ਤਲਵੰਡੀ ਚੌਧਰੀਆਂ, 10 ਮਈ (ਪਰਸਨ ਲਾਲ ਭੋਲਾ)-ਮਹਾਨ ਸ਼ਹੀਦ ਸੰਤ ਬਾਬਾ ਬੀਰ ਸਿੰਘ ਜੀ ਨੌਰੰਗਾਬਾਦ ਵਾਲਿਆਂ ਦੀ ਨਿੱਘੀ ਯਾਦ ਵਿਚ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਵਿਖੇ 182ਵਾਂ ਸਾਲਾਨਾ ਸ਼ਹੀਦੀ ਜੋੜ ਮੇਲਾ ਸਤਾਈਆਂ ਦਾ ਸਮਾਗਮ ਸੰਤ ਬਾਬਾ ਹਰਜੀਤ ਸਿੰਘ ਮੁੱਖ ਸੇਵਾਦਾਰ ਦੀ ਸੁਚੱਜੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਵਿਦਵਾਨ ਸਿੱਖ ਲੇਖਕ ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਜਨਰਲ ਸਕੱਤਰ ਮੁਖਤਾਰ ਸਿੰਘ ਚੰਦੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਇਤਿਹਾਸ, ਪਰੰਪਰਾ ਤੇ ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਬਾਰੇ ਲਿਖੀ ਗਈ ਵਡਮੁੱਲੀ ਧਾਰਮਿਕ ਪੁਸਤਕ ਅੱਜ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਦੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ, ਸੰਤ ਬਾਬਾ ਗੁਰਦੀਪ ਸਿੰਘ ਡੇਰਾ ਬਾਬਾ ਸ੍ਰੀ ਚੰਦ ਬੂੜੇਵਾਲ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਤੇ ਵੱਡੀ ਗਿਣਤੀ ਵਿਚ ਸੰਗਤਾਂ ਦੀ ਹਾਜ਼ਰੀ ਵਿਚ ਸੰਗਤਾਂ ਨੂੰ ਅਰਪਿਤ ਕੀਤੀ ਗਈ | ਇਸ ਮੌਕੇ ਸੰਤ ਬਾਬਾ ਹਰਜੀਤ ਸਿੰਘ ਜੀ ਵੱਲੋਂ ਗੁਰਦੁਆਰਾ ਦਮਦਮਾ ਸਾਹਿਬ ਠੱਟਾ ਇਤਿਹਾਸ ਪਰੰਪਰਾ ਤੇ ਮਹਾਂਪੁਰਖਾਂ ਦੇ ਪਰਉਪਕਾਰੀ ਜੀਵਨ ਸਬੰਧੀ ਲਿਖੀ ਕਿਤਾਬ ਸਬੰਧੀ ਲੇਖਕ ਮੁਖਤਾਰ ਸਿੰਘ ਚੰਦੀ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਪੁਸਤਕ ਵਿਚ ਇਸ ਅਸਥਾਨ ਦੇ ਮਾਣਮੱਤੇ ਇਤਿਹਾਸ, ਇੱਥੋਂ ਦੀਆਂ ਮਹਾਨ ਰਵਾਇਤਾਂ ਤੇ ਮਰਿਆਦਾਵਾਂ ਨੂੰ ਡੂੰਘੀ ਘੋਖ ਪੜਤਾਲ ਕਰਕੇ ਸੰਗਤਾਂ ਦੇ ਦਿ੍ਸ਼ਟੀਗੋਚਰ ਕੀਤਾ ਗਿਆ ਹੈ | ਇਸੇ ਤਰ੍ਹਾਂ ਇੱਥੋਂ ਦੇ ਮਹਾਂਪੁਰਖਾਂ ਵਲੋਂ ਇਸ ਇਲਾਕੇ ਵਿਚ ਗੁਰਮਤਿ ਦੇ ਪ੍ਰਚਾਰ, ਪਸਾਰ ਅਤੇ ਸਿੱਖੀ ਦੀ ਫੁਲਵਾੜੀ ਦੀ ਪ੍ਰਫੁੱਲਤਾ ਲਈ ਪਾਏ ਵਡਮੁੱਲੇ ਯੋਗਦਾਨ ਨੂੰ ਬੜੇ ਭਾਵਪੂਰਤ ਸ਼ਬਦਾਂ ਵਿਚ ਪਰੋ ਕੇ ਸੰਗਤਾਂ ਦੇ ਸਨਮੁੱਖ ਕੀਤਾ ਹੈ | ਉਨ੍ਹਾਂ ਦੇ ਇਸ ਖੋਜ ਭਰਪੂਰ ਉਪਰਾਲੇ ਲਈ ਪ੍ਰਸ਼ੰਸਾ ਕੀਤੀ | ਉਨ੍ਹਾਂ ਸਮੁੱਚੀਆਂ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇਸ ਇਤਿਹਾਸਕ ਕਿਤਾਬ ਨੂੰ ਪ੍ਰਾਪਤ ਕਰਕੇ ਵੱਧ ਤੋਂ ਵੱਧ ਇਤਿਹਾਸ ਬਾਰੇ ਜਾਣਕਾਰੀ ਹਾਸਿਲ ਕੀਤੀ ਜਾਵੇ | ਇਸ ਮੌਕੇ ਸਾਹਿਤਕਾਰ ਮੁਖਤਾਰ ਸਿੰਘ ਚੰਦੀ ਵੱਲੋਂ ਜਿੱਥੇ ਮੁੱਖ ਸੇਵਾਦਾਰ ਸੰਤ ਬਾਬਾ ਹਰਜੀਤ ਸਿੰਘ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਵੱਲੋਂ ਕਿਤਾਬ ਦੇ ਹਰ ਪੱਖ ਵਿਚ ਦਿੱਤੇ ਗਏ ਸਹਿਯੋਗ ਲਈ ਧੰਨਵਾਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਧਰਮ ਅਤੇ ਵਿਰਸੇ ਨਾਲ ਸੰਬੰਧਿਤ ਵਾਰਤਿਕ ਦੀ ਇਹ ਉਨ੍ਹਾਂ ਦੀ ਪਹਿਲੀ ਪੁਸਤਕ ਹੈ | ਉਨ੍ਹਾਂ ਕਿਹਾ ਕਿ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀ ਲੰਮੇ ਸਮੇਂ ਤੋਂ ਮੰਗ ਸੀ ਕਿ ਇਸ ਪਵਿੱਤਰ ਅਸਥਾਨ ਦੇ ਮਾਣ ਮਤੇ ਇਤਿਹਾਸ, ਅਮੀਰ ਵਿਰਾਸਤ ਤੇ ਇੱਥੋਂ ਦੇ ਮਹਾਂਪੁਰਖਾਂ ਵੱਲੋਂ ਗੁਰਮਤਿ ਦੇ ਪ੍ਰਚਾਰ ਪ੍ਰਸਾਰ ਲਈ ਕੀਤੀਆਂ ਘਾਲਣਾਵਾਂ ਤੇ ਸੇਵਾਵਾਂ ਨੂੰ ਲਿਖਤੀ ਰੂਪ ਵਿਚ ਸੰਗਤਾਂ ਦੇ ਸਨਮੁੱਖ ਕੀਤਾ ਜਾਵੇ | ਉਨ੍ਹਾਂ ਇਸ ਲਈ ਆਪਣੇ ਵੱਲੋਂ ਭਰਪੂਰ ਯਤਨ ਕੀਤਾ ਹੈ ਤਾਂ ਜੋ ਸੰਗਤਾਂ ਨੂੰ ਇਸ ਕਿਤਾਬ ਰਾਹੀਂ ਇਸ ਪਵਿੱਤਰ ਅਸਥਾਨ ਦੀ ਇਤਿਹਾਸਿਕ ਜਾਣਕਾਰੀ ਵੱਧ ਤੋਂ ਵੱਧ ਮਿਲ ਸਕੇ | ਇਸ ਮੌਕੇ ਸੰਤ ਬਾਬਾ ਹਰਜੀਤ ਸਿੰਘ ਜੀ ਵੱਲੋਂ ਲੇਖਕ ਮੁਖਤਾਰ ਸਿੰਘ ਚੰਦੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸਟੇਟ ਅਵਾਰਡੀ ਪਿ੍ੰਸੀਪਲ ਲਖਬੀਰ ਸਿੰਘ ਸੈਦਪੁਰ, ਡਾ. ਪਰਮਜੀਤ ਸਿੰਘ ਮਾਨਸਾ, ਮੁਖਤਾਰ ਸਿੰਘ ਖਿੰਡਾ ਰਿਟਾਇਰਡ ਸੁਪਰਡੈਂਟ, ਜਸਵੰਤ ਸਿੰਘ ਨੰਢਾ, ਸਾਬਕਾ ਐਸ.ਡੀ.ਓ. ਸੁਖਦੇਵ ਸਿੰਘ, ਇੰਦਰਜੀਤ ਸਿੰਘ ਸਕੱਤਰ, ਸੰਤੋਖ ਸਿੰਘ ਪ੍ਰਧਾਨ ਗੁਰੂ ਨਾਨਕ ਸੇਵਕ ਪ੍ਰਧਾਨ ਗੁਰਦਿਆਲ ਸਿੰਘ, ਸੁਖਬੀਰ ਸਿੰਘ, ਲਖਵੀਰ ਸਿੰਘ ਖਿੰਡਾ ਤੇ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |