ਬੁਢਲਾਡਾ, 28 ਫਰਵਰੀ (ਸਵਰਨ ਸਿੰਘ ਰਾਹੀ)- ਹਲਕਾ ਬੁਢਲਾਡਾ ਦੇ ਵਿਧਾਇਕ ਬੁੱਧ ਰਾਮ ਨੇ ਪੈੱ੍ਰਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਬੁਢਲਾਡਾ ਦੀਆਂ ਪਹਿਲ ਦੇ ਆਧਾਰ 'ਤੇ ਬਣਨ ਵਾਲੀਆਂ ਦੋ ਪ੍ਰਮੁੱਖ ਸੜਕਾਂ ਸਮੇਤ ਹੋਰਨਾਂ ਪੇਂਡੂ ਸੰਪਰਕ ਸੜਕਾਂ ਬਣਾਉਣ ਲਈ 111 ਕਰੋੜ ਰੁਪਏ ਦੀ ਰਾਸ਼ੀ ਦੇ ਟੈਂਡਰ ਲਗਾਏ ਹਨ ਅਤੇ ਜਲਦ ਹੀ ਇਹ ਸੜਕਾਂ ਬਣ ਕੇ ਤਿਆਰ ਹੋ ਜਾਣਗੀਆਂ, ਜਿਸ ਨਾਲ ਹਲਕੇ ਦੇ ਲੋਕਾਂ ਨੂੰ ਆਵਾਜਾਈ ਲਈ ਵਧੀਆ ਸਹੂਲਤ ਮਿਲ ਸਕੇਗੀ | ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ 'ਚ ਮੁੱਖ ਤੌਰ 'ਤੇ ਬੁਢਲਾਡਾ ਤੋਂ ਕਣਕਵਾਲ ਵਾਇਆ ਬੱਛੋਆਣਾ, ਦੋਦੜਾ ਅਤੇ ਬੁਢਲਾਡਾ ਤੋਂ ਇਤਿਹਾਸਿਕ ਪਿੰਡ ਸੈਦੇਵਾਲਾ ਤੱਕ ਦੀਆਂ ਦੋ ਸੜਕਾਂ ਵੀ ਸ਼ਾਮਿਲ ਹਨ | ਉਨ੍ਹਾਂ ਦੱਸਿਆ ਕਿ ਬੁਢਲਾਡਾ ਤੋਂ ਸੈਦੇਵਾਲਾ ਵਾਇਆ ਕੁਲਾਣਾ ਸੜਕ ਨੂੰ ਚੌੜਾ ਕਰ ਕੇ ਬਣਾਇਆ ਜਾ ਰਿਹਾ ਹੈ | ਵਿਧਾਇਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਕਰੋੜਾਂ ਰੁਪਏ ਦੀ ਲਾਗਤ ਨਾਲ ਮਾਰਕੀਟ ਕਮੇਟੀ ਬੁਢਲਾਡਾ, ਬੋਹਾ ਅਤੇ ਬਰੇਟਾ ਅਧੀਨ ਆਉਂਦੀਆਂ ਅਨੇਕਾਂ ਸੰਪਰਕ ਸੜਕਾਂ ਬਣ ਕੇ ਮੁਕੰਮਲ ਹੋ ਚੁੱਕੀਆਂ ਹਨ ਅਤੇ ਕਈਆਂ ਸੜਕਾਂ ਦਾ ਕੰਮ ਚੱਲ ਰਿਹਾ ਹੈ | ਇਸ ਮੌਕੇ ਸੋਹਣਾ ਸਿੰਘ ਕਲੀਪੁਰ ਚੇਅਰਮੈਨ ਜ਼ਿਲ੍ਹਾ ਸਹਿਕਾਰਤਾ ਬੈਂਕ ਮਾਨਸਾ, ਮਾਰਕੀਟ ਕਮੇਟੀ ਬੋਹਾ ਦੇ ਚੇਅਰਮੈਨ ਰਣਜੀਤ ਸਿੰਘ ਫਰੀਦਕੇ, ਗੁਰਮੀਤ ਸਿੰਘ ਪ੍ਰਧਾਨ ਟਰੱਕ ਯੂਨੀਅਨ ਬੁਢਲਾਡਾ, ਬਲਜਿੰਦਰ ਸਿੰਘ ਸੈਕਟਰੀ, ਜ਼ਿਲ੍ਹਾ ਸਿੱਖਿਆ ਕੋਆਰਡੀਨੇਟਰ ਸੁਭਾਸ਼ ਨਾਗਪਾਲ, ਹਰਵਿੰਦਰ ਸਿੰਘ ਸੇਖੋਂ, ਜਸਪਾਲ ਸਿੰਘ ਸਰਪੰਚ ਦਰੀਆਪੁਰ ਕਲਾਂ, ਕੁਲਦੀਪ ਸੀਮਾਰ ਆਦਿ ਹਾਜ਼ਰ ਸਨ |