ਮਾਨਸਾ, 17 ਜੂਨ (ਬਲਵਿੰਦਰ ਸਿੰਘ ਧਾਲੀਵਾਲ)- ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਵਿਰੋਧ ਸਦਕਾ ਦੁਕਾਨਦਾਰ ਦੇ ਮਕਾਨ ਦੇ ਕਬਜ਼ਾ ਵਾਰੰਟ ਰੁਕਵਾਏ ਗਏ। ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਭੈਣੀਬਾਘਾ ਨੇ ਦੱਸਿਆ ਕਿ ਮਨਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਮਾਨਸਾ ਨੇ 2022 ‘ਚ ਮਕਾਨ ਬਣਾਉਣ ਲਈ ਆਈ. ਸੀ. ਆਈ. ਬੈਂਕ ਤੋਂ ਕਰਜ਼ਾ ਲਿਆ ਸੀ। ਉਨ੍ਹਾਂ ਕਿਹਾ ਕਿ ਦੁਕਾਨਦਾਰ ਨੇ ਕਰੀਬ 4 ਲੱਖ ਦਾ ਕਰਜ਼ਾ ਕਿਸ਼ਤਾਂ ਰਾਹੀਂ ਭਰ ਦਿੱਤਾ ਸੀ ਪਰ ਅਚਾਨਕ ਕਿਸੇ ਕਾਰਨਾਂ ਕਰ ਕੇ ਕਿਸ਼ਤਾਂ ਰੁਕ ਗਈਆਂ, ਜਿਸ ਕਰ ਕੇ ਡੇਢ ਸਾਲ ਬਾਅਦ ਬੈਂਕ ਵਲੋਂ ਮਕਾਨ ਦੇ ਕਬਜ਼ਾ ਵਾਰੰਟ ਲਿਆਂਦੇ ਗਏ ਅਤੇ ਨਾਲ ਪਰਿਵਾਰ ਨੂੰ ਕੁਝ ਵਿਅਕਤੀਆਂ ਵਲੋਂ ਧਮਕੀਆਂ ਦੇ ਕੇ ਡਰਾਇਆ ਗਿਆ। ਇਸ ਦੀ ਭਿਣਕ ਪੈਂਦਿਆਂ ਹੀ ਯੂਨੀਅਨ ਦੇ ਕਾਰਕੁਨਾਂ ਵਲੋਂ ਧਰਨਾ ਲਗਾ ਕੇ ਤਿੱਖੀ ਨਾਅਰੇਬਾਜ਼ੀ ਕੀਤੀ ਗਈ। ਰੋਹ ਨੂੰ ਵੇਖਦਿਆਂ ਕੋਈ ਵੀ ਬੈਂਕ ਜਾਂ ਸਿਵਲ ਪ੍ਰਸ਼ਾਸਨ ਉੱਥੇ ਨਹੀਂ ਪਹੁੰਚਿਆ। ਜਥੇਬੰਦੀ ਨੇ ਐਲਾਨ ਕੀਤਾ ਕਿ ਕਰਜ਼ੇ ਬਦਲੇ ਕਿਸੇ ਕਿਸਾਨ ਦੀ ਜ਼ਮੀਨ, ਖੇਤੀ ਸੰਦ, ਦੁਕਾਨਦਾਰ ਦੀ ਦੁਕਾਨ ਅਤੇ ਮਜ਼ਦੂਰ ਦੇ ਘਰ ਦੀ ਨਿਲਾਮੀ ਨਹੀਂ ਹੋਣ ਦਿੱਤੀ ਜਾਵੇਗੀ। ਇਸ ਮੌਕੇ ਹਰਪਾਲ ਸਿੰਘ, ਸੋਨੂੰ ਸਿੰਘ, ਗੁਰਤੇਜ ਸਿੰਘ, ਸੇਵਾ ਸਿੰਘ, ਸ਼ਿੰਦਰਪਾਲ ਕੌਰ, ਇਕਬਾਲ ਸਿੰਘ, ਬੇਅੰਤ ਸਿੰਘ ਆਦਿ ਹਾਜ਼ਰ ਸਨ।