨੇ ਪਿੰਡ ਕਾਠੇ ਅਧਿਕਾਰੇ ਦੇ ਜਵਾਲਾ ਸਿੰਘ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ, ਜਿਸ ਨੇ ਹਰਿਆਣਾ ਥਾਣੇ ਦੇ ਆਘਾ ਖ਼ਾਂ ਥਾਣੇਦਾਰ ਰਾਹੀਂ ਸਾਧੂ ਸਿੰਘ ਤੇ ਉਸ ਦੇ ਵੱਡੇ ਭਰਾ ਕਿਸ਼ਨ ਸਿੰਘ ਨੂੰ ਝੂਠੇ ਕੇਸ 'ਚ ਸਜ਼ਾ ਦਿਵਾਈ ਸੀ। ਇਕੋ ਦਿਨ ਕੀਤੇ ਗਏ 6 ਕਤਲਾਂ ਨਾਲ ਸਰਕਾਰੀ ਹਲਕਿਆਂ 'ਚ ਮਾਤਮ ਛਾ ਗਿਆ। ਵਿਸ਼ਵਾਸਘਾਤੀ ਧੰਨਾ ਸਿੰਘ ਕੋਟਲੀ ਬਾਵਾਦਾਸ ਨੂੰ ਸੋਧਣ ਦੀ ਉਨ੍ਹਾਂ ਦੀ ਖ਼ਾਹਿਸ਼ ਪੂਰੀ ਨਾ ਹੋ ਸਕੀ ਕਿਉਂਕਿ ਉਹ ਸਾਧੂ ਸਿੰਘ ਦੀ ਰਿਹਾਈ ਬਾਰੇ ਸੁਣ ਕੇ ਪਹਿਲਾਂ ਹੀ ਯੂ.ਪੀ. ਵੱਲ ਨਿਕਲ ਗਿਆ ਸੀ। ਇਨ੍ਹਾਂ ਕਤਲਾਂ ਦੀ ਜ਼ਿੰਮੇਵਾਰੀ ਆਪਣੇ ਸਿਰ ਲੈ ਕੇ ਇਨ੍ਹਾਂ ਇਨਕਲਾਬੀਆਂ ਨੇ ਐਲਾਨ ਕੀਤਾ ਕਿ ਉਨ੍ਹਾਂ ਨਵੇਂ ਸਿਰਿਓਂ ਬੱਬਰ ਅਕਾਲੀ ਜਥਾ ਬਣਾ ਲਿਆ ਹੈ। ਭੱਜ-ਦੌੜ 'ਚ ਰਾਤ ਨੂੰ ਸਫ਼ਰ ਕਰਦਿਆਂ ਸਾਧੂ ਸਿੰਘ ਦੇ ਪੈਰ 'ਤੇ ਸੱਪ ਲੜ ਗਿਆ ਤਾਂ ਦਲੇਰੀ ਨਾਲ ਸਾਧੂ ਸਿੰਘ ਨੇ ਆਪਣੇ ਚਾਕੂ ਨਾਲ ਡੰਗ ਵਾਲੀ ਜਗ੍ਹਾ ਤੋਂ ਮਾਸ ਦੀ ਚਾਕਲੀ ਕੱਟ ਕੇ ਜ਼ਹਿਰ ਚੜ੍ਹਨੋਂ ਰੋਕ ਤਾਂ ਲਿਆ ਪਰ ਪੈਰ ਦਾ ਜ਼ਖ਼ਮ ਭਰ ਗਿਆ। ਬਚਾਅ ਲਈ ਤਿੰਨੋਂ ਭਾਨ ਸਿੰਘ ਦੇ ਭਣੋਈਏ ਭੋਲਾ ਸਿੰਘ ਕੋਲ ਮਿੰਟਗੁਮਰੀ ਚਲੇ ਗਏ। ਸਾਧੂ ਸਿੰਘ ਦੀ ਗ੍ਰਿਫ਼ਤਾਰੀ ਲਈ ਐਲਾਨੇ ਮੁਰੱਬੇ ਤੇ 15 ਸੌ ਰੁਪਏ ਦਾ ਇਨਾਮ ਸੁਣ ਭੋਲਾ ਸਿੰਘ ਬੇਈਮਾਨ ਹੋ ਗਿਆ ਤੇ ਉਸ ਨੇ ਸਾਧੂ ਸਿੰਘ ਨੂੰ ਗ੍ਰਿਫ਼ਤਾਰ ਕਰਾਉਣ ਦੀ ਜੁਗਤ ਬਣਾਈ। 23 ਜੂਨ 1930 ਨੂੰ ਪੁਲਿਸ ਨੇ ਗਿਆਨੀ ਸੋਹਣ ਸਿੰਘ ਨੂੰ ਕਡਿਆਣੇ ਤੋਂ ਗ੍ਰਿਫ਼ਤਾਰ ਕਰ ਲਿਆ ਤੇ ਉਸ ਨੇ ਭੇਤ ਪੁਲਿਸ ਨੂੰ ਦੇ ਦਿੱਤਾ।
ਲਾਭ ਸਿੰਘ ਤੇ ਭਾਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਭੋਲਾ ਸਿੰਘ ਦੀ ਬੇਈਮਾਨੀ ਨੇ ਸਾਧੂ ਸਿੰਘ ਸਾਂਧਰਾ ਨੂੰ ਗ੍ਰਿਫ਼ਤਾਰ ਕਰਾ ਦਿੱਤਾ। ਸਾਧੂ ਸਿੰਘ ਬਨਾਮ ਕਿੰਗ ਇੰਪਾਇਰਰ ਦੇ ਨਾਂਅ ਹੇਠ 1930 ਨੂੰ ਹੁਸ਼ਿਆਰਪੁਰ ਦੀ ਸੈਸ਼ਨ ਕੋਰਟ 'ਚ ਮੁਕੱਦਮਾ ਸ਼ੁਰੂ ਹੋਇਆ ਤੇ ਤਿੰਨਾਂ ਨੂੰ ਫ਼ਾਂਸੀ ਦੀ ਸਜ਼ਾ ਦਾ ਹੁਕਮ ਸੁਣਾਇਆ ਗਿਆ। 16 ਮਈ ਨੂੰ ਫ਼ਾਂਸੀ ਤੋਂ ਇਕ ਦਿਨ ਪਹਿਲਾਂ ਜਲੰਧਰ ਦੀ ਜੇਲ੍ਹ 'ਚ ਸਾਧੂ ਸਿੰਘ ਦੀ ਵੱਡੀ ਭਰਜਾਈ ਭਾਗੋ ਤੇ ਵੱਡਾ ਭਤੀਜਾ ਜਗਤ ਸਿੰਘ ਵਲੋਂ ਉਸ ਨਾਲ ਮੁਲਾਕਾਤ ਕੀਤੀ ਗਈ ਸੀ। ਅਗਲੇ ਦਿਨ ਸਵੇਰੇ ਹੀ ਜਲੰਧਰ ਦੀ ਜੇਲ੍ਹ 'ਚ ਭਾਨ ਸਿੰਘ, ਲਾਭ ਸਿੰਘ ਤੇ ਸਾਧੂ ਸਿੰਘ ਨੂੰ ਫ਼ਾਂਸੀ ਦੇ ਕੇ ਸ਼ਹੀਦ ਕਰ ਦਿੱਤਾ ਗਿਆ। ਤਿੰਨਾਂ ਦੀਆਂ ਲਾਸ਼ਾਂ ਗੱਡੇ 'ਤੇ ਰੱਖ ਕੇ ਰੰਧਾਵਾ ਮਸੰਦਾਂ ਲਿਆਂਦੀਆਂ ਗਈਆਂ ਤੇ ਇਕੱਠਿਆਂ ਦਾ ਸਸਕਾਰ ਕੀਤਾ ਗਿਆ।

ਪਿਛਲੀ ਖ਼ਬਰ 16-05-26 ਅਗਲੀ ਖ਼ਬਰ ਨਵੇਂ ਕਿਰਤ ਕੋਡਾਂ ਨਾਲ ਮਜ਼ਦੂਰਾਂ ਦੇ ਅਧਿਕਾਰਾਂ ਨੂੰ ਲੱਗਾ ਖੋਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।