ਜਲੰਧਰ, 14 ਫਰਵਰੀ (ਐੱਮ. ਐੱਸ. ਲੋਹੀਆ) - ਭਾਰਗੋ ਕੈਂਪ ਦੇ ਟਾਹਲੀ ਵਾਲਾ ਚੌਕ ਨੇੜੇ ਚੱਲ ਰਹੀ ਬੇਲੀ ਰਾਮ ਬੇਕਰੀ 'ਚੋਂ ਅੱਜ ਦੁਪਹਿਰ ਸਮੇਂ ਦੋ ਨੌਜਵਾਨ ਦੋ ਡੱਬੇ ਘਿਓ ਤੇ ਚਾਕਲੇਟਾਂ ਚੋਰੀ ਕਰਕੇ ਲੈ ਗਏ | ਚੋਰੀ ਦੀ ਇਹ ਵਾਰਦਾਤ ਦੁਕਾਨ 'ਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ 'ਚ ਕੈਦ ਹੋ ਗਈ ਹੈ ਜਿਸ ਦੇ ਆਧਾਰ 'ਤੇ ਦੁਕਾਨਦਾਰ ਵਲੋਂ ਥਾਣਾ ਭਾਰਗੋ ਕੈਂਪ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ | ਦੁਕਾਨ ਮਾਲਕ ਮੰਗਲ ਦਾਸ ਨੇ ਜਾਣਕਾਰੀ ਦਿੱਤੀ ਕਿ ਅੱਜ ਦੁਪਹਿਰ ਸਮੇਂ ਜਦੋਂ ਉਨ੍ਹਾਂ ਦੀ ਦੁਕਾਨ 'ਚ ਕੁਝ ਗਾਹਕ ਸਾਮਾਨ ਲੈ ਰਹੇ ਸਨ ਤਾਂ ਇਸ ਦੌਰਾਨ ਦੋ ਨੌਜਵਾਨ ਦੁਕਾਨ ਅੰਦਰ ਦਾਖ਼ਲ ਹੋਏ, ਜਿਨ੍ਹਾਂ 'ਚੋਂ ਇਕ ਨੌਜਵਾਨ ਨੇ ਪਿੱਠੂ ਬੈਗ ਪਾਇਆ ਹੋਇਆ ਸੀ | ਉਹ ਦੁਕਾਨ 'ਚ ਇੱਧਰ-ਉੱਧਰ ਘੁੰਮਦੇ ਰਹੇ ਅਤੇ ਸਾਮਾਨ ਦੇਖਦੇ ਰਹੇ | ਇਸੇ ਦੌਰਾਨ ਇਕ ਨੌਜਵਾਨ ਨੇ ਘਿਓ ਦੇ ਡੱਬੇ ਤੇ ਚਾਕਲਾਂ ਚੁੱਕੀਆਂ, ਜੋ ਉਸ ਨੇ ਆਪਣੇ ਦੋਸਤ ਦੀ ਪਿੱਠ 'ਤੇ ਪਾਏ ਬੈਗ 'ਚ ਰੱਖ ਦਿੱਤੀਆਂ | ਸਾਮਾਨ ਚੋਰੀ ਕਰਨ ਤੋਂ ਬਾਅਦ ਦੋਵੇਂ ਨੌਜਵਾਨ ਦੁਕਾਨ 'ਚ ਸਹਿਜੇ ਹੀ ਬਾਹਰ ਚਲੇ ਗਏ | ਕੁਝ ਸਮੇਂ ਬਾਅਦ ਜਦੋਂ ਉਨ੍ਹਾਂ ਦੇਖਿਆ ਤਾਂ ਘਿਓ ਦੇ ਡੱਬੇ ਗਾਇਬ ਹਨ | ਉਨ੍ਹਾਂ ਵਲੋਂ ਸੀ.ਸੀ.ਟੀ.ਵੀ. ਕੈਮਰਿਆਂ ਦੀ ਜਾਂਚ ਕਰਨ 'ਤੇ ਮਾਮਲੇ ਦਾ ਖੁਲਾਸਾ ਹੋਇਆ | ਪੁਲਿਸ ਵਲੋਂ ਮੁਲਜ਼ਮਾਂ ਦੀ ਭਾਲ ਜਾਰੀ ਹੈ |