ਮੰਡੀ ਕਿੱਲਿਆਂਵਾਲੀ, 10 ਜੂਨ (ਇਕਬਾਲ ਸਿੰਘ ਸ਼ਾਂਤ)-ਜੱਟ ਸਿੱਖ ਦਬਦਬੇ ਵਾਲੀ ਪੰਜਾਬ ਸਿਆਸਤ ਵਿਚ ਭਾਜਪਾ ਦੀ ਤਿੱਖੀ ਨਜ਼ਰ ਸੂਬੇ ਦੇ ਕਰੀਬ 54 ਫ਼ੀਸਦ ਓ.ਬੀ.ਸੀ. ਅਤੇ ਐੱਸ.ਸੀ. ਭਾਈਚਾਰੇ ਦੇ ਵੋਟ ਬੈਂਕ 'ਤੇ ਹੈ | ਇਸ ਵਰਗ ਦੇ ਸਹਾਰੇ ਪੰਜਾਬ ਵਿਚ ਆਪਣੇ ਬਲਬੂਤੇ 'ਤੇ ਪੈਰ ਜਮਾਉਣ ਲਈ ਜ਼ਿਲ੍ਹਾ ਫ਼ਾਜ਼ਿਲਕਾ ਨੂੰ ਵੱਡੀ ਭਵਿੱਖੀ ਰਣਨੀਤੀ ਦਾ ਧੁਰਾ ਬਣਾਇਆ ਹੈ | ਇਹ ਜ਼ਿਲ੍ਹਾ ਭਾਜਪਾ ਦੀਆਂ ਕਈ ਪੁਰਾਣੀਆਂ ਜਿੱਤਾਂ ਦਾ ਗੜ੍ਹ ਰਿਹਾ ਹੈ, ਜਿਸ ਤਹਿਤ ਭਾਜਪਾ ਵਲੋਂ 13 ਜੂਨ ਨੂੰ ਅਬੋਹਰ ਵਿਖੇ ਰਾਜ ਪੱਧਰੀ ਸਰਵ ਸਮਾਜ ਓ.ਬੀ.ਸੀ. ਰੈਲੀ ਕਰਵਾਈ ਜਾ ਰਹੀ ਹੈ | ਰੈਲੀ ਵਿਚ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਮੁੱਖ ਮਹਿਮਾਨ ਹੋਣਗੇ, ਜੋ ਹਰਿਆਣਾ ਦੇ ਪਹਿਲੇ ਓ.ਬੀ.ਸੀ. ਮੁੱਖ ਮੰਤਰੀ ਹਨ | ਨਾਲ ਹੀ ਹਰਿਆਣਾ ਦੇ ਕੈਬਨਿਟ ਮੰਤਰੀ ਰਣਬੀਰ ਗੰਗਵਾ ਨੂੰ ਰੈਲੀ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਗਈ ਹੈ, ਜੋ ਖ਼ੁਦ ਓ.ਬੀ.ਸੀ. (ਪ੍ਰਜਾਪਤ ਸਮਾਜ) ਨਾਲ ਸੰਬੰਧ ਰੱਖਦੇ ਹਨ | ਛਿਪਦੇ ਪੰਜਾਬ ਤੋਂ ਚੜ੍ਹਦੇ ਚੰਡੀਗੜ੍ਹ ਤੱਕ 'ਭਗਵਾ' ਪੈਰ ਜਮਾਉਣ ਲਈ ਗੁਆਂਢੀ ਸੂਬੇ ਹਰਿਆਣਾ ਭਾਜਪਾ ਦਾ ਸੰਗਠਚ ਵੀ ਤਨਦੇਹੀ ਨਾਲ ਜੁਟਿਆ ਹੋਇਆ ਹੈ | ਸਿਆਸੀ ਹਲਕਿਆਂ ਅਨੁਸਾਰ ਇਹ ਰੈਲੀ ਜ਼ਿਲ੍ਹਾ ਫ਼ਾਜ਼ਿਲਕਾ ਸਮੇਤ ਪੰਜਾਬ ਦੇ ਸਮੂਹ ਪਛੜੇ ਵਰਗਾਂ ਨੂੰ ਭਾਜਪਾ ਨਾਲ ਜੋੜਨ ਦੀ ਡੂੰਘੀ ਕੋਸ਼ਿਸ਼ ਹੈ | ਜ਼ਿਲ੍ਹੇ ਵਿਚ ਓ.ਬੀ.ਸੀ. ਵੋਟ ਬੈਂਕ ਕਰੀਬ 33-34 ਫ਼ੀਸਦ ਹੈ | ਪਾਰਟੀ ਹਰਿਆਣਾ ਦੀ ਤਰਜ਼ 'ਤੇ ਇੱਥੇ ਨਵੇਂ ਗੈਰ ਜੱਟ ਸਿੱਖ ਸਿਆਸੀ ਸਮੀਕਰਨ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਇਸ ਮੁਹਿੰਮ ਲਈ ਪੰਜਾਬ ਭਾਜਪਾ ਦੇ ਨਾਲ ਹਰਿਆਣਾ ਦੇ ਮੁੱਖ ਮੰਤਰੀ ਤੋਂ ਲੈ ਕੇ ਮੰਤਰੀ ਅਤੇ ਵਰਕਰ ਤੱਕ ਸਰਗਰਮ ਨਜ਼ਰ ਆ ਰਹੇ ਹਨ | ਚੋਣ ਇਤਿਹਾਸ ਅਨੁਸਾਰ ਅਬੋਹਰ ਤੇ ਫ਼ਾਜ਼ਿਲਕਾ ਭਾਜਪਾ ਦੇ ਪੁਰਾਣੇ ਗੜ੍ਹ ਰਹੇ ਹਨ | ਅਬੋਹਰ ਤੋਂ 1957, 1967, 1969, 1985, 1997 ਤੇ 2017 ਵਿਚ ਜਨਸੰਘ/ਭਾਜਪਾ ਜਿੱਤੀ, ਜਦਕਿ ਫ਼ਾਜ਼ਿਲਕਾ ਤੋਂ 1962, 1985 ਅਤੇ ਸੁਰਜੀਤ ਕੁਮਾਰ ਜਿਆਣੀ 1997, 2007 ਤੇ 2012 ਵਿਚ ਵਿਧਾਇਕ ਬਣੇ | 2022 ਵਿਚ ਬੱਲੂਆਣਾ ਤੋਂ ਭਾਜਪਾ ਨੂੰ 27.59 ਫ਼ੀਸਦ ਵੋਟਾਂ ਨਾਲ ਦੂਜਾ ਸਥਾਨ ਮਿਲਿਆ ਸੀ, ਜਦਕਿ ਤਾਜ਼ਾ ਮਿਉਂਸੀਪਲ ਚੋਣਾਂ ਵਿਚ ਭਾਜਪਾ ਨੇ ਅਬੋਹਰ ਦੀਆਂ 50 ਵਿਚੋਂ 28 ਸੀਟਾਂ ਜਿੱਤੀਆਂ | ਸਿਆਸੀ ਮਾਹਰਾਂ ਮੁਤਾਬਿਕ ਫ਼ਾਜ਼ਿਲਕਾ ਦੀ ਸਿਆਸਤ ਜੱਟ ਸੱਖਾਂ ਨਾਲੋਂ ਵੱਧ ਓ.ਬੀ.ਸੀ., ਐੱਸ.ਸੀ. ਅਤੇ ਹਿੰਦੂ ਵੋਟਰਾਂ ਦੇ ਆਲੇ-ਦੁਆਲੇ ਘੁੰਮਦੀ ਹੈ | ਸਥਾਨਕ ਜਾਣਕਾਰਾਂ ਮੁਤਾਬਕ ਇੱਥੇ ਓ.ਬੀ.ਸੀ. 32-35 ਫ਼ੀਸਦ, ਐੱਸ.ਸੀ. 28-30 ਫ਼ੀਸਦ ਅਤੇ ਜਾਟ ਤੇ ਸ਼ਹਿਰੀ ਹਿੰਦੂ 22-25 ਫ਼ੀਸਦ ਹਨ | ਅਬੋਹਰ ਵਿਚ 26 ਫ਼ੀਸਦ ਓ.ਬੀ.ਸੀ. ਵੋਟਰ ਹਨ, ਜਿਨ੍ਹਾਂ ਵਿਚ 14 ਫ਼ੀਸਦ ਪ੍ਰਜਾਪਤ ਅਤੇ 10 ਫ਼ੀਸਦ ਕੰਬੋਜ ਦੱਸੇ ਜਾਂਦੇ ਹਨ | ਜੱਟ ਸਿੱਖ ਵੋਟ ਬੈਂਕ ਸਿਰਫ਼ 10-12 ਫ਼ੀਸਦ ਹੈ | ਸਿਆਸੀ ਮਾਹਰਾਂ ਦਾ ਮੰਨਣਾ ਹੈ ਕਿ ਐੱਸ.ਸੀ. ਅਤੇ ਓ.ਬੀ.ਸੀ. ਵਰਗ ਸੂਬੇ ਦੀ ਰਵਾਇਤੀ ਸਿਆਸਤ ਵਿਚ ਖ਼ੁਦ ਨੂੰ ਅਣਗੌਲਿਆ ਮਹਿਸੂਸ ਕਰਦੇ ਆ ਰਹੇ ਹਨ | ਸੂਤਰਾਂ ਅਨੁਸਾਰ ਕਿਸਾਨ ਅੰਦੋਲਨ ਤੇ ਲੋਕ ਸਭਾ ਚੋਣਾਂ ਦੌਰਾਨ ਕਿਸਾਨ ਜਥੇਬੰਦੀਆਂ ਦੇ ਨਾਂਹ-ਪੱਖੀ ਰਵੱਈਏ ਤੋਂ ਬਾਅਦ ਭਾਜਪਾ ਮਾਲਵਾ ਦੇ ਇਸ 'ਛਿਪਦੇ ਪੰਜਾਬ' ਤੋਂ ਵੱਖਰਾ ਸਮਾਜਿਕ-ਸਿਆਸੀ ਆਧਾਰ ਖੜ੍ਹਾ ਕਰਕੇ 'ਚੜ੍ਹਦੇ' ਪੰਜਾਬ ਦੀ ਸੱਤਾ ਤੱਕ ਪਹੁੰਚਣ ਦੀ ਕੋਸ਼ਿਸ਼ ਵਿਚ ਹੈ | ਮਿਸ਼ਨ-2027' ਤਹਿਤ ਹਰਿਆਣਾ ਦੇ ਭਾਜਪਾ ਆਗੂ ਸਰਹੱਦੀ ਖੇਤਰਾਂ ਵਿਚ ਸਰਗਰਮ ਹਨ | ਰਣਬੀਰ ਗੰਗਵਾ ਨੇ ਹਾਲ ਹੀ ਵਿਚ ਡੱਬਵਾਲੀ 'ਚ ਮੀਟਿੰਗ ਕਰਕੇ ਲੰਬੀ ਹਲਕੇ ਦੇ ਪਿੰਡਾਂ ਵਿਚ ਅਬੋਹਰ ਰੈਲੀ ਦਾ ਸੱਦਾ ਪਹੁੰਚਾਉਣ ਦੀਆਂ ਡਿਊਟੀਆਂ ਲਗਾਈਆਂ | ਇਸ ਤਹਿਤ ਹਰਿਆਣਾ ਬੀਜ ਵਿਕਾਸ ਨਿਗਮ ਦੇ ਦੇਵ ਕੁਮਾਰ ਸ਼ਰਮਾ ਨੇ ਲੰਬੀ ਹਲਕੇ ਦੇ ਪਿੰਡਾਂ ਵਿਚ ਮੀਟਿੰਗਾਂ ਕੀਤੀਆਂ |