ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)-ਲੋਕਾਂ ਨੂੰ ਘਰੋਂ ਘਰੀ ਸਾਮਾਨ ਸਪਲਾਈ ਕਰਨ ਵਾਲੇ ਬਲਿੰਕਿਟ ਕੰਪਨੀ ਦੇ ਕਰਮਚਾਰੀਆਂ ਵਲੋਂ ਆਪਣੇ ਦਫ਼ਤਰ ਦੇ ਬਾਹਰ ਮੰਗਾਂ ਦੇ ਹੱਕ 'ਚ ਰੋਸ ਮੁਜ਼ਾਹਰਾ ਕੀਤਾ | ਕਰਮਚਾਰੀ ਹਰਮਨਪ੍ਰੀਤ ਸਿੰਘ ਤੇ ਹੋਰ ਸਾਥੀਆਂ ਨੇ ਦੱਸਿਆ ਕਿ ਕੰਪਨੀ ਵਾਲੇ ਉਨ੍ਹਾਂ ਨੂੰ ਪ੍ਰਤੀ ਆਰਡਰ ਰੇਟ ਦੇਣ 'ਚ ਬਹੁਤ ਕਮੀ ਕਰ ਰਹੇ ਹਨ ਜਿਸ ਕਰਕੇ ਉਨ੍ਹਾਂ ਦਾ ਗੁਜ਼ਾਰਾ ਨਹੀਂ ਹੋ ਰਿਹਾ | ਉਨ੍ਹਾਂ ਕਿਹਾ ਕਿ ਪਿਛਲੇ ਦਿਨਾ 'ਚ ਉਨ੍ਹਾਂ ਦੇ ਕਰੀਬ ਤਿੰਨ ਮੋਟਰਸਾਈਕਲ ਚੋਰੀ ਹੋ ਚੁੱਕੇ ਹਨ ਇੱਥੋਂ ਤੱਕ ਕਿ ਕੰਪਨੀ ਵਾਲੇ ਕੈਮਰੇ ਵੀ ਲਗਵਾਉਣ ਨੂੰ ਤਿਆਰ ਨਹੀਂ | ਉਨ੍ਹਾਂ ਕਿਹਾ ਕਿ ਪੈਟਰੋਲ ਦੇ ਰੇਟਾਂ 'ਚ ਵਾਧਾ ਹੋਣ ਕਰਕੇ ਵੀ ਸਾਡੀ ਆਮਦਨ ਨੂੰ ਕਾਫ਼ੀ ਸੱਟ ਵੱਜੀ ਹੈ | ਉਨ੍ਹਾਂ ਕਿਹਾ ਕਿ ਮੌਜੂਦਾ ਪ੍ਰਬੰਧਕ ਸਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਤੇ ਉਲਟਾ ਸਾਡੀਆਂ ਆਈ-ਡੀ ਬੰਦ ਕਰ ਦਿੱਤੀ ਗਈ ਹੈ ਜਿਸ ਤੋਂ ਦੁਖੀ ਹੋ ਕੇ ਉਨ੍ਹਾਂ ਨੂੰ ਆਪਣੀਆਂ ਸੇਵਾਵਾਂ ਬੰਦ ਕਰਨੀਆ ਪਈਆਂ ਹਨ | ਉਨ੍ਹਾਂ ਮੰਗ ਕੀਤੀ ਕਿ ਸਾਡੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ |