ਮੰਡੀ ਕਿੱਲਿਆਂਵਾਲੀ, 19 ਮਈ (ਇਕਬਾਲ ਸਿੰਘ ਸ਼ਾਂਤ)-ਡਾਂਸਰ ਮਹਿਲਾ ਨੂੰ ਕੰਮ ਦਾ ਝਾਂਸਾ ਦੇ ਕੇ ਕਥਿਤ ਸਰੀਰਕ ਸੰਬੰਧਾਂ ਲਈ ਦਬਾਅ ਬਣਾਉਣ ਅਤੇ ਨਾਂਹ ਕਰਨ 'ਤੇ ਬੇਰਹਿਮੀ ਨਾਲ ਕੁੱਟਮਾਰ ਦੇ ਦੋਸ਼ਾਂ ਹੇਠ ਥਾਣਾ ਕਿੱਲਿਆਂਵਾਲੀ (ਆਰਜੀ) ਵਿਚ ਤਾਇਨਾਤ ਏ.ਐੱਸ.ਆਈ. ਜਰਨੈਲ ਸਿੰਘ ਸਮੇਤ ਤਿੰਨ ਜਣਿਆਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ | ਹੋਰ ਮੁਲਜ਼ਮਾਂ ਵਿਚ ਇਕ ਸੇਵਾ ਮੁਕਤ ਹੋਮਗਾਰਡ ਕਰਮਚਾਰੀ ਅਤੇ ਕੈਂਪਰ ਆਰ.ਓ. ਸੰਚਾਲਕ ਸ਼ਾਮਿਲ ਹਨ | ਦੋਸ਼ ਹੈ ਕਿ ਮਹਿਲਾ ਵਲੋਂ ਸੰਬੰਧ ਬਣਾਉਣ ਤੋਂ ਨਾਂਹ ਕਰਨ 'ਤੇ ਏ.ਐੱਸ.ਆਈ. ਨੇ ਡੰਡੇ ਨਾਲ ਪਿੰਜਣੀਆਂ 'ਤੇ ਬੇਰਹਿਮੀ ਨਾਲ ਕੁੱਟਮਾਰ ਕੀਤੀ, ਜਦਕਿ ਨਾਲ ਖੜ੍ਹੇ ਸੇਵਾ ਮੁਕਤ ਹੋਮਗਾਰਡ ਨੇ ਥੱਪੜ ਮਾਰੇ | ਮਾਮਲਾ ਨਸ਼ਰ ਹੋਣ ਮਗਰੋਂ ਪੁਲਿਸ ਨੇ ਗਲੇ 'ਤੇ ਘਰੂੰਟਾਂ ਨਾਲ ਖ਼ੁਦ ਨੂੰ ਜ਼ਖ਼ਮੀ ਦੱਸਦੇ ਏ.ਐੱਸ.ਆਈ. ਨੂੰ ਸਖ਼ਤ ਨਿਗਰਾਨੀ ਹੇਠ ਸਿਵਲ ਹਸਪਤਾਲ ਬਾਦਲ ਵਿਚ ਦਾਖ਼ਲ ਕਰਵਾ ਦਿੱਤਾ | ਆਰਥਿਕ ਤੰਗੀ-ਤੁਰਸ਼ੀ ਕਰਕੇ ਕਰੀਬ 28 ਸਾਲਾਂ ਪੀੜਤ ਮਹਿਲਾ ਰਾਜਸਥਾਨ ਦੇ ਨੇੜਲੇ ਜ਼ਿਲਿ੍ਹਆਂ ਵਿਚ ਡਾਂਸਰ ਵਜੋਂ ਕੰਮ ਕਰਦੀ ਹੈ | ਘਟਨਾ ਮਗਰੋਂ ਉਹ ਥਾਣਾ ਕਿੱਲਿਆਂਵਾਲੀ ਪੁੱਜੀ ਅਤੇ ਏ.ਐੱਸ.ਆਈ. ਦੀ ਕਰਤੂਤ ਨੂੰ ਲੈ ਕੇ ਖ਼ੂਬ ਹੰਗਾਮਾ ਕੀਤਾ | ਪੀੜਤਾ ਦੇ ਬਿਆਨਾਂ ਮੁਤਾਬਕ ਕੈਂਪਰਾਂ ਵਾਲੇ ਸੁਰਿੰਦਰ ਕੁਮਾਰ ਨੇ ਡਾਂਸ ਦਾ ਕੰਮ ਦਿਵਾਉਣ ਦਾ ਝਾਂਸਾ ਦੇ ਕੇ 16 ਮਈ ਨੂੰ ਡੱਬਵਾਲੀ ਬੁਲਾਇਆ ਅਤੇ ਆਪਣੇ ਘਰ ਰੋਕ ਲਿਆ | ਸ਼ਾਮ ਨੂੰ ਉਸ ਨੇ ਕਿਹਾ ਕਿ ਉਸ ਦਾ ਦੋਸਤ ਏ.ਐੱਸ.ਆਈ. ਜਰਨੈਲ ਸਿੰਘ ਤੈਨੂੰ ਕੰਮ ਦਿਵਾ ਦੇਵੇਗਾ | ਪੀੜਤਾ ਅਨੁਸਾਰ ਵਿਹੜੇ ਵਿਚ ਵਰਦੀਧਾਰੀ ਏ.ਐੱਸ.ਆਈ. ਤੇ ਸਿਵਲ ਕੱਪੜਿਆਂ ਵਿਚ ਇਕ ਹੋਰ ਵਿਅਕਤੀ ਮੌਜੂਦ ਸੀ | ਦੋਵਾਂ ਨੇ ਸਰੀਰਕ ਸੰਬੰਧਾਂ ਲਈ ਦਬਾਅ ਬਣਾਇਆ | ਉਸ ਵਲੋਂ ਇਨਕਾਰ ਕਰਨ 'ਤੇ ਏ.ਐੱਸ.ਆਈ. ਭੜਕ ਗਿਆ, ਜਿਸ ਉਪਰੰਤ ਉਸ ਦੇ ਗਲੇ ਵਿਚ ਹੱਥ ਪਾ ਕੇ ਗਾਲ੍ਹਾਂ ਕੱਢੀਆਂ ਅਤੇ ਬੇਰਹਿਮੀ ਨਾਲ ਪਿੰਜਣੀਆਂ ਦੀ ਡੰਡੇ ਨਾਲ ਕੁੱਟਮਾਰ ਕੀਤੀ, ਜਦਕਿ ਦੂਜੇ ਵਿਅਕਤੀ ਨੇ ਥੱਪੜ ਮਾਰੇ | ਸੁਰਿੰਦਰ ਕੁਮਾਰ ਵੀ ਦਬਾਅ ਬਣਾਉਂਦਾ ਰਿਹਾ | ਪੀੜਤਾ ਧੱਕਾ-ਮੁੱਕੀ ਕਰਕੇ ਉੱਥੋਂ ਭੱਜ ਕੇ ਪੁਲਿਸ ਕੋਲ ਪੁੱਜੀ | ਥਾਣਾ ਮੁਖੀ ਕਰਮਜੀਤ ਕੌਰ ਨੇ ਦੱਸਿਆ ਕਿ ਪੀੜਤਾ ਦੇ ਬਿਆਨਾਂ 'ਤੇ ਜਰਨੈਲ ਸਿੰਘ, ਗੁਰਨਾਥ ਸਿੰਘ ਤੇ ਸੁਰਿੰਦਰ ਕੁਮਾਰ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਗਿ੍ਫ਼ਤਾਰ ਕਰ ਲਿਆ ਗਿਆ ਹੈ | ਉਨ੍ਹਾਂ ਮੁਤਾਬਕ ਮਹਿਲਾ ਦੀਆਂ ਲੱਤਾਂ 'ਤੇ ਕੁੱਟਮਾਰ ਦੇ ਨਿਸ਼ਾਨ ਸਾਫ਼ ਸਨ | ਦੂਜੇ ਪਾਸੇ ਸਿਵਲ ਹਸਪਤਾਲ ਬਾਦਲ ਵਿਚ ਦਾਖ਼ਲ ਏ.ਐੱਸ.ਆਈ. ਜਰਨੈਲ ਸਿੰਘ ਨੇ ਦੋਸ਼ਾਂ ਨੂੰ ਨਕਾਰਦਿਆਂ ਕਿਹਾ ਕਿ ਉਹ ਵੜਿੰਗਖੇੜਾ ਤੋਂ ਪੁਲਿਸ ਕਾਰਵਾਈ ਮਗਰੋਂ ਵਾਪਸ ਆ ਰਿਹਾ ਸੀ | ਕਿੰਗ ਪੈਲੇਸ ਨੇੜੇ ਮਹਿਲਾ ਤੇ ਕੁਝ ਨੌਜਵਾਨਾਂ ਵਿਚਾਲੇ ਝਗੜਾ ਹੋ ਰਿਹਾ ਸੀ | ਉਸ ਨੇ ਕਾਰ ਰੋਕ ਕੇ ਹਟਾਉਣ ਦੀ ਕੋਸ਼ਿਸ਼ ਕੀਤੀ ਤਾਂ ਮਹਿਲਾ ਨੇ ਹਮਲਾ ਕਰ ਦਿੱਤਾ, ਜਿਸ ਨਾਲ ਉਸ ਦੇ ਗਲੇ 'ਤੇ ਘਰੂੰਟ ਆਏ | ਉਸ ਮੁਤਾਬਕ ਉਹ ਸੁਰਿੰਦਰ ਕੁਮਾਰ ਨੂੰ ਨਹੀਂ ਜਾਣਦਾ |