ਗਿੱਦੜਬਾਹਾ, 19 ਫ਼ਰਵਰੀ (ਪਰਮਜੀਤ ਸਿੰਘ ਥੇੜ੍ਹੀ)-ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਗਿੱਦੜਬਾਹਾ ਵਲੋਂ ਪ੍ਰਧਾਨ ਡਾ. ਗੁਰਦੇਵ ਸਿੰਘ ਦੀ ਅਗਵਾਈ ਵਿਚ ਆਪਣੀਆਂ ਮੰਗਾਂ ਸੰਬੰਧੀ ਮੰਗ ਪੱਤਰ ਤਹਿਸੀਲਦਾਰ ਗਿੱਦੜਬਾਹਾ ਨੂੰ ਸੌਂਪਿਆ ਗਿਆ | ਇਸ ਮੌਕੇ ਪ੍ਰਧਾਨ ਡਾ. ਗੁਰਦੇਵ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਆਮ ਕਿਰਤੀ ਲੋਕਾਂ ਨੂੰ ਸਸਤੀਆਂ ਤੇ ਮੁੱਢਲੀਆਂ ਸਿਹਤ ਸਹੂਲਤਾਂ ਦੇਣ ਵਾਲੇ ਪੇਂਡੂ ਡਾਕਟਰਾਂ ਨੂੰ ਕੰਮ ਕਰਨ ਦਾ ਕਾਨੂੰਨੀ ਹੱਕ ਬਹਾਲ ਕਰਨ, ਜੂਨੀਅਰ ਡਾਕਟਰਾਂ ਵਜੋਂ ਮਾਨਤਾ ਦੇਣ, ਚੀਨ ਦੀ ਤਰ੍ਹਾਂ ਸਿਹਤ ਸੇਵਾਵਾਂ ਦਾ ਕੌਮੀਕਰਨ ਕਰਕੇ ਪੇਂਡੂ ਡਾਕਟਰਾਂ ਨੂੰ ਮੁਹੱਲਾ ਕਲੀਨਿਕਾਂ ਵਿਚ ਤਾਇਨਾਤ ਕਰਨ, ਨਿੱਜੀਕਰਨ ਦੀਆਂ ਨੀਤੀਆਂ ਨੂੰ ਰੱਦ ਕਰਨ ਆਦਿ ਮੰਗਾਂ ਬਾਰੇ ਮੰਗ ਪੱਤਰ ਪੰਜਾਬ ਦੇ ਮੁੱਖ ਮੰਤਰੀ ਨੂੰ ਤਹਿਸੀਲਦਾਰ ਗਿੱਦੜਬਾਹਾ ਰਾਹੀਂ ਭੇਜਿਆ ਗਿਆ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਗਾਂ ਤੋਂ ਇਲਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਵਲੋਂ ਬੀਤੇ ਦਿਨੀਂ ਪਿੰਡ ਜਿਊਾਦ ਵਿਖੇ ਸ਼ਾਂਤਮਈ ਹੱਕ ਮੰਗ ਰਹੇ ਕਿਸਾਨਾਂ 'ਤੇ ਪੁਲਿਸ ਜਬਰ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਇਸ ਮੌਕੇ ਪ੍ਰਧਾਨ ਡਾ. ਗੁਰਦੇਵ ਸਿੰਘ, ਸਕੱਤਰ ਡਾ. ਗੁਰਪ੍ਰੀਤ ਸਿੰਘ ਬੂਟਾ, ਖ਼ਜ਼ਾਨਚੀ ਡਾ. ਸੁਖਦੇਵ ਸਿੰਘ, ਡਾ. ਮੋਤੀ ਰਾਮ, ਡਾ. ਵਿਸ਼ਾਲ ਕੁਮਾਰ, ਡਾ. ਹਰਪ੍ਰੀਤ ਸਿੰਘ ਅਤੇ ਡਾ. ਗੁਰਦੇਵ ਸਿੰਘ ਆਦਿ ਵੀ ਮੌਜੂਦ ਸਨ |