26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭਾਕਿਯੂ ਕਾਦੀਆਂ ਨੇ ਕੇਂਦਰ ਸਰਕਾਰ ਵਲੋਂ ਵਧਾਏ ਤੇਲ ਦੀਆਂ ਕੀਮਤਾਂ ਦੇ ਵਾਧੇ ਦੀ ਕੀਤੀ ਨਿੰਦਾ

ਅਜੀਤ ਡੈਸਕ 18-05-2026
ਨਡਾਲਾ, 17 ਮਈ (ਰਘਬਿੰਦਰ ਸਿੰਘ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਇੱਕ ਅਹਿਮ ਮੀਟਿੰਗ ਪਿੰਡ ਇਬਰਾਹੀਮਵਾਲ ਵਿਖੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿੱਟਾਂ, ਬਲਾਕ ਪ੍ਰਧਾਨ ਨਡਾਲਾ ਜੋਗਾ ਸਿੰਘ ਇਬਰਾਹੀਮਵਾਲ ਅਤੇ ਬਲਾਕ ਪ੍ਰਧਾਨ ਬੇਗੋਵਾਲ ਨਿਰਮਲ ਸਿੰਘ ਮੰਡ ਦੀ ਅਗਵਾਈ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕੇਂਦਰ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਵਿਚ ਕੀਤੇ ਵੱਡੇ ਵਾਧੇ ਦੀ ਤਿੱਖੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਮਹਿੰਗਾਈ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਆਮ ਲੋਕਾਂ ਦਾ ਲੱਕ ਤੋੜ ਦਿੱਤਾ ਗਿਆ ਹੈ | ਆਗੂਆਂ ਨੇ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫ਼ਸਲਾਂ ਦਾ ਪੂਰਾ ਮੁੱਲ ਨਹੀਂ ਮਿਲ ਰਿਹਾ | ਝੋਨੇ 'ਤੇ ਸਿਰਫ਼ 72 ਰੁਪਏ ਪ੍ਰਤੀ ਕੁਇੰਟਲ ਅਤੇ ਮੱਕੀ 'ਤੇ ਕੇਵਲ 10 ਰੁਪਏ ਦਾ ਵਾਧਾ ਕਰਨਾ ਕਿਸਾਨਾਂ ਨਾਲ ਧੱਕਾ ਹੈ |ਉਨ੍ਹਾਂ ਕਿਹਾ ਕਿ ਖਾਦਾਂ, ਦਵਾਈਆਂ, ਟਰੈਕਟਰਾਂ ਅਤੇ ਹੋਰ ਖੇਤੀਬਾੜੀ ਸੰਦਾਂ ਦੀਆਂ ਕੀਮਤਾਂ ਲਗਾਤਾਰ ਵੱਧ ਰਹੀਆਂ ਹਨ, ਪਰ ਡਾ. ਸਵਾਮੀਨਾਥਨ ਰਿਪੋਰਟ ਅਨੁਸਾਰ ਕਿਸਾਨਾਂ ਨੂੰ ਐਮਐਸਪੀ ਨਹੀਂ ਦਿੱਤੀ ਜਾ ਰਹੀ | ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇ ਕਿਸਾਨਾਂ ਨੂੰ ਉਨ੍ਹਾਂ ਦੀਆਂ ਫ਼ਸਲਾਂ ਦਾ ਯੋਗ ਮੁੱਲ ਨਾ ਮਿਲਿਆ ਤਾਂ ਦੇਸ਼ ਦੀ ਖਾਦ ਸੁਰੱਖਿਆ 'ਤੇ ਗੰਭੀਰ ਅਸਰ ਪਵੇਗਾ | ਦੁੱਧ ਦੇ ਰੇਟ ਸਬੰਧੀ ਉਨ੍ਹਾਂ ਕਿਹਾ ਕਿ ਪਸ਼ੂ ਪਾਲਣ ਦਾ ਖਰਚਾ ਬਹੁਤ ਵੱਧ ਗਿਆ ਹੈ | ਦੁੱਧ ਵਾਲੇ ਪਸ਼ੂਆਂ ਦੀ ਕੀਮਤ ਡੇਢ ਤੋਂ ਦੋ ਲੱਖ ਰੁਪਏ ਤੱਕ ਪਹੁੰਚ ਗਈ ਹੈ, ਜਦਕਿ ਪੱਠੇ, ਤੂੜੀ, ਫੀਡ ਅਤੇ ਖੱਲ ਵੀ ਮਹਿੰਗੇ ਹੋ ਚੁੱਕੇ ਹਨ | ਇਸ ਲਈ ਦੁੱਧ ਦਾ ਰੇਟ ਘੱਟੋ-ਘੱਟ 100 ਰੁਪਏ ਪ੍ਰਤੀ ਕਿੱਲੋ ਕੀਤਾ ਜਾਣਾ ਚਾਹੀਦਾ ਹੈ | ਮੀਟਿੰਗ ਦੌਰਾਨ ਇਲਾਕੇ ਵਿਚ ਵੱਧ ਰਹੀਆਂ ਲੁੱਟ-ਖੋਹ ਅਤੇ ਚੋਰੀਆਂ 'ਤੇ ਵੀ ਚਿੰਤਾ ਜਤਾਈ ਗਈ | ਉਨ੍ਹਾਂ ਕਿਹਾ ਕਿ ਨਸ਼ੇ ਦੀ ਲਤ ਕਾਰਨ ਕੁਝ ਨੌਜਵਾਨ ਚੋਰੀਆਂ ਕਰ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ | ਉਨ੍ਹਾਂ ਮੰਗ ਕੀਤੀ ਕਿ ਟਰਾਂਸਫ਼ਾਰਮਰਾਂ, ਸਟਾਰਟਰਾਂ ਅਤੇ ਬਿਜਲੀ ਦੀਆਂ ਤਾਰਾਂ ਦੀਆਂ ਵੱਧ ਰਹੀਆਂ ਚੋਰੀਆਂ ਨੂੰ ਰੋਕਣ ਲਈ ਪੁਲਿਸ ਗਸ਼ਤ ਵਧਾਈ ਜਾਵੇ | ਅੰਤ ਵਿਚ ਇਬਰਾਹੀਮਵਾਲ ਦੇ ਕਿਸਾਨ ਮੈਂਬਰ ਮੰਗਲ ਸਿੰਘ ਅਤੇ ਪ੍ਰਗਟ ਸਿੰਘ ਚਾਹਲ ਦੀ ਬੇਵਕਤੀ ਮੌਤ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਰਿਵਾਰਾਂ ਨਾਲ ਹਮਦਰਦੀ ਜਤਾਈ ਗਈ ਅਤੇ ਪ੍ਰਮਾਤਮਾ ਅੱਗੇ ਵਿੱਛੜੀਆਂ ਰੂਹਾਂ ਦੀ ਸ਼ਾਂਤੀ ਅਤੇ ਪਰਿਵਾਰਾਂ ਨੂੰ ਭਾਣਾ ਮੰਨਣ ਦਾ ਬਲ ਬਖ਼ਸ਼ਣ ਦੀ ਅਰਦਾਸ ਕੀਤੀ ਗਈ | ਇਸ ਮੌਕੇ ਜੋਗਿੰਦਰ ਸਿੰਘ ਬਾਗੜੀਆਂ ਜ਼ਿਲ੍ਹਾ ਮੀਤ ਪ੍ਰਧਾਨ, ਲਖਬੀਰ ਸਿੰਘ ਲੱਖੀ ਮਕਸੂਦਪੁਰ, ਬਲਵਿੰਦਰ ਸਿੰਘ ਮਕਸੂਦਪੁਰ, ਨਿਸ਼ਾਨ ਸਿੰਘ ਇਬਰਾਹੀਮਵਾਲ, ਜਸਵੰਤ ਸਿੰਘ ਇਬਰਾਹੀਮਵਾਲ, ਬਲਕਾਰ ਸਿੰਘ, ਮਹਿੰਦਰ ਸਿੰਘ, ਕੁਲਵੰਤ ਸਿੰਘ, ਬਲਬੀਰ ਸਿੰਘ ਭੱਕੂਵਾਲ, ਕੁਲਵੰਤ ਸਿੰਘ, ਤਰਸੇਮ ਸਿੰਘ, ਬਲਜੀਤ ਸਿੰਘ, ਗੁਰਮੁਖ ਸਿੰਘ, ਅਮਰਜੀਤ ਸਿੰਘ ਢਿਲਵਾਂ, ਗੁਰਪ੍ਰੀਤ ਸਿੰਘ ਰਾਏਪੁਰ ਰਾਈਆਂ, ਕੁਲਦੀਪ ਮਲਕ ਨਡਾਲਾ, ਅਮਰੀਕ ਸਿੰਘ ਘੱਗ, ਨਿਰਮਲ ਸਿੰਘ ਡਾਲਾ, ਗੁਰਪ੍ਰੀਤ ਸਿੰਘ ਭੱਕੂਵਾਲ,ਗੁਰਮੀਤ ਸਿੰਘ ਇਕਾਈ ਪ੍ਰਧਾਨ ਰਾਜਪੁਰ, ਬਲਵਿੰਦਰ ਸਿੰਘ ਸਰਪੰਚ ਇਬਰਾਹੀਮਵਾਲ, ਜਸਵੰਤ ਸਿੰਘ ਜੱਸੀ, ਸਰਬਜੀਤ ਸਿੰਘ ਸਭਾ, ਅਜੀਤ ਸਿੰਘ ਫੌਜੀ, ਜਸਪਾਲ ਸਿੰਘ, ਕੁਲਦੀਪ ਸਿੰਘ, ਰਣਜੀਤ ਸਿੰਘ ਅਤੇ ਹੋਰ ਕਿਸਾਨ ਆਗੂ ਹਾਜ਼ਰ |
ਪਿਛਲੀ ਖ਼ਬਰ ਚੋਰਾਂ ਨੇ ਰਾਤ ਨੂੰ ਬਣਾਇਆ ਦੋ ਘਰਾਂ ਨੂੰ ਨਿਸ਼ਾਨਾ, ਮੋਟਰਸਾਈਕਲ, ਗੈਸ ਸਿਲੰਡਰ, ਮੋਬਾਈਲ ਤੇ ਨਕਦੀ ਲੈ ਕੇ ਫ਼ਰਾਰ ਅਗਲੀ ਖ਼ਬਰ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਵਰਕਰਾਂ ਨੂੰ ਲਾਮਬੰਦ ਕਰਨ ਲਈ ਘਰ-ਘਰ ਪਹੁੰਚ ਕੇ ਕੀਤੀਆਂ ਜਾਣਗੀਆਂ ਮੀਟਿੰਗਾਂ-...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।