ਕਪੂਰਥਲਾ, 13 ਫਰਵਰੀ (ਵਿ.ਪ੍ਰ.)- ਪੰਜਾਬ ਗੌਰਮਿੰਟ ਪੈਨਸ਼ਨਰਜ਼ ਸਾਂਝਾ ਫ਼ਰੰਟ ਦੇ ਸੱਦੇ ਅਨੁਸਾਰ ਫ਼ਰੰਟ ਦੀ ਜ਼ਿਲ੍ਹਾ ਕਪੂਰਥਲਾ ਇਕਾਈ ਵਲੋਂ ਸੁੱਚਾ ਸਿੰਘ ਤੇ ਗੁਰਦੀਪ ਸਿੰਘ ਦੀ ਅਗਵਾਈ ਵਿਚ ਪੈਨਸ਼ਨਰਾਂ ਨੇ ਪੰਜਾਬ ਦੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦੇ ਨਾਂਅ ਵਧੀਕ ਡਿਪਟੀ ਕਮਿਸ਼ਨਰ ਨਵਨੀਤ ਕੌਰ ਬੱਲ ਨੂੰ 2 ਵੱਖ-ਵੱਖ ਮੰਗ ਪੱਤਰ ਦਿੱਤੇ ਗਏ | ਇਨ੍ਹਾਂ ਮੰਗ ਪੱਤਰਾਂ ਵਿਚ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਲੋਂ ਬੀਤੀ 28 ਨਵੰਬਰ ਨੂੰ ਜਾਰੀ ਕੀਤਾ ਗਿਆ ਪੱਤਰ ਵਾਪਸ ਲਿਆ ਜਾਵੇ, 1 ਜਨਵਰੀ 2016 ਤੋਂ ਪਹਿਲਾਂ ਸੇਵਾ ਮੁਕਤ ਹੋਏ ਪੈਨਸ਼ਨਰਾਂ ਦੀ ਪੈਨਸ਼ਨ ਦੀ ਸੁਧਾਈ 2.50 ਦੇ ਗੁਣਾਂਕ ਨਾਲ ਕੀਤੀ ਜਾਵੇ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦਾ 16 ਪ੍ਰਤੀਸ਼ਤ ਰਹਿੰਦਾ ਡੀ.ਏ. ਜਾਰੀ ਕੀਤਾ ਜਾਵੇ, ਬੱਝਵਾਂ ਮੈਡੀਕਲ ਭੱਤਾ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਕੀਤਾ ਜਾਵੇ, 1 ਜਨਵਰੀ 2016 ਤੋਂ ਬਾਅਦ ਸੇਵਾ ਮੁਕਤ ਹੋਏ ਪੈਨਸ਼ਨਰਾਂ ਨੂੰ ਲੀਵ ਇਨਕੈਸ਼ਮੈਂਟ ਦੀ ਅਦਾਇਗੀ 4 ਕਿਸ਼ਤਾਂ ਦੀ ਬਜਾਏ ਇਕ ਕਿਸ਼ਤ ਵਿਚ ਕੀਤੀ ਜਾਵੇ | ਸੋਧੀ ਹੋਈ ਯਾਤਰਾ ਸਹੂਲਤ 1 ਜਨਵਰੀ ਤੋਂ ਲਾਗੂ ਕੀਤੀ ਜਾਵੇ ਸਮੇਤ ਹੋਰ ਮੰਗਾਂ ਨੂੰ ਅਮਲੀ ਰੂਪ ਦਿੱਤਾ ਜਾਵੇ | ਮੰਗ ਪੱਤਰ ਦੇਣ ਮੌਕੇ ਫ਼ਰੰਟ ਦੇ ਆਗੂ ਸੁਖਵਿੰਦਰ ਸਿੰਘ ਚੀਮਾ, ਵਿਨੋਦ ਕਪੂਰ, ਜਗਜੀਤ ਸਿੰਘ, ਤਰਲੋਚਨ ਸਿੰਘ, ਜੋਗਾ ਸਿੰਘ ਸੱਗੂ, ਪਾਵਰਕਾਮ ਤੋਂ ਕ੍ਰਿਸ਼ਨ ਕੁਮਾਰ ਸ਼ਰਮਾ, ਸਾਧੂ ਸਿੰਘ ਬਿਧੀਪੁਰ, ਦਲੀਪ ਸਿੰਘ, ਹਰੀਸ਼ ਚੋਪੜਾ ਤੋਂ ਇਲਾਵਾ ਜੇਲ੍ਹ ਵਿਭਾਗ ਪੈਨਸ਼ਨਰਜ਼ ਐਸੋਸੀਏਸ਼ਨ, ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਤੇ ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਨੁਮਾਇੰਦੇ ਹਾਜ਼ਰ ਸਨ |