ਮੰਡੀ ਕਿੱਲਿਆਂਵਾਲੀ, 11 ਮਈ (ਇਕਬਾਲ ਸਿੰਘ ਸ਼ਾਂਤ)-ਪਿੰਡ ਬਾਦਲ ਵਿਚ ਬੀਤੀ ਰਾਤ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਡੇਅਰੀ ਫਾਰਮ ਦੇ 24 ਸਾਲਾ ਕਰਮਚਾਰੀ ਦੀ ਅਣਪਛਾਤੇ ਵਾਹਨ ਦੀ ਫੇਟ ਵੱਜਣ ਕਰਕੇ ਮੌਤ ਹੋ ਗਈ | ਮਿ੍ਤਕ ਦੀ ਪਛਾਣ ਵਿਨੋਦ ਕੁਮਾਰ ਪੁੱਤਰ ਪੂਰਨ ਰਾਮ ਵਜੋਂ ਹੋਈ ਹੈ, ਜੋ ਮੂਲ ਰੂਪ ਵਿਚ ਰਾਜਸਥਾਨ ਦੇ ਬਾਲਾਸਰ ਪਿੰਡ ਦਾ ਰਹਿਣ ਵਾਲਾ ਸੀ | ਵਿਨੋਦ ਦੀ ਲਾਸ਼ ਅੱਜ ਸਵੇਰੇ ਬਾਦਲ-ਮਹਿਣਾ ਰੋਡ 'ਤੇ ਸੋਲਰ ਪਲਾਂਟ ਨੇੜੇ ਸੜਕ ਕੰਢੇ ਬਰਾਮਦ ਹੋਈ | ਲੰਬੀ ਪੁਲਿਸ ਨੇ ਅਣਪਛਾਤੇ ਵਾਹਨ ਚਾਲਕ ਦੇ ਖ਼ਿਲਾਫ਼ ਬੀਐਨਐੱਸ ਧਾਰਾ 106(1) ਅਤੇ 281 ਤਹਿਤ ਮੁਕੱਦਮਾ ਦਰਜ ਕੀਤਾ ਹੈ | ਮਿ੍ਤਕ ਦੇ ਪਿਤਾ ਪੂਰਨ ਰਾਮ ਕਰੀਬ 30 ਸਾਲਾਂ ਤੋਂ ਬਾਦਲ ਡੇਅਰੀ ਫ਼ਾਰਮ 'ਤੇ ਪ੍ਰਾਈਵੇਟ ਨੌਕਰੀ ਕਰ ਰਿਹਾ ਹੈ, ਹੁਣ ਵਿਨੋਦ ਕੁਮਾਰ ਵੀ ਇੱਥੇ ਹੀ ਨੌਕਰੀ ਕਰਦਾ ਸੀ | ਮਿ੍ਤਕ ਅਜੇ ਕੁਵਾਰਾ ਸੀ ਅਤੇ ਡੇਅਰੀ ਫ਼ਾਰਮ ਵਿਚ ਰਹਿੰਦਾ ਸੀ | ਮਿ੍ਤਕ ਦੇ ਪਿਤਾ ਪੂਰਨ ਰਾਮ ਮੁਤਾਬਿਕ ਬੀਤੀ 10 ਮਈ ਨੂੰ ਰਾਤ ਲਗਪਗ ਸਵਾ ਕੁ 9 ਵਜੇ ਵਿਨੋਦ ਮੋਬਾਈਲ ਚਾਰਜਰ ਲੈਣ ਲਈ ਘਰੋਂ ਨਿਕਲਿਆ ਸੀ | ਪਰਿਵਾਰ ਨੂੰ ਲੱਗਿਆ ਕਿ ਉਹ ਵਾਪਸ ਆ ਕੇ ਡੇਅਰੀ ਫ਼ਾਰਮ ਦੇ ਨੌਹਰੇ ਵਿਚ ਸੌਂ ਗਿਆ ਹੋਵੇਗਾ | ਅੱਜ ਸਵੇਰ ਕਰੀਬ ਸਾਢੇ ਪੰਜ ਵਜੇ ਸੂਚਨਾ ਮਿਲੀ ਕਿ ਉਸਦੀ ਲਾਸ਼ ਬਾਦਲ-ਮਹਿਣਾ ਰੋਡ 'ਤੇ ਸੋਲਰ ਪਲਾਂਟ ਨੇੜੇ ਸੜਕ ਕੰਢੇ ਪਈ ਹੈ | ਸੂਚਨਾ ਮਿਲਣ 'ਤੇ ਲੰਬੀ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਪੜਤਾਲ ਸ਼ੁਰੂ ਕਰ ਦਿੱਤੀ | ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਗਿੱਦੜਬਾਹਾ ਦੀ ਮੋਰਚਰੀ ਵਿਚ ਭੇਜ ਦਿੱਤ ਗਿਆ | ਪੜਤਾਲ ਤਹਿਤ ਲੰਬੀ ਪੁਲਿਸ ਨੇ ਘਰ ਦੇ ਬਾਹਰੋਂ ਪਾਰਕਿੰਗ ਵਿਚ ਖੜ੍ਹੇ ਮਿ੍ਤਕ ਦੇ ਮੋਟਰਸਾਈਕਲ ਅਤੇ ਉਸ ਵਿਚ ਪਏ ਮੋਬਾਇਲ ਨੂੰ ਬਰਾਮਦ ਕੀਤਾ ਹੈ, ਜਿਸਦੀ ਪੁਸ਼ਟੀ ਲੰਬੀ ਥਾਣਾ ਦੇ ਮੁਖੀ ਜਸਵੀਰ ਸਿੰਘ ਨੇ ਕੀਤੀ ਹੈ | ਲੰਬੀ ਸਬ ਡਵੀਜਨ ਦੇ ਡੀਐੱਸਪੀ ਹਰਬੰਸ ਸਿੰਘ ਨੇ ਦੱਸਿਆ ਕਿ ਮੁੱਢਲੇ ਤੌਰ 'ਤੇ ਇਹ ਹਿੱਟ ਐਂਡ ਰਨ ਦਾ ਮਾਮਲਾ ਹੈ | ਮਿ੍ਤਕ ਦੇ ਪਿਤਾ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮ ਦੀ ਭਾਲ ਲਈ ਖੇਤਰ ਦੇ ਸੀਸੀਟੀਵੀ ਕੈਮਰੇ ਫ਼ਰੋਲੇ ਜਾ ਰਹੇ ਹਨ |