21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-05-2026

ਸਫ਼ਾਈ ਕਾਮਿਆਂ ਵਲੋਂ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਬਰੀਵਾਲਾ ਵਿਖੇ ਰੋਸ ਮੁਜ਼ਾਹਰਾ

ਅਜੀਤ ਡੈਸਕ 14-05-2026
ਸ੍ਰੀ ਮੁਕਤਸਰ ਸਾਹਿਬ, 13 ਮਈ (ਰਣਜੀਤ ਸਿੰਘ ਢਿੱਲੋਂ)-ਮਿਉਂਸੀਪਲ ਮੁਲਾਜ਼ਮ ਐਕਸ਼ਨ ਕਮੇਟੀ ਪੰਜਾਬ ਦੇ ਸੂਬਾ ਪੱਧਰੀ ਸੱਦੇ 'ਤੇ ਸਫ਼ਾਈ ਸੇਵਕ ਯੂਨੀਅਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਵਲੋਂ ਆਪਣੀਆਂ ਹੱਕੀ ਮੰਗਾਂ ਲਈ ਸ੍ਰੀ ਮੁਕਤਸਰ ਸਾਹਿਬ ਅਤੇ ਮੰਡੀ ਬਰੀਵਾਲਾ ਦੇ ਬਾਜ਼ਾਰ ਵਿਚ ਵਿਸ਼ਾਲ ਮੁਜ਼ਾਹਰਾ ਕੀਤਾ ਗਿਆ | ਪ੍ਰੈੱਸ ਬਿਆਨ ਜਾਰੀ ਕਰਦਿਆਂ ਜ਼ਿਲ੍ਹਾ ਪ੍ਰਧਾਨ ਵਿਜੈ ਕੁਮਾਰ, ਬਲਾਕ ਪ੍ਰਧਾਨ ਰਾਜ ਕੁਮਾਰ, ਵੈੱਲਫ਼ੇਅਰ ਸੁਸਾਇਟੀ ਦੇ ਜ਼ਿਲ੍ਹਾ ਪ੍ਰਧਾਨ ਬਲਜੀਤ ਕੁਮਾਰ ਅਤੇ ਮੀਤ ਪ੍ਰਧਾਨ ਸਿਕੰਦਰ ਨੇ ਕਿਹਾ ਕਿ ਅੱਜ ਕੰਮ ਛੋੜ ਹੜਤਾਲ ਨੂੰ ਪੂਰੇ 8 ਦਿਨ ਪੂਰੇ ਹੋ ਗਏ ਹਨ, ਪਰ ਪੰਜਾਬ ਸਰਕਾਰ ਦੇ ਕੰਨ 'ਤੇ ਜੂੰ ਨਹੀਂ ਸਰਕ ਰਹੀ | ਕੇਂਦਰ ਸਰਕਾਰ ਦੀ ਪੈੜ 'ਚ ਪੈਰ ਧਰਦੀ ਹੋਈ ਭਗਵੰਤ ਮਾਨ ਸਰਕਾਰ ਹਰ ਮਹਿਕਮੇ ਦਾ ਨਿੱਜੀਕਰਨ ਕਰ ਰਹੀ ਹੈ | ਸਰਕਾਰ ਲਗਾਤਾਰ ਸਰਕਾਰੀ ਅਦਾਰਿਆਂ ਨੂੰ ਖ਼ਤਮ ਕਰਕੇ ਠੇਕੇਦਾਰੀ ਸਿਸਟਮ ਪ੍ਰਫ਼ੁੱਲਿਤ ਕਰ ਰਹੀ ਹੈ | ਇਸ ਦਾ ਸਭ ਤੋਂ ਵੱਡਾ ਅਸਰ ਮਜ਼ਦੂਰਾਂ 'ਤੇ ਹੋ ਰਿਹਾ ਹੈ | ਸ਼ੁਰੂ ਤੋਂ ਹੀ ਸਫ਼ਾਈ ਕਾਮਿਆਂ ਨੂੰ ਕੰਟਰੈਕਟ 'ਤੇ ਭਰਤੀ ਕੀਤਾ ਹੋਇਆ ਹੈ | ਐਨੀ ਮਹਿੰਗਾਈ 'ਚ ਵੀ ਇਹ ਕਾਮੇ ਸਿਰਫ਼ 10 ਹਜ਼ਾਰ ਦੀ ਤਨਖ਼ਾਹ 'ਤੇ ਗੁਜ਼ਾਰਾ ਕਰਨ ਲਈ ਮਜ਼ਬੂਰ ਹਨ, ਉਹ ਵੀ ਸਮੇਂ ਸਿਰ ਨਹੀਂ ਆਉਂਦੀ | ਮੰਡੀ ਬਰੀਵਾਲਾ ਦੇ ਬਲਾਕ ਪ੍ਰਧਾਨ ਰਾਹੁਲ ਤਮੋਲੀ, ਮੀਤ ਪ੍ਰਧਾਨ ਸੁਰਜੀਤ ਸਿੰਘ ਅਤੇ ਮੇਟ ਰਤਨ ਲਾਲ ਨੇ ਕਿਹਾ ਕਿ ਹਾਲ ਇਹ ਹੋਇਆ ਪਿਆ ਕਿ ਮੰਡੀ ਬਰੀਵਾਲਾ ਵਿਚ ਤਾਂ ਕਾਮਿਆਂ ਦੀ ਗਿਣਤੀ ਵੀ ਪੂਰੀ ਨਹੀਂ | 50 ਬੰਦਿਆਂ ਦਾ ਕੰਮ ਸਿਰਫ਼ 13 ਕਰਮਚਾਰੀਆਂ ਤੋਂ ਕਰਵਾਇਆ ਜਾ ਰਿਹਾ ਹੈ, ਜਿਨ੍ਹਾਂ ਵਿਚੋਂ ਕੁਝ ਸੇਵਾ ਮੁਕਤੀ ਦੇ ਨੇੜੇ ਹਨ | ਇਸ ਤੋਂ ਇਲਾਵਾ 13 ਮਹੀਨੇ ਪਹਿਲਾਂ ਨਗਰ ਪੰਚਾਇਤ ਬਰੀਵਾਲਾ ਨੇ ਜੋ ਭਰਤੀ ਕੀਤੀ, ਉਸ ਵਿਚੋਂ ਵੀ 8 ਕਰਮਚਾਰੀ ਅਜੇ ਤੱਕ ਜੁਆਨਿੰਗ ਦੀ ਉਡੀਕ ਕਰ ਰਹੇ ਹਨ | ਉਨ੍ਹਾਂ ਮੰਗ ਕੀਤੀ ਕਿ ਵੇਟਿੰਗ ਲਿਸਟ ਨੂੰ ਵੀ ਬਹਾਲ ਕੀਤਾ ਜਾਵੇ | ਆਗੂਆਂ ਨੇ ਕਿਹਾ ਕਿ ਜਿਨ੍ਹਾਂ ਸਮਾਂ ਸਰਕਾਰ ਕੱਚੇ ਮੁਲਾਜ਼ਮ ਪੱਕੇ ਕਰਨ, ਠੇਕੇਦਾਰੀ ਸਿਸਟਮ ਬੰਦ ਕਰਨ, ਘੱਟੋ-ਘੱਟ ਤਨਖ਼ਾਹ 40,000 ਰੁਪਏ ਕਰਨ, ਪੁਰਾਣੀ ਪੈਨਸ਼ਨ ਬਹਾਲ ਕਰਵਾਉਣ ਸਮੇਤ ਸਾਰੀਆਂ ਮੰਗਾਂ ਨੂੰ ਨਹੀਂ ਮੰਨਦੀ, ਉਨ੍ਹਾਂ ਸਮਾਂ ਇਹ ਹੜਤਾਲ ਜਾਰੀ ਰਹੇਗੀ ਅਤੇ ਨਾਲ ਹੀ ਉਨ੍ਹਾਂ ਇਸ ਸੰਘਰਸ਼ ਨੂੰ ਹੋਰ ਤਿੱਖਾ ਕਰਨ ਦੀ ਚਿਤਾਵਨੀ ਦਿੱਤੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਜਸਵਿੰਦਰ ਝਬੇਲਵਾਲੀ, ਪੰਜਾਬ ਸਟੂਡੈਂਟਸ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਸੁਖਪ੍ਰੀਤ ਕੌਰ, ਜ਼ਿਲ੍ਹਾ ਮੀਤ ਪ੍ਰਧਾਨ ਰਜਿੰਦਰ ਸਿੰਘ ਢਿੱਲਵਾਂ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਤੋਂ ਬਲਜੀਤ ਸਿੰਘ ਭੱਟੀ ਨੇ ਸਮਰਥਨ ਕਰਦਿਆਂ ਸੰਬੋਧਨ ਕੀਤਾ | ਇਸ ਮੌਕੇ ਗੁਰਦੀਪ ਸਿੰਘ, ਸੂਬਾ ਸਿੰਘ, ਅਜੈ ਕੁਮਾਰ, ਵਿਕਰਮ ਕੁਮਾਰ, ਸਿਕੰਦਰ ਸਿੰਘ, ਛੋਟੂ ਰਾਮ, ਸੁਨੀਲ ਕੁਮਾਰ, ਧਰਮਪਾਲ, ਰਜਿੰਦਰ ਕੁਮਾਰ ਰਿੰਕੂ, ਸੋਹਿਤ, ਨੌਨਿਹਾਲ ਸਿੰਘ ਥਾਂਦੇਵਾਲਾ ਅਤੇ ਹੋਰ ਸਫ਼ਾਈ ਕਾਮੇ ਮੌਜੂਦ ਸਨ |
ਪਿਛਲੀ ਖ਼ਬਰ ਸ਼ਨੀਦੇਵ ਜੈਅੰਤੀ ਦੇ ਸੰਬੰਧ ਵਿਚ 108 ਘੰਟੇ ਦੀ ਤੇਲਧਾਰਾ 16 ਨੂੰ ਅਗਲੀ ਖ਼ਬਰ ਅੰਤਰਰਾਸ਼ਟਰੀ ਨਰਸਿੰਗ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।