ਬੁਢਲਾਡਾ, 28 ਫਰਵਰੀ (ਸਵਰਨ ਸਿੰਘ ਰਾਹੀ)- ਸਾਬਕਾ ਕੇਂਦਰੀ ਮੰਤਰੀ ਅਤੇ ਲੋਕ ਸਭਾ ਹਲਕਾ ਬਠਿੰਡਾ ਤੋਂ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਨੇ ਇੱਥੇ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਥੇਦਾਰ ਤਾਰਾ ਸਿੰਘ ਵਿਰਦੀ ਦੇ ਗ੍ਰਹਿ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ 'ਚ ਅਮਨ ਕਾਨੂੰਨ ਦੀ ਸਥਿਤੀ ਬਿਲਕੁਲ ਡਗਮਗਾ ਚੁੱਕੀ ਹੈ ਪ੍ਰੰਤੂ ਮੁੱਖ ਮੰਤਰੀ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਜਾਪਦੀ | ਉਨ੍ਹਾਂ ਕਿਹਾ ਕਿ ਸੂਬੇ 'ਚ ਆਏ ਦਿਨ ਹੋ ਰਹੀ ਕਤਲੋਗਾਰਦ ਅਤੇ ਲੁੱਟ ਖੋਹ ਦੀਆਂ ਵਾਰਦਾਤਾਂ ਨੇ ਆਮ ਆਦਮੀ ਪਾਰਟੀ ਦੇ ਰਾਜ ਨੂੰ ਜੰਗਲ ਦੇ ਰਾਜ ਵਿਚ ਬਦਲ ਕੇ ਰੱਖ ਦਿੱਤਾ ਹੈ | ਦੂਜੇ ਪਾਸੇ ਸਰਕਾਰ ਸਿਰਫ਼ ਵਿਰੋਧੀ ਪਾਰਟੀ ਦੇ ਆਗੂਆਂ ਖ਼ਿਲਾਫ਼ ਝੂਠੀਆਂ ਕਾਰਵਾਈਆਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ | ਕਾਂਗਰਸ ਤੇ ਭਾਜਪਾ 'ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਵੋਟਾਂ ਦਾ ਸਮਾਂ ਨੇੜੇ ਹੋਣ ਕਰ ਕੇ ਇਨ੍ਹਾਂ ਪਾਰਟੀਆਂ ਦੇ ਪੰਜਾਬ ਵਿਚ ਆ ਰਹੇ ਲੀਡਰ ਇਹ ਸਮਝਦੇ ਹਨ ਕਿ ਲੋਕ ਉਨ੍ਹਾਂ ਦੇ ਲੱਛੇਦਾਰ ਭਾਸ਼ਣਾਂ 'ਚ ਆ ਜਾਣਗੇ ਪਰ ਅੱਜ ਲੋਕ ਸਮਝਦਾਰ ਹਨ, ਜੋ ਅਜਿਹੀਆਂ ਚਾਲਾਂ ਨੂੰ ਭਲੀਭਾਂਤ ਸਮਝਦੇ ਹਨ | ਬੀਬੀ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਅਨੇਕਾਂ ਲੀਡਰ ਅਕਾਲੀ ਦਲ ਦੇ ਸੰਪਰਕ ਚ ਹਨ ਅਤੇ ਚੋਣ ਜ਼ਾਬਤਾ ਲੱਗਦਿਆਂ ਹੀ ਇਹ ਸਾਰੇ ਅਕਾਲੀ ਖੇਮੇ 'ਚ ਆ ਜਾਣਗੇ | ਇਸ ਤੋਂ ਪਹਿਲਾਂ ਬੀਬੀ ਬਾਦਲ ਨੇ ਪਿੰਡ ਕੁਲਾਣਾ ਵਿਖੇ ਜਥੇਦਾਰ ਅਮਰਜੀਤ ਸਿੰਘ ਦੇ ਨਜ਼ਦੀਕੀ ਸੁਰਜੀਤ ਕੌਰ ਦੀ ਮੌਤ ਅਤੇ ਪਿੰਡ ਫੁੱਲੂਵਾਲਾ ਡੋਡ ਵਿਖੇ ਜਥੇਦਾਰ ਬਿੱਕਰ ਸਿੰਘ ਸਿੱਧੂ ਦੇ ਭਰਾ ਦੀ ਮੌਤ 'ਤੇ ਇਨ੍ਹਾਂ ਪਰਿਵਾਰਾਂ ਨਾਲ ਦੁੱਖ ਵੀ ਸਾਂਝਾ ਕੀਤਾ | ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਬਲਵੀਰ ਸਿੰਘ ਬੀਰੋਕੇ, ਹਲਕਾ ਇੰਚਾਰਜ ਡਾਕਟਰ ਨਿਸ਼ਾਨ ਸਿੰਘ, ਸੀਨੀਅਰ ਆਗੂ ਬੱਲਮ ਸਿੰਘ ਕਲੀਪੁਰ, ਅਮਰਜੀਤ ਸਿੰਘ ਕੁਲਾਣਾ, ਜਥੇਦਾਰ ਮਹਿੰਦਰ ਸਿੰਘ ਸੈਦੇਵਾਲਾ, ਸੂਬੇਦਾਰ ਬਲਦੇਵ ਸਿੰਘ ਫੁੱਲੂਵਾਲਾ ਡੋਡ, ਜੋਗਾ ਸਿੰਘ ਬੋਹਾ, ਸ਼ਹਿਰੀ ਪ੍ਰਧਾਨ ਕਰਮਜੀਤ ਸਿੰਘ ਮਾਘੀ, ਜ਼ਿਲ੍ਹਾ ਯੂਥ ਆਗੂ ਰਜਿੰਦਰ ਸਿੰਘ ਝੰਡਾ, ਜਸਵੀਰ ਸਿੰਘ ਜੱਸੀ, ਸਾਬਕਾ ਸਰਪੰਚ ਹੰਸ ਰਾਜ ਅਹਿਮਦਪੁਰ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਜੀਤ ਕੌਰ ਕੁਲਾਣਾ, ਜੱਸੂ ਸਿੰਘ ਕੁੱਲਰੀਆਂ, ਐਡਵੋਕੇਟ ਗੁਰਚਰਨ ਸਿੰਘ ਅਨੇਜਾ, ਸਾਬਕਾ ਪ੍ਰਧਾਨ ਬਲਵਿੰਦਰ ਸਿੰਘ ਕਾਕਾ ਕੋਚ, ਜਥੇਦਾਰ ਨਛੱਤਰ ਸਿੰਘ ਸੰਧੂ, ਚਰਨਜੀਤ ਸਿੰਘ ਝਲਬੂਟੀ, ਦਿਲਰਾਜ ਸਿੰਘ ਕਾਲੜਾ ਅਤੇ ਇਸਤਰੀ ਅਕਾਲੀ ਆਗੂ ਸੁਖਵਿੰਦਰ ਕੌਰ ਸੁੱਖੀ ਆਦਿ ਹਾਜ਼ਰ ਸਨ |