ਸ੍ਰੀ ਮੁਕਤਸਰ ਸਾਹਿਬ, 21 ਜੁਲਾਈ (ਹਰਮਹਿੰਦਰ ਪਾਲ)-ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਮੁਕਤਸਰ ਸਾਹਿਬ ਡਾ. ਜਗਸੀਰ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਤੇ ਸਹਾਇਕ ਪੌਦਾ ਸੁਰੱਖਿਆ ਅਫ਼ਸਰ ਡਾ. ਰਾਜਵਿੰਦਰ ਸਿੰਘ ਦੀ ਅਗਵਾਈ ਹੇਠ ਬਲਾਕ ਪਿੰਡ ਬੱਲਮਗੜ੍ਹ ਵਿਖੇ ‘ਮਿਸ਼ਨ ਫਾਰ ਕਾਟਨ ਪ੍ਰੋਡਕਟੀਵਿਟੀ’ ਅਧੀਨ ਖੇਤ ਦਿਵਸ ਮਨਾਇਆ ਗਿਆ। ਇਸ ਮੌਕੇ ਡਾ. ਹਰਮਨਦੀਪ ਸਿੰਘ (ਏ.ਡੀ.ਓ.) ਨੇ ਨਰਮੇ/ਕਪਾਹ ਦੀ ਫ਼ਸਲ ਵਿਚ ਖ਼ਾਦਾਂ ਦੇ ਸਹੀ ਪ੍ਰਬੰਧਨ ਤੇ ਸੰਤੁਲਿਤ ਵਰਤੋਂ ਬਾਰੇ ਤਕਨੀਕੀ ਨੁਕਤੇ ਸਾਂਝੇ ਕੀਤੇ। ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਨਰਮੇ ਦੀ ਫ਼ਸਲ ਨੂੰ ਕੀੜੇ-ਮਕੌੜਿਆਂ (ਖ਼ਾਸ ਕਰਕੇ ਗੁਲਾਬੀ ਸੁੰਡੀ ਤੇ ਚਿੱਟੀ ਮੱਖੀ) ਦੇ ਹਮਲੇ ਤੋਂ ਬਚਾਉਣ ਲਈ ਸਰਬਪੱਖੀ ਕੀਟ ਪ੍ਰਬੰਧਨ ਦੇ ਅਹਿਮ ਨੁਕਤੇ ਦੱਸੇ। ਉਨ੍ਹਾਂ ਕਿਸਾਨਾਂ ਨੂੰ ਖੇਤਾਂ ਵਿਚੋਂ ਨਦੀਨਾਂ ਦੀ ਸਾਫ਼-ਸਫ਼ਾਈ ਰੱਖਣ ਅਤੇ ਨਰਮੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ (ਨਿਰੀਖਣ) ਕਰਦੇ ਰਹਿਣ ਲਈ ਆਖਿਆ ਤਾਂ ਜੋ ਕੀੜੇ-ਮਕੌੜਿਆਂ ਦਾ ਖ਼ਾਸ ਧਿਆਨ ਰੱਖਿਆ ਜਾ ਸਕੇ ਅਤੇ ਖੇਤਾਂ ਵਿਚ ਪੀ.ਏ.ਯੂ. ਵਲੋਂ ਸਿਫ਼ਾਰਸ਼ ਕੀਤੀਆਂ ਕੀਟਨਾਸ਼ਕਾਂ ਤੇ ਨਦੀਨਨਾਸ਼ਕਾਂ ਦਾ ਹੀ ਸਪ੍ਰੇਅ ਕੀਤਾ ਜਾਵੇ। ਡਾ. ਸ਼ਵਿੰਦਰ ਸਿੰਘ ਏ.ਡੀ.ਓ. (ਜ.ਕ.) ਵਲੋਂ ਮਹਿਕਮੇ ਦੀਆਂ ਚੱਲ ਰਹੀਆਂ ਵੱਖ-ਵੱਖ ਕਿਸਾਨ ਭਲਾਈ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਇਸ ਦੇ ਨਾਲ ਹੀ ਉਨ੍ਹਾਂ ਕਿਸਾਨਾਂ ਨੂੰ ਵਿਸ਼ੇਸ਼ ਤੌਰ ’ਤੇ ਸੁਚੇਤ ਕਰਦਿਆਂ ਅਪੀਲ ਕੀਤੀ ਕਿ ਉਹ ਬਾਜ਼ਾਰ ਵਿਚੋਂ ਕੋਈ ਵੀ ਬੀਜ, ਖ਼ਾਦ ਜਾਂ ਖੇਤੀ ਦਵਾਈਆਂ (ਇਨਪੁੱਟਸ) ਖ਼ਰੀਦਣ ਸਮੇਂ ਦੁਕਾਨਦਾਰ ਤੋਂ ਉਸ ਦਾ ਪੱਕਾ ਬਿੱਲ ਜ਼ਰੂਰ ਲੈਣ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਧੋਖਾਧੜੀ ਤੋਂ ਬਚਿਆ ਜਾ ਸਕੇ। ਉਨ੍ਹਾਂ ਕਿਸਾਨਾਂ ਨੂੰ ਪੀ.ਐੱਮ. ਕਿਸਾਨ ਯੋਜਨਾ ਅਤੇ ਫਾਰਮਰ ਰਜਿਸਟਰੀ ਕਰਵਾਉਣ ਦੀ ਪ੍ਰਕਿਰਿਆ ਬਾਰੇ ਵੀ ਜਾਗਰੂਕ ਕੀਤਾ। ਇਸ ਖੇਤ ਦਿਵਸ ਦਾ ਸਾਰਾ ਸੁਚੱਜਾ ਪ੍ਰਬੰਧ ਸਵਰਨਜੀਤ ਸਿੰਘ (ਸਹਾਇਕ ਟੈਕਨਾਲੋਜੀ ਮੈਨੇਜਰ) ਅਤੇ ਦੀਪਇੰਦਰ ਸਿੰਘ (ਫ਼ੀਲਡਮੈਨ) ਵਲੋਂ ਕੀਤਾ ਗਿਆ। ਇਸ ਮੌਕੇ ਪਿੰਡ ਬੱਲਮਗੜ੍ਹ ਦੇ ਮਨਜੀਤ ਸਿੰਘ (ਆਪ) ਅਤੇ ਇਲਾਕੇ ਦੇ ਹੋਰ ਕਈ ਅਗਾਂਹਵਧੂ ਕਿਸਾਨ ਵੀ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।
ਖੇਤੀਬਾੜੀ ਵਿਭਾਗ ਵਲੋਂ ਪਿੰਡ ਬੱਲਮਗੜ੍ਹ ਵਿਖੇ ਖੇਤ ਦਿਵਸ ਮਨਾਇਆ
ਅਜੀਤ ਡੈਸਕ
22-07-2026