ਫਗਵਾੜਾ, 17 ਮਈ (ਹਰਜੋਤ ਸਿੰਘ ਚਾਨਾ)-ਜੀਐਨਏ ਦੇ ਸਕੂਲ ਆਫ਼ ਡਿਜ਼ਾਇਨ ਐਂਡ ਮਾਸ ਕਮਿਊਨੀਕੇਸ਼ਨ ਵਲੋਂ 13 ਤੇ 14 ਮਈ ਨੂੰ ਦੋ ਰੋਜ਼ਾ 'ਸਿ੍ਜਨ: ਕੈਨਵਸ ਆਫ਼ ਸਿਨੇਮਾ- ਫ਼ਿਲਮ ਫੈਸਟਿਵਲ 1.0' ਦਾ ਆਯੋਜਨ ਕੀਤਾ ਗਿਆ | ਇਸ ਫੈਸਟਿਵਲ 'ਚ ਦੇਸ਼ ਭਰ ਦੀਆਂ 70 ਤੋਂ ਵੱਧ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਨੇ ਭਾਗ ਲਿਆ | ਫੈਸਟਿਵਲ ਦੌਰਾਨ ਸਿਨੇਮਾ, ਐਨੀਮੇਸ਼ਨ, ਆਰਟੀਫਿਸ਼ਲ ਇੰਟੈਲੀਜੈਂਸ ਤੇ ਰਚਨਾਤਮਕ ਕਹਾਣੀਬੰਦੀ ਨਾਲ ਸਬੰਧਿਤ ਕਈ ਮੁਕਾਬਲੇ ਤੇ ਗਤੀਵਿਧੀਆਂ ਕਰਵਾਈਆਂ ਗਈਆਂ | ਫੈਸਟਿਵਲ ਦੌਰਾਨ ਸ਼ਾਰਟ ਫ਼ਿਲਮਾਂ, ਏਆਈ ਐਨੀਮੇਟਿਡ ਮੂਵੀਜ਼, ਡੌਕੂਮੈਂਟਰੀਜ਼, ਡਿਜ਼ੀਟਲ ਵਿਗਿਆਪਨ, ਮਿਊਜ਼ਿਕ ਵੀਡੀਓਜ਼ ਤੇ ਲਾਈਵ ਐਂਡ ਸੀਜੀ ਇੰਟੀਗ੍ਰੇਸ਼ਨ ਵਰਗੀਆਂ ਸ਼੍ਰੇਣੀਆਂ 'ਚ ਮੁਕਾਬਲੇ ਤੇ ਸਕਰੀਨਿੰਗ ਹੋਈਆਂ | ਇਸ ਮੌਕੇ ਫ਼ਿਲਮ ਨਿਰਮਾਣ 'ਚ ਤਕਨਾਲੋਜੀ ਤੇ ਵਿਜ਼ੂਅਲ ਇਫ਼ੈਕਟਸ ਦੇ ਵਧਦੇ ਪ੍ਰਭਾਵ ਨੂੰ ਵੀ ਉਜਾਗਰ ਕੀਤਾ ਗਿਆ | ਉਦਘਾਟਨੀ ਸਮਾਰੋਹ 'ਚ ਚਾਂਸਲਰ ਗੁਰਦੀਪ ਸਿੰਘ ਸੀਹਰਾ, ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ, ਰਜਿਸਟਰਾਰ ਡਾ. ਕੁਨਾਲ ਬੈਂਸ, ਡੀਨ ਐਕਡਮਿਕਸ ਡਾ. ਮੋਨਿਕਾ ਹੰਸਪਾਲ, ਟਰੱਸਟੀ ਮੈਂਬਰ ਜਸਲੀਨ ਸੀਹਰਾ ਵੀ ਸ਼ਾਮਿਲ ਸਨ | ਸਮਾਗਮ 'ਚ ਪ੍ਰਸਿੱਧ ਪੰਜਾਬੀ ਅਦਾਕਾਰ ਸਰਦਾਰ ਸੋਹੀ ਤੇ ਵਰਿੰਦਰ ਬਨੀ ਵੀ ਸ਼ਾਮਿਲ ਹੋਏ ਤੇ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ | ਉਨ੍ਹਾਂ ਕਿਹਾ ਕਿ ਤਕਨਾਲੋਜੀ ਦੇ ਵਿਕਾਸ ਦੇ ਬਾਵਜੂਦ ਸਿਨੇਮਾ ਦੀ ਅਸਲ ਤਾਕਤ ਸੱਚੀ ਅਦਾਕਾਰੀ ਤੇ ਪ੍ਰਭਾਵਸ਼ਾਲੀ ਕਹਾਣੀਬੰਦੀ 'ਚ ਹੀ ਹੈ | ਉਨ੍ਹਾਂ ਵਿਦਿਆਰਥੀਆਂ ਨੂੰ ਕਿਰਦਾਰ ਨਿਰਮਾਣ ਤੇ ਅਦਾਕਾਰੀ 'ਚ ਗਹਿਰੇ ਨਿਰੀਖਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ | ਫੈਸਟਿਵਲ 'ਚ ਕੈਨੋਨ ਇੰਡੀਆ ਨੇ ਇੰਡਸਟਰੀ ਪਾਰਟਨਰ ਵਜੋਂ ਭਾਗ ਲਿਆ | ਇਸ ਦੌਰਾਨ ਨਕਸ਼ ਸ਼ਰਮਾ ਨੇ ਵਿਦਿਆਰਥੀਆਂ ਨੂੰ ਪ੍ਰੋਫੈਸ਼ਨਲ ਫਿਲਮਮੇਕਿੰਗ ਤੇ ਕੈਮਰਾ ਤਕਨਾਲੋਜੀ ਬਾਰੇ ਜਾਣਕਾਰੀ ਦਿੱਤੀ | ਹੁਓਨ ਵੱਲੋਂ ਡਿਜ਼ਿਟਲ ਇਲਸਟ੍ਰੇਸ਼ਨ ਤੇ ਐਨੀਮੇਸ਼ਨ ਟੂਲਜ਼ 'ਤੇ ਲਾਈਵ ਡੈਮੋ ਕਰਵਾਇਆ ਗਿਆ | ਇਸ ਮੌਕੇ ਵੈਭਵ ਅਰੋੜਾ ਦੀ ਫਿਲਮ 'ਰਿਟਰਨ ਆਫ਼ ਦ ਜੰਗਲ' ਦਾ ਟਰੇਲਰ ਵੀ ਲਾਂਚ ਕੀਤਾ ਗਿਆ | ਜਿਸ 'ਚ ਫਿਲਮ ਮੇਕਿੰਗ, ਐਨੀਮੇਸ਼ਨ ਤੇ ਏਆਈ ਸਿਨੇਮਾ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ |