ਹਠੂਰ, 14 ਫਰਵਰੀ (ਜਸਵਿੰਦਰ ਸਿੰਘ ਛਿੰਦਾ)-ਪੀਰ ਬਾਬਾ ਹਜ਼ਰਤ ਮੁਹੰਮਦ ਦੀ ਦਰਗਾਹ ਪਿੰਡ ਚਕਰ ਵਿਖੇ ਬਾਬਾ ਹਜ਼ਰਤ ਮੁਹੰਮਦ ਯਾਦਗਾਰੀ ਟਰੱਸਟ ਚਕਰ ਵਲੋਂ ਵਿਸ਼ਾਲ ਭੰਡਾਰਾ ਅਤੇ ਲੋਕ ਗਾਇਕ ਮਰਹੂਮ ਕੁਲਦੀਪ ਮਾਣਕ ਦੀ ਨਿੱਘੀ ਯਾਦ ਨੂੰ ਸਮਰਪਿਤ 26ਵਾਂ ਵਿਸ਼ਾਲ ਸੱਭਿਆਚਾਰਕ ਮੇਲਾ ਯਾਦਗਾਰੀ ਹੋ ਨਿੱਬੜਿਆ | ਜਿਸ ਦਾ ਉਦਘਾਟਨ ਦਰਗਾਹ 'ਤੇ ਅਰਦਾਸ ਬੇਨਤੀ ਕਰਨ ਉਪਰੰਤ ਟਰੱਸਟ ਦੇ ਪ੍ਰਧਾਨ ਡਾ. ਮੱਖਣ ਸਿੰਘ ਚਕਰ ਨੇ ਕੀਤਾ | ਸਵੇਰੇ 10 ਕੁ ਵਜੇ ਸੱਭਿਆਚਾਰ ਮੇਲੇ ਦੀ ਸ਼ੁਰੂਆਤ ਹੋਈ | ਸ਼ੁਰੂਆਤ ਪੰਡਤ ਸੋਮ ਨਾਥ ਰੋਡਿਆਂ ਵਾਲੇ ਦੇ ਕਵੀਸ਼ਰੀ ਜੱਥੇ ਨੇ ਆਪਣੀ ਅਦਾ ਵਿਚ ਕਵੀਸ਼ਰੀ ਦਾ ਗਾਇਨ ਕਰਕੇ ਕੀਤੀ | ਇਸ ਉਪਰੰਤ ਮੇਲੇ ਦੇ ਪ੍ਰਬੰਧਕਾਂ ਵਲੋਂ ਵਿਸ਼ੇਸ਼ ਤੌਰ 'ਤੇ ਬੁਲਾਏ ਗਾਇਕ ਕਲਾਕਾਰਾਂ ਵਿਚ ਪ੍ਰਸਿੱਧ ਦੋਗਾਣਾ ਜੋੜੀ ਹਾਕਮ ਬਖਤੜੀਵਾਲਾ-ਬੀਬਾ ਦਲਜੀਤ ਕੌਰ ਨੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਦਰਸ਼ਕਾਂ ਦਾ ਭਰਪੂਰ ਮਨੋਰੰਜਨ ਕੀਤਾ | ਇਸ ਤੋਂ ਇਲਾਵਾ ਲੋਕ ਗਾਇਕਾ ਜਸਪ੍ਰੀਤ ਜੱਸੀ ਬਰਾੜ, ਜਸ ਬੁੱਘੀਪੁਰਾ, ਬਲਜੀਤ ਗਿੱਲ ਨੇ ਵੀ ਆਪਣੀ ਵਾਰੀ ਅਨੁਸਾਰ ਦਰਸ਼ਕਾਂ ਦੇ ਦਿਲ ਜਿੱਤਣ ਦੀ ਸ਼ਾਨਦਾਰ ਕੋਸ਼ਿਸ਼ ਕੀਤੀ | ਆਖਿਰ 'ਚ ਦਰਗਾਹ ਵਲੋਂ ਟਰੱਸਟ ਦੇ ਪ੍ਰਧਾਨ ਡਾ. ਮੱਖਣ ਸਿੰਘ ਚਕਰ ਨੇ ਆਏ ਸਮੂਹ ਮਹਿਮਾਨਾਂ, ਕਲਾਕਾਰਾਂ ਅਤੇ ਸੰਗਤਾਂ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆਂ ਕਲਾਕਾਰਾਂ ਅਤੇ ਪ੍ਰਬੰਧਕ ਸੇਵਾਦਾਰਾਂ ਦਾ ਸਨਮਾਨ ਕੀਤਾ | ਇਸ ਮੌਕੇ ਪ੍ਰਧਾਨ ਡਾ. ਮੱਖਣ ਸਿੰਘ ਚਕਰ ਤੋਂ ਇਲਾਵਾ ਰਣਧੀਰ ਸਿੰਘ ਧੀਰਾ ਸਾਬਕਾ ਸਰਪੰਚ, ਹਰਜਿੰਦਰ ਸਿੰਘ ਚਕਰ, ਮਿਸਤਰੀ ਜਿੰਦਰ ਸਿੰਘ, ਧਰਮਿੰਦਰ ਸਿੰਘ, ਰਾਜੂ ਸਿੰਘ ਕਿੰਗਰਾ, ਜਸਵਿੰਦਰ ਸਿੰਘ ਛਿੰਦਾ, ਗੁਰਦੀਪ ਸਿੰਘ, ਗੁਰਮੇਲ ਸਿੰਘ ਗੇਲਾ, ਸਾਧੂ ਸਿੰਘ, ਕਿ੍ਸ਼ਨ ਚੰਦ ਜੋਸੀ, ਗੁਰਪ੍ਰੀਤ ਸਿੰਘ ਗੋਪੀ, ਅਵਤਾਰ ਸਿੰਘ ਸਿੰਗਾਂ ਵਾਲਾ, ਚਮਨ ਲਾਲ ਆਦਿ ਹਾਜ਼ਰ ਸਨ |