ਫ਼ਰੀਦਕੋਟ, 28 ਫ਼ਰਵਰੀ (ਜਸਵੰਤ ਸਿੰਘ ਪੁਰਬਾ)-ਫ਼ਰੀਦਕੋਟ ਪੁਲਿਸ ਵਲੋਂ ਜੇਲ ਪ੍ਰਸ਼ਾਸਨ ਦੇ ਸਹਿਯੋਗ ਨਾਲ ਕੇਂਦਰੀ ਮਾਡਰਨ ਜੇਲ ਫ਼ਰੀਦਕੋਟ 'ਚ ਅਚਾਨਕ ਅਤੇ ਵਿਸਤਿ੍ਤ ਚੈਕਿੰਗ ਮੁਹਿੰਮ ਚਲਾਈ ਗਈ | ਇਹ ਚੈਕਿੰਗ ਮੁਹਿੰਮ 'ਚ 100 ਪੁਲਿਸ ਮੁਲਾਜ਼ਮਾਂ ਦੀਆਂ ਵੱਖ ਵੱਖ ਟੀਮਾਂ ਬਣਾ ਕੇ ਕੀਤੀ | ਇਹ ਸਰਚ ਆਪ੍ਰੇਸ਼ਨ ਐਸ.ਪੀ (ਸਥਾਨਕ) ਫ਼ਰੀਦਕੋਟ ਮਨਵਿੰਦਰ ਬੀਰ ਸਿੰਘ ਦੀ ਨਿਗਰਾਨੀ ਹੇਠ ਚਲਾਇਆ ਗਿਆ, ਉਨ੍ਹਾਂ ਨਾਲ ਮੁੱਖ ਅਫ਼ਸਰ ਥਾਣਾ ਸਮੇਤ ਜੇਲ੍ਹ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ | ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਕੈਦੀਆਂ ਦੇ ਬੈਰਕ, ਕੰਟੀਨ, ਬਾਥਰੂਮ, ਚਾਰਦੀਵਾਰੀ, ਨਿਗਰਾਨੀ ਕੈਮਰੇ ਅਤੇ ਹੋਰ ਸੁਰੱਖਿਆ ਪ੍ਰਣਾਲੀਆਂ ਦੀ ਗਹਿਰੀ ਜਾਂਚ ਕੀਤੀ | ਮਨਵਿੰਦਰ ਬੀਰ ਸਿੰਘ ਐਸ.ਪੀ ਨੇ ਦੱਸਿਆ ਕਿ ਪੁਲਿਸ ਦੀਆਂ ਵੱਖ-ਵੱਖ ਟੀਮਾਂ ਨੇ ਜੇਲ੍ਹ ਦੇ ਹਰ ਹਿੱਸੇ ਦੀ ਵਧੀਆ ਤਰੀਕੇ ਨਾਲ ਜਾਂਚ ਕੀਤੀ | ਉਨ੍ਹਾਂ ਕਿਹਾ ਕਿ ਮਹਿਲਾ ਬੈਰਕਾਂ ਦੀ ਜਾਂਚ ਮਹਿਲਾ ਪੁਲਿਸ ਮੁਲਾਜ਼ਮਾਂ ਵਲੋਂ ਵਿਸ਼ੇਸ਼ ਸੰਵੇਦਨਸ਼ੀਲਤਾ ਅਤੇ ਸੁਰੱਖਿਆ ਨਿਯਮਾਂ ਦੇ ਤਹਿਤ ਕੀਤੀ ਗਈ | ਐਸ.ਐਸ.ਪੀ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਇਹ ਚੈੱਕਿੰਗ ਕਿਸੇ ਵੀ ਗੈਰਕਾਨੂੰਨੀ ਚੀਜ਼ ਜਾਂ ਨਸ਼ੀਲੇ ਪਦਾਰਥ ਦੀ ਚੈਕਿੰਗ ਅਤੇ ਜੇਲ੍ਹ ਦੇ ਅੰਦਰ ਸੁਰੱਖਿਆ ਪ੍ਰਬੰਧਾਂ ਦੀ ਜਾਂਚ ਲਈ ਕੀਤੀ ਗਈ | ਇਹ ਮੁਹਿੰਮ ਗੁਪਤ ਰੱਖੀ ਗਈ ਤਾਂ ਜੋ ਕੋਈ ਸ਼ਰਾਰਤੀ ਤੱਤ ਇਸ ਦੀ ਜਾਣਕਾਰੀ ਲੈ ਕੇ ਬਚ ਨਾ ਸਕਣ | ਉਨ੍ਹਾਂ ਦੱਸਿਆ ਕਿ ਥਾਣਾ ਇੰਚਾਰਜ ਅਤੇ ਹੋਰ ਸਬੰਧਿਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਕਿ ਉਹ ਜੇਲ ਦੇ ਆਲੇ ਦੁਆਲੇ ਰਹਿਣ ਵਾਲੇ ਨਿਵਾਸੀਆਂ ਦਾ ਰਿਕਾਰਡ ਰੱਖਿਆ ਜਾਵੇ ਤਾਂ ਜੋ ਉਹ ਕੈਦੀਆਂ ਜਾਂ ਉਨ੍ਹਾਂ ਦੇ ਸਾਥੀਆਂ ਨਾਲ ਮਿਲਕੇ ਜੇਲ ਵਿਚ ਨਸ਼ਾ ਜਾਂ ਹੋਰ ਗੈਰਕਾਨੂੰਨੀ ਚੀਜ਼ਾਂ ਅੰਦਰ ਸੁੱਟਣ ਵਿਚ ਸ਼ਾਮਿਲ ਨਾ ਹੋਣ |