ਖਲਵਾੜਾ, 1 ਮਾਰਚ (ਮਨਦੀਪ ਸਿੰਘ ਸੰਧੂ)-ਪੁਰਾਣੀ ਪੈਨਸ਼ਨ ਬਹਾਲ ਸੰਘਰਸ਼ ਕਮੇਟੀ ਪੰਜਾਬ ਦੇ ਜ਼ਿਲ੍ਹਾ ਕਨਵੀਨਰ ਸ. ਪਰਮਿੰਦਰ ਪਾਲ ਸਿੰਘ ਨੇ ਪੈੱ੍ਰਸ ਨੋਟ ਜਾਰੀ ਕਰਦਿਆਂ ਕਿਹਾ ਕਿ ਚੰਡੀਗੜ੍ਹ ਵਿਖੇ ਸਮੱਗਰ ਸਿੱਖਿਆ ਦੇ ਅਧੀਨ ਕੰਮ ਕਰਦੇ ਦਫ਼ਤਰੀ ਕਾਮਿਆਂ ਉੱਪਰ ਚੰਡੀਗੜ੍ਹ ਪੁਲਿਸ ਵਲੋਂ ਜ਼ੁਲਮਾਂ ਦੀ ਹੱਦ ਨੂੰ ਪਾਰ ਕਰਦੇ ਹੋਏ ਅੰਨ੍ਹੇਵਾਹ ਲਾਠੀਚਾਰਜ ਕੀਤਾ ਅਤੇ ਪਾਣੀ ਦੀਆਂ ਬੋਛਾੜਾਂ ਮਰਵਾਈਆਂ ਗਈਆਂ | ਉਨ੍ਹਾਂ ਦੱਸਿਆ ਕਿ ਇਨ੍ਹਾਂ ਕਰਮਚਾਰੀਆਂ ਦੀਆਂ ਤਨਖ਼ਾਹ ਵਿਚ 31,000 ਰੁਪਏ ਦੀ ਭਾਰੀ ਕਟੌਤੀ ਕਰ ਕੇ ਵਿਭਾਗ 'ਚ ਰੈਗੂਲਰ ਕੀਤਾ ਗਿਆ ਹੈ | ਇਸ ਤਨਖ਼ਾਹ ਕਟੌਤੀ ਦੇ ਰੋਸ ਇਹ ਕਰਮਚਾਰੀ ਮੁੱਖ ਮੰਤਰੀ ਨਿਵਾਸ ਵੱਲ ਸ਼ਾਂਤੀ ਨਾਲ ਮਾਰਚ ਕਰ ਰਹੇ ਸਨ | ਮਾਰਚ ਸਮੇਂ ਚੰਡੀਗੜ੍ਹ ਪੁਲਿਸ ਵਲੋਂ ਬਲ ਪ੍ਰਯੋਗ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਇਹ ਸਾਡੇ ਸਾਥੀ ਕਈ ਸਾਲਾਂ ਤੋਂ ਆਪਣੀਆਂ ਸੇਵਾਵਾਂ ਦੇ ਰਹੇ ਹਨ ਅਤੇ ਹੁਣ ਇਨ੍ਹਾਂ ਉੱਪਰ ਟਾਈਪਿੰਗ ਟੈੱਸਟ ਦੀ ਬੇਲੋੜੀ ਸ਼ਰਤ ਰੱਖ ਦਿੱਤੀ ਗਈ ਹੈ | ਉਨ੍ਹਾਂ ਸਰਕਾਰ ਨੂੰ ਕਿਹਾ ਕਿ ਇਨ੍ਹਾਂ ਕਰਮਚਾਰੀਆਂ ਦੀ ਤਨਖ਼ਾਹ ਕਟੌਤੀ ਅਤੇ ਬੇਲੋੜੇ ਟੈੱਸਟ ਦੀ ਸ਼ਰਤ ਦੇ ਹੁਕਮ ਵਾਪਸ ਲੈਂਦੇ ਹੋਏ ਇਨ੍ਹਾਂ ਨੂੰ ਪੂਰੀ ਤਨਖ਼ਾਹ ਸਮੇਤ ਰੈਗੂਲਰ ਕੀਤਾ ਜਾਵੇ |