ਕਪੂਰਥਲਾ, 10 ਮਈ (ਸਡਾਨਾ)-12 ਤੇ 13 ਮਈ ਨੂੰ ਮਾਤਾ ਭੱਦਰਕਾਲੀ ਜੀ ਦੇ 79ਵੇਂ ਮੇਲੇ ਸਬੰਧੀ ਟਰੈਫ਼ਿਕ ਪੁਲਿਸ ਵਲੋਂ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ | ਇਸ ਸਬੰਧੀ ਟਰੈਫ਼ਿਕ ਇੰਚਾਰਜ ਸਬ ਇੰਸਪੈਕਟਰ ਰੇਸ਼ਮ ਸਿੰਘ ਤੇ ਰੋਡ ਸੇਫ਼ਟੀ ਟੀਮ ਦੇ ਮੈਂਬਰ ਗੁਰਬਚਨ ਸਿੰਘ ਬੰਗੜ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਮੇਲੇ ਵਿਚ ਵੱਡੀ ਗਿਣਤੀ ਅੰਦਰ ਸੰਗਤਾਂ ਸ਼ੇਖੂਪੁਰ ਮੰਦਿਰ ਵਿਖੇ ਨਤਮਸਤਕ ਹੋਣ ਲਈ ਪਹੁੰਚਦੀਆਂ ਹਨ ਤੇ ਸ਼ਰਧਾਲੂਆਂ ਦੀ ਭਾਰੀ ਗਿਣਤੀ ਨੂੰ ਦੇਖਦੇ ਹੋਏ ਟਰੈਫ਼ਿਕ ਪੁਲਿਸ ਵਲੋਂ ਵਿਸ਼ੇਸ਼ ਉਪਰਾਲੇ ਵੀ ਕੀਤੇ ਜਾ ਰਹੇ ਹਨ | ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਵਾਹਨ ਚਾਲਕ ਮੇਲੇ ਦੌਰਾਨ ਕੋਈ ਵੀ ਹੁੱਲੜਬਾਜ਼ੀ ਨਾ ਕਰਨ ਤੇ ਪ੍ਰੈਸ਼ਰ ਹਾਰਨਾਂ ਦੀ ਜਾਂ ਪਟਾਕੇ ਮਾਰਨ ਵਾਲੇ ਸਿਲੰਸਰਾਂ ਦੀ ਵਰਤੋਂ ਬਿਲਕੁਲ ਨਾ ਕੀਤੀ ਜਾਵੇ | ਅਜਿਹਾ ਕਰਨ ਵਾਲਿਆਂ ਵਿਰੁੱਧ ਟਰੈਫ਼ਿਕ ਪੁਲਿਸ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ | ਉਨ੍ਹਾਂ ਕਿਹਾ ਕਿ ਵਾਹਨ ਚਲਾਉਣ ਵਾਲੇ ਨਬਾਲਿਗ ਬੱਚਿਆਂ ਦੇ ਮਾਪਿਆਂ ਨੂੰ ਵੀ ਕਾਨੂੰਨੀ ਕਾਰਵਾਈ ਦੇ ਘੇਰੇ ਵਿਚ ਲਿਆਂਦਾ ਜਾਵੇਗਾ | ਟਰੈਫ਼ਿਕ ਪੁਲਿਸ ਨੇ ਮੰਦਿਰ ਆਉਣ ਵਾਲੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਵਾਹਨ ਸਹੀ ਥਾਂ 'ਤੇ ਪਾਰਕਿੰਗ ਕਰਨ ਉਪਰੰਤ ਹੀ ਅੱਗੇ ਆਉਣ ਤਾਂ ਜੋ ਪੈਦਲ ਚੱਲਣ ਵਾਲੇ ਰਾਹਗੀਰਾਂ ਨੂੰ ਵੀ ਸਮੱਸਿਆ ਨਾ ਆਵੇ | ਟਰੈਫ਼ਿਕ ਇੰਚਾਰਜ ਨੇ ਕਿਹਾ ਕਿ 12 ਮਈ ਨੂੰ ਸ਼ੋਭਾ ਯਾਤਰਾ ਵਾਲੇ ਦਿਨ ਲੋਕ ਆਪਣੇ ਦੋ ਪਹੀਆ ਤੇ ਚਾਰ ਪਹੀਆ ਵਾਹਨ ਬਾਜ਼ਾਰਾਂ ਵਿਚ ਲਿਆਉਣ ਤੋਂ ਗੁਰੇਜ਼ ਕਰਨ ਤਾਂ ਜੋ ਸ਼ੋਭਾ ਯਾਤਰਾ ਦੇ ਰੂਟ ਵਿਚ ਕਿਸੇ ਤਰ੍ਹਾਂ ਦੀ ਆਵਾਜਾਈ ਪ੍ਰਭਾਵਿਤ ਨਾ ਹੋਵੇ | ਇਸ ਮੌਕੇ ਏ.ਐੱਸ.ਆਈ. ਦਿਲਬਾਗ ਸਿੰਘ ਟਾਂਡੀ, ਏ.ਐੱਸ.ਆਈ. ਬਲਵਿੰਦਰ ਸਿੰਘ ਨਰਕਟ, ਟਰੈਫ਼ਿਕ ਐਜੂਕੇਸ਼ਨ ਸੈੱਲ ਦੇ ਇੰਚਾਰਜ ਏ.ਐੱਸ.ਆਈ. ਦਵਿੰਦਰਜੀਤ ਸਿੰਘ, ਏ.ਐੱਸ.ਆਈ. ਸੁਰਜੀਤ ਸਿੰਘ ਤੇ ਹੋਰ ਹਾਜ਼ਰ ਸਨ |