05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਜੇਕਰ ਭੱਠਾ ਮਾਲਕਾਂ ਨੇ ਨਵੇਂ ਮਜ਼ਦੂਰੀ ਰੇਟ ਲਾਗੂ ਨਾ ਕੀਤੇ ਤਾਂ ਸੰਘਰਸ਼ ਕੀਤਾ ਜਾਵੇਗਾ-ਸਮਾਓ

ਅਜੀਤ ਡੈਸਕ 18-06-2026
ਬੁਢਲਾਡਾ, 17 ਜੂਨ (ਸਵਰਨ ਸਿੰਘ ਰਾਹੀ)- ਸਥਾਨਕ ਸ਼ਹਿਰ ਦੇ ਬਰ੍ਹੇ ਰੋਡ ‘ਤੇ ਭੱਠਾ ਮਜ਼ਦੂਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਸੂਬਾ ਪ੍ਰਧਾਨ ਭਗਵੰਤ ਸਿੰਘ ਸਮਾ�ਂ ਨੇ ਕਿਹਾ ਕਿ ਕਿਰਤ ਵਿਭਾਗ ਵਲੋਂ 1 ਮਈ ਤੋਂ ਨਵੇਂ ਮਜ਼ਦੂਰੀ ਰੇਟ ਲਾਗੂ ਕੀਤੇ ਗਏ ਹਨ ਪਰ ਕੁਝ ਭੱਠਾ ਮਾਲਕਾਂ ਵਲੋਂ ਇਨ੍ਹਾਂ ਵਧ ਕੇ ਆਏ ਰੇਟਾਂ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ, ਜਿਸ ‘ਤੇ ਜਥੇਬੰਦੀ ਨੂੰ ਮਜਬੂਰਨ ਸੰਘਰਸ਼ ਦੇ ਰਾਹ ਪੈਣਾ ਪਵੇਗਾ। ਉਨ੍ਹਾਂ ਕਿਹਾ ਕਿ ਨਵੇਂ ਰੇਟਾਂ ਨੂੰ ਲਾਗੂ ਕਰਵਾਉਣ ਲਈ 25 ਜੂਨ ਨੂੰ ਭੱਠਾ ਮਾਲਕ ਐਸੋਸੀਏਸ਼ਨ ਅਤੇ ਮਜ਼ਦੂਰ ਆਗੂਆਂ ਦੀ ਮਾਨਸਾ ਵਿਖੇ ਸਾਂਝੀ ਮੀਟਿੰਗ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਜੇਕਰ ਫਿਰ ਵੀ ਕੋਈ ਰਾਹ ਨਹੀਂ ਨਿਕਲਦਾ ਤਾਂ ਸੰਘਰਸ਼ ਕਰਨ ਤੋਂ ਪਿੱਛੇ ਨਹੀਂ ਹਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀਆਂ ਨੀਤੀਆਂ ਛੋਟੇ ਉਦਯੋਗ ਤੇ ਮਜ਼ਦੂਰਾਂ ਲਈ ਮਾਰੂ ਸਿੱਧ ਹੋ ਰਹੀਆਂ ਹਨ ਕਿਉਂਕਿ ਭੱਠਿਆਂ, ਫ਼ੈਕਟਰੀਆਂ, ਖੇਤਾਂ, ਉਸਾਰੀ ਦੇ ਕੰਮਾਂ ‘ਚ ਲੱਗੇ ਮਜ਼ਦੂਰਾਂ ਨੂੰ 12-12 ਘੰਟੇ ਕੰਮ ਕਰ ਕੇ ਵੀ ਪੂਰੀ ਮਜ਼ਦੂਰੀ ਨਹੀਂ ਦਿੱਤੀ ਜਾ ਰਹੀ, ਜਿਸ ਕਾਰਨ ਲੱਕ ਤੋੜ ਮਹਿੰਗਾਈ ਦੇ ਯੁੱਗ ‘ਚ ਦਿਹਾੜੀਦਾਰ ਮਜ਼ਦੂਰ ਗ਼ੁਰਬਤ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਆਮ ਜਨਤਾ ਨੂੰ ਨਜ਼ਰਅੰਦਾਜ਼ ਕਰ ਕੇ ਵੱਡੇ ਪੂੰਜੀਪਤੀਆਂ ਦੇ ਮੁਨਾਫ਼ੇ ਦੀਆਂ ਨੀਤੀਆਂ ਬਣਾ ਰਹੀਆਂ ਹਨ, ਜਿਸ ਕਾਰਨ ਮਜ਼ਦੂਰ, ਕਿਸਾਨ ਅਤੇ ਛੋਟੇ ਕਾਰੋਬਾਰੀ ਕਰਜ਼ਿਆਂ ਦੇ ਜਾਲ ‘ਚ ਫਸ ਕੇ ਆਤਮਹੱਤਿਆ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਭੱਠਾ ਮਾਲਕ 1 ਮਈ ਤੋਂ ਵੱਧ ਕੇ ਆਏ ਰੇਟਾਂ ਨੂੰ ਲਾਗੂ ਕਰਨ ‘ਚ ਟਾਲਮਟੋਲ ਕਰ ਰਹੇ ਪਰ ਜਥੇਬੰਦੀ ਵਲੋਂ ਕਿਸੇ ਵੀ ਖੇਤਰ ‘ਚ ਮਜ਼ਦੂਰਾਂ ਦੀ ਹੁੰਦੀ ਕਿਰਤ ਦੀ ਲੁੱਟ ਖ਼ਿਲਾਫ਼ ਤਿੱਖਾ ਸੰਘਰਸ਼ ਕੀਤਾ ਜਾਵੇਗਾ। ਇਸ ਮੌਕੇ ਭੱਠਾ ਮਜ਼ਦੂਰ ਯੂਨੀਅਨ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਸੁਖਵਿੰਦਰ ਸਿੰਘ ਬੋਹਾ, ਮਜ਼ਦੂਰ ਮੁਕਤੀ ਮੋਰਚਾ ਆਜ਼ਾਦ ਦੇ ਜ਼ਿਲ੍ਹਾ ਪ੍ਰਧਾਨ ਨਿੱਕਾ ਸਿੰਘ ਬਹਾਦਰਪੁਰ, ਭੱਠਾ ਮਜ਼ਦੂਰ ਆਗੂ ਕੁਲਦੀਪ ਸਿੰਘ, ਨਛੱਤਰ ਸਿੰਘ ਖ਼ਾਲਸਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਗਰ ਕੀਰਤਨ ਮੌਕੇ ਸ਼ਹਿਰ ’ਚ ਫੈਲੀ ਗੰਦਗੀ ਕਰ ਕੇ ਪ੍ਰਸ਼ਾਸਨ ਅਤੇ ਸਰਕਾਰ ਨੂੰ ਕੋਸ ਰਹੇ ਲੋਕ ਅਗਲੀ ਖ਼ਬਰ ਜ਼ਿਲ੍ਹਾ ਚੋਣ ਅਫ਼ਸਰ ਵਲੋਂ ਵਿਸ਼ੇਸ਼ ਇੰਟੈਂਸਿਵ ਰਿਵੀਜ਼ਨ ਸੰਬੰਧੀ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।