ਮਾਨਸਾ, 17 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਜ਼ਿਲ੍ਹਾ ਚੋਣ ਅਫ਼ਸਰ ਨਵਜੋਤ ਕੌਰ ਵਲੋਂ ਮਾਨਤਾ ਪ੍ਰਾਪਤ ਰਾਜਨੀਤਕ ਪਾਰਟੀਆਂ ਦੇ ਨੁਮਾਇੰਦਿਆਂ ਅਤੇ ਉਨ੍ਹਾਂ ਵਲੋਂ ਨਿਯੁਕਤ ਕੀਤੇ ਬੀ.ਐਲ.ਏ-1 ਨਾਲ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ (ਐਸ.ਆਈ.ਆਰ.) ਸਬੰਧੀ ਮੀਟਿੰਗ ਕੀਤੀ ਗਈ। ਉਨ੍ਹਾਂ ਵੋਟਰ ਸੂਚੀਆਂ ਦੀ ਸੁਧਾਈ ਅਤੇ ਅੱਪਡੇਟ ਕਰਨ ਦੀ ਪ੍ਰਕਿਰਿਆ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਿਵੀਜ਼ਨ ਦਾ ਮੁੱਖ ਉਦੇਸ਼ ਵੋਟਰ ਸੂਚੀਆਂ ਨੂੰ ਦਰੁਸਤ ਰੱਖਣਾ ਹੈ ਤਾਂ ਜੋ ਹਰ ਯੋਗ ਨਾਗਰਿਕ ਦਾ ਨਾਂਅ ਵੋਟਰ ਸੂਚੀ ‘ਚ ਦਰਜ ਹੋ ਸਕੇ ਅਤੇ ਅਯੋਗ ਜਾਂ ਦੁਹਰਾਏ ਹੋਏ ਵੋਟਰਾਂ ਨੂੰ ਹਟਾਇਆ ਜਾ ਸਕੇ। ਉਨ੍ਹਾਂ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਇਸ ਮੁਹਿੰਮ ‘ਚ ਸਰਗਰਮ ਭੂਮਿਕਾ ਨਿਭਾਉਣ। ਵੋਟਰ ਰਜਿਸਟਰੇਸ਼ਨ, ਨਾਂਅ ‘ਚ ਸੋਧ, ਪਤੇ ਦੀ ਤਬਦੀਲੀ ਅਤੇ ਵੋਟਰ ਸੂਚੀ ‘ਚੋਂ ਨਾਂਅ ਹਟਾਉਣ, ਗਣਨਾ ਫਾਰਮ ਭਰਨ ਸਬੰਧੀ ਨਿਰਧਾਰਿਤ ਪ੍ਰਕਿਰਿਆ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਗਈ। ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਕਮਿਊਨਿਸਟ ਪਾਰਟੀ ਆਫ਼ ਇੰਡੀਆ ਅਤੇ ਨੈਸ਼ਨਲ ਪੀਪਲ ਪਾਰਟੀ ਵਲੋਂ ਬੀ.ਐਲ.ਏ-1 ਨਿਯੁਕਤ ਨਹੀਂ ਕੀਤੇ ਗਏ ਜਦਕਿ ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ (ਬ), ਬਹੁਜਨ ਸਮਾਜ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਇੰਡੀਅਨ ਨੈਸ਼ਨਲ ਕਾਂਗਰਸ ਵਲੋਂ ਬੀ.ਐਲ.ਏ.-1 ਨਿਯੁਕਤ ਕਰ ਦਿੱਤੇ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਬੀ.ਐਲ.ਏ.-2 ਵੀ ਨਿਯੁਕਤ ਕੀਤੇ ਜਾ ਚੁੱਕੇ ਹਨ। ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਪੂਨਮ ਸਿੰਘ, ਤਹਿਸੀਲਦਾਰ ਚੋਣਾਂ ਭੂਸ਼ਣ ਕੁਮਾਰ, ਕਾਂਗਰਸ ਪਾਰਟੀ ਦੇ ਅਮਰੀਕ ਸਿੰਘ ਢਿੱਲੋਂ, ਸ਼੍ਰੋਮਣੀ ਅਕਾਲੀ ਦਲ (ਬ) ਦੇ ਕੇ.ਐਸ. ਮਠਾੜੂ ਤੇ ਚਰਨਜੀਤ ਸਿੰਘ ਝਲਬੂਟੀ, ਆਮ ਆਦਮੀ ਪਾਰਟੀ ਦੇ ਭਰਪੂਰ ਸਿੰਘ ਸਿੱਧੂ ਤੇ ਐਡਵੋਕੇਟ ਨਵਦੀਪ ਸਿੰਘ ਆਦਿ ਹਾਜ਼ਰ ਸਨ।