ਫ਼ਰੀਦਕੋਟ, 19 ਮਈ (ਜਸਵੰਤ ਸਿੰਘ ਪੁਰਬਾ)-ਨਗਰ ਕੌਂਸਲ ਚੋਣਾਂ ਵਿਚ ਕਾਗਜ਼ ਵਾਪਸੀ ਲੈਣ ਤੋਂ ਬਾਅਦ ਜ਼ਿਲ੍ਹਾ ਫ਼ਰੀਦਕੋਟ ਵਿਚ 249 ਉਮੀਦਵਾਰ ਚੋਣ ਮੈਦਾਨ ਵਿਚ ਰਹਿ ਗਏ ਹਨ ਜਿਨ੍ਹਾਂ ਵਿਚ ਆਮ ਆਦਮੀ ਪਾਰਟੀ, ਕਾਂਗਰਸ, ਸ਼ੋ੍ਰਮਣੀ ਅਕਾਲੀ ਦਲ, ਭਾਜਪਾ ਅਤੇ ਆਜ਼ਾਦ ਉਮੀਦਵਾਰ ਸ਼ਾਮਿਲ ਹਨ | ਫ਼ਰੀਦਕੋਟ ਸ਼ਹਿਰ ਦੇ 25 ਵਾਰਡਾਂ ਵਿਚੋਂ ਵਾਰਡ ਨੰ: 20 ਤੋਂ ਆਜ਼ਾਦ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਰਿਹਾ ਹੈ | ਕੋਟਕਪੂਰਾ ਸ਼ਹਿਰ ਦੇ ਦੋ ਵਾਰਡਾਂ ਵਿਚ ਉਮੀਦਵਾਰ ਜੇਤੂ ਰਹੇ ਹਨ | ਜਦੋਂਕਿ ਜੈਤੋ ਦੇ 7 ਵਾਰਡਾਂ ਦੇ ਉਮੀਦਵਾਰ ਬਿਨਾਂ ਮੁਕਾਬਲਾ ਇਹ ਚੋਣ ਜਿੱਤ ਗਏ ਹਨ | ਜ਼ਿਲ੍ਹੇ ਵਿਚ ਫ਼ਰੀਦਕੋਟ ਸ਼ਹਿਰ 'ਚੋਂ ਅੱਜ 11 ਉਮੀਦਵਾਰਾਂ, ਜੈਤੋ ਤੋਂ 6 ਉਮੀਦਵਾਰਾਂ ਅਤੇ ਕੋਟਕਪੂਰਾ ਤੋਂ 14 ਉਮੀਦਵਾਰਾਂ ਨੇ ਆਪਣੇ ਕਾਗਜ਼ ਵਾਪਸ ਲੈ ਲਏ ਹਨ | ਇਸੇ ਤਰ੍ਹਾਂ ਚੋਣ ਮੈਦਾਨ ਵਿਚ ਫ਼ਰੀਦਕੋਟ ਤੋਂ 105, ਜੈਤੋ ਤੋਂ 44 ਅਤੇ ਕੋਟਕਪੂਰਾ 100 ਉਮੀਦਵਾਰ ਚੋਣ ਮੈਦਾਨ 'ਚ ਆ ਗਏ ਹਨ |