ਮਲੋਟ, 19 ਫ਼ਰਵਰੀ (ਅਜਮੇਰ ਸਿੰਘ ਬਰਾੜ)-ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੇ ਅਹੁਦੇਦਾਰਾਂ ਦੀ ਮੀਟਿੰਗ ਗੁਰਦੁਆਰਾ ਬਾਬਾ ਜੀਵਨ ਸਿੰਘ ਮਲੋਟ ਵਿਖੇ ਬਲਾਕ ਪ੍ਰਧਾਨ ਹਰਦੀਪ ਸਿੰਘ ਸਰਾਵਾਂ ਬੋਦਲਾ ਦੀ ਪ੍ਰਧਾਨਗੀ ਹੇਠ ਹੋਈ | ਮਲੋਟ-ਲੰਬੀ ਹਲਕੇ ਦੀ ਹੋਈ ਮੀਟਿੰਗ ਵਿਚ ਜ਼ਿਲ੍ਹਾ ਪ੍ਰਧਾਨ ਹਰਮਨਦੀਪ ਸਿੰਘ ਬਾਂਮ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜੋ ਭਾਰਤ ਸਰਕਾਰ ਅਮਰੀਕਾ ਨਾਲ ਵਪਾਰਕ ਸਮਝੌਤਾ ਕਰ ਰਹੀ ਹੈ, ਇਹ ਕਿਸਾਨ ਮਾਰੂ ਸਾਬਤ ਹੋਵੇਗਾ ਅਤੇ ਇਸ ਨਾਲ ਯਕੀਨਨ ਭਾਰਤ ਦਾ ਕਿਸਾਨ ਬਿਲਕੁਲ ਤਬਾਹੀ ਦੇ ਰਾਹ ਪੈ ਜਾਵੇਗਾ | ਪ੍ਰਧਾਨ ਹਰਦੀਪ ਸਿੰਘ ਤੋਂ ਇਲਾਵਾ ਮਹਿਲ ਸਿੰਘ ਸ਼ਾਮਖੇੜਾ, ਬਚਿੱਤਰ ਸਿੰਘ, ਸਾਂਝਾ ਰਾਮ ਭਗਵਾਨਪੁਰਾ, ਮੰਗਲ ਸਿੰਘ, ਗੁਰਦੇਵ ਸਿੰਘ, ਪੂਰਨ ਸਿੰਘ ਡੱਬਵਾਲੀ ਢਾਬ, ਜੰਗੀਰ ਸਿੰਘ ਸ਼ਾਮਖੇੜਾ, ਨਿਸ਼ਾਨ ਸਿੰਘ ਸਰਾਵਾਂ ਬੋਦਲਾ, ਕੁਲਵਿੰਦਰ ਸਿੰਘ ਸ਼ਾਮਖੇੜਾ ਤੇ ਹੋਰ ਆਗੂਆਂ ਨੇ ਵੀ ਕਿਹਾ ਕਿ ਅਮਰੀਕਾ ਦੇਸ਼ ਦੀ ਸਰਕਾਰ ਆਪਣੇ ਕਿਸਾਨਾਂ ਨੂੰ ਬਹੁਤ ਵੱਡੇ ਪੱਧਰ 'ਤੇ ਸਬਸਿਡੀਆਂ ਦਿੰਦੀ ਹੈ, ਜਦਕਿ ਭਾਰਤ ਵਿਚ ਕਿਸਾਨਾਂ ਨੂੰ ਬਹੁਤ ਘੱਟ ਸਬਸਿਡੀ ਦਿੱਤੀ ਜਾਂਦੀ ਹੈ | ਇਸ ਸਮਝੌਤੇ ਦਾ ਵਿਰੋਧ ਕਰਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਬਿਜਲੀ ਦੇ ਜੋ ਚਿੱਪ ਵਾਲੇ ਮੀਟਰ ਲਗਾਏ ਜਾ ਰਹੇ ਹਨ, ਜਥੇਬੰਦੀ ਇਸ ਦਾ ਵੀ ਸਖ਼ਤ ਵਿਰੋਧ ਕਰਦੀ ਹੈ ਅਤੇ ਮੰਗ ਕਰਦੀ ਹੈ ਕਿ ਪਹਿਲਾਂ ਵਾਂਗ ਹੀ ਬਿਜਲੀ ਸਪਲਾਈ ਵਾਲੇ ਮੀਟਰ ਲਗਾਏ ਜਾਣ, ਤਾਂ ਜੋ ਲੋਕ ਕਥਿਤ ਲੁੱਟ ਤੋਂ ਬਚ ਸਕਣ | ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮਲੋਟ ਬਲਾਕ ਦੇ ਕੁਝ ਪਿੰਡਾਂ ਵਿਚ 2025 ਵਿਚ ਕਣਕ ਤੇ ਝੋਨੇ ਦੀ ਫ਼ਸਲ ਦਾ ਗੜੇ੍ਹਮਾਰੀ ਕਰਕੇ ਜੋ ਨੁਕਸਾਨ ਹੋਇਆ ਸੀ, ਉਸ ਦਾ ਪੰਜਾਬ ਸਰਕਾਰ ਨੇ ਅਜੇ ਤੱਕ ਕੋਈ ਮੁਆਵਜ਼ਾ ਨਹੀਂ ਦਿੱਤਾ | ਆਗੂਆਂ ਨੇ ਇਹ ਮੁਆਵਜ਼ਾ ਤੁਰੰਤ ਦੇਣ ਲਈ ਕਿਹਾ |