ਸ੍ਰੀ ਮੁਕਤਸਰ ਸਾਹਿਬ, 19 ਮਈ (ਰਣਜੀਤ ਸਿੰਘ ਢਿੱਲੋਂ)-ਮਨਰੇਗਾ ਰੁਜ਼ਗਾਰ ਪ੍ਰਾਪਤੀ ਮਜ਼ਦੂਰ ਯੂਨੀਅਨ ਪੰਜਾਬ ਦੇ ਸੱਦੇ 'ਤੇ ਮਨਰੇਗਾ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਦੇ ਦਫ਼ਤਰ ਅੱਗੇ ਯੂਨੀਅਨ ਵਲੋਂ ਲੜੀਵਾਰ ਧਰਨਾ ਦੇਣ ਦਾ ਪ੍ਰੋਗਰਾਮ ਉਲੀਕਿਆ ਗਿਆ, ਪ੍ਰੰਤੂ ਪ੍ਰਸ਼ਾਸਨ ਦੇ ਭਰੋਸੇ ਮਗਰੋਂ ਇਕ ਵਾਰ ਧਰਨਾ ਚੁੱਕ ਲਿਆ ਗਿਆ ਅਤੇ 3 ਜੂਨ ਤੱਕ ਦਾ ਸਮਾਂ ਪ੍ਰਸ਼ਾਸਨ ਨੂੰ ਮੰਗਾਂ ਨੂੰ ਪੂਰੀਆਂ ਕਰਨ ਲਈ ਦਿੱਤਾ ਗਿਆ | ਧਰਨੇ ਦੀ ਅਗਵਾਈ ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ, ਜਸਵਿੰਦਰ ਸਿੰਘ ਸਾਹਿਬਚੰਦ, ਸਰਜੀਤ ਸਿੰਘ ਛੱਤਿਆਣਾ ਨੇ ਕੀਤੀ | ਆਗੂਆਂ ਨੇ ਕਿਹਾ ਕਿ ਮਨਰੇਗਾ ਕਾਮਿਆਂ ਨੂੰ ਕੰਮ ਅਰਜੀਆਂ ਦੀਆਂ ਰਸੀਦਾਂ ਨਹੀਂ ਦਿੱਤੀਆਂ ਜਾਂਦੀਆਂ, ਜਿੱਥੇ ਲੜ-ਭਿੜ ਕੇ ਰਸੀਦਾਂ ਲੈ ਲੈਂਦੇ ਹਨ, ਉੱਥੇ ਕੰਮ ਨਹੀਂ ਦਿੱਤਾ ਜਾਂਦਾ | ਜਦੋਂ ਮਨਰੇਗਾ ਕਾਮੇ ਕੰਮ ਨਹੀਂ ਤਾਂ ਭੱਤਾ ਦੇਣ ਦੀ ਮੰਗ ਕਰਦੇ ਹਨ, ਤਾਂ ਕਿਹਾ ਜਾਂਦਾ ਹੈ ਕਿ ਭੱਤਾ ਹਾਲੇ ਕਿਤੇ ਵੀ ਨਹੀਂ ਮਿਲਦਾ | ਇਸ ਧਰਨੇ ਨੂੰ ਸੀ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਹਰਲਾਭ ਸਿੰਘ ਦੂਹੇਵਾਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਾਰਟੀ ਮਨਰੇਗਾ ਕਾਮਿਆਂ ਦੀ ਹਰ ਮਦਦ ਕਰੇਗੀ | ਜ਼ਿਲ੍ਹਾ ਪ੍ਰਧਾਨ ਬੋਹੜ ਸਿੰਘ ਸੁਖਨਾ ਨੇ ਕਿਹਾ ਸਕਿੱਲਡ ਕਾਮਿਆਂ ਦੇ ਨਾਂਅ 'ਤੇ ਕਥਿਤ ਜਾਅਲੀ ਬਿੱਲ ਪਾਏ ਜਾਂਦੇ ਹਨ ਅਤੇ ਜਿਨ੍ਹਾਂ ਤੋਂ ਕੰਮ ਕਰਵਾਇਆ ਜਾਂਦਾ ਹੈ, ਉਨ੍ਹਾਂ ਦੀ ਉਜ਼ਰਤ ਅਣ ਸਕਿੱਲਡ ਕਾਮਿਆਂ ਦੇ ਖ਼ਾਤੇ ਵਿਚੋਂ ਦਿੱਤੀ ਜਾਂਦੀ ਹੈ | ਯੂਨੀਅਨ ਇਹ ਕਦਾਚਿਤ ਬਰਦਾਸ਼ਤ ਨਹੀਂ ਕਰੇਗੀ | ਉਨ੍ਹਾਂ ਕਿਹਾ ਕਿ ਉਜ਼ਰਤ ਰੇਟ ਲਿਸਟ ਜਾਰੀ ਕੀਤੀ ਜਾਵੇ ਅਤੇ ਪੰਜਾਬ ਵਿਚ 1 ਮਈ ਤੋਂ ਵਧਾਈਆਂ ਉਜ਼ਰਤਾਂ ਮੁਤਾਬਕ ਮਨਰੇਗਾ ਦਿਹਾੜੀ ਰੇਟ ਦਿੱਤਾ ਜਾਵੇ | ਯੂਨੀਅਨ ਨੇ ਕੰਮ 200 ਦਿਨ ਅਤੇ ਉਜ਼ਰਤ ਰੇਟ ਹਜ਼ਾਰ ਰੁਪਏ ਦਿਹਾੜੀ ਕਰਨ ਦੀ ਮੰਗ ਵੀ ਕੀਤੀ | ਇਸੇ ਦੌਰਾਨ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਅਤੇ ਡਿਪਟੀ ਕਮਿਸ਼ਨਰ ਨੇ ਯੂਨੀਅਨ ਆਗੂਆਂ ਨੂੰ ਮੀਟਿੰਗ ਲਈ ਦਫ਼ਤਰ ਵਿਚ ਬੁਲਾਇਆ | ਪ੍ਰਸ਼ਾਸਨ ਵਲੋਂ ਨਗਰ ਕੌਂਸਲ ਚੋਣਾਂ ਹੋਣ ਕਾਰਨ ਮੰਗਾਂ ਸੰਬੰਧੀ ਕੁਝ ਸਮਾਂ ਮੰਗਿਆ ਗਿਆ | ਉਨ੍ਹਾਂ ਯੂਨੀਅਨ ਨਾਲ ਆਗੂਆਂ ਨਾਲ 3 ਜੂਨ ਨੂੰ ਮੀਟਿੰਗ ਦਾ ਸਮਾਂ ਤਹਿ ਕੀਤਾ, ਜਿਸ ਵਿਚ ਸਾਰੇ ਮਸਲੇ ਵਿਚਾਰੇ 'ਤੇ ਨਜਿੱਠੇ ਜਾਣਗੇ | ਯੂਨੀਅਨ ਆਗੂਆਂ ਨੇ ਵੀ ਸਹਿਮਤੀ ਦਿੱਤੀ ਅਤੇ ਮੀਟਿੰਗ 3 ਜੂਨ ਨੂੰ ਲਾਜ਼ਮੀ ਹੋਵੇ ਤੇ ਪਹਿਲਾਂ ਦੀ ਤਰ੍ਹਾਂ ਰੱਦ ਨਾ ਕੀਤੀ ਜਾਵੇ | ਯੂਨੀਅਨ ਆਗੂਆਂ ਨੇ ਧਰਨਾਕਾਰੀਆਂ ਨੂੰ ਸੰਬੋਧਨ ਹੁੰਦਿਆਂ ਸਾਰੀ ਜਾਣਕਾਰੀ ਦਿੱਤੀ ਅਤੇ ਇਹ ਐਲਾਨ ਕੀਤਾ ਕਿ 3 ਜੂਨ ਨੂੰ ਮੀਟਿੰਗ ਵਿਚ ਮਸਲੇ ਹੱਲ ਨਹੀਂ ਹੁੰਦੇ, ਤਾਂ 4 ਜੂਨ ਤੋਂ ਲੜੀਵਾਰ ਮਨਰੇਗਾ ਅਧਿਕਾਰੀਆਂ ਦੇ ਪੁਤਲੇ ਫ਼ੂਕੇ ਜਾਣਗੇ | ਇਸ ਧਰਨੇ ਨੂੰ ਬਿੰਦਰ ਸਿੰਘ ਖੂੰਨਣ ਕਲਾਂ, ਜੈਮਲ ਸਿੰਘ ਨੇ ਵੀ ਸੰਬੋਧਨ ਕੀਤਾ | ਸੁਰਜੀਤ ਸਿੰਘ ਛੱਤਿਆਣਾ ਨੇ ਸਾਰੇ ਧਰਨਾਕਾਰੀਆਂ ਦਾ ਧੰਨਵਾਦ ਕੀਤਾ |