ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕਸਬਾ ਭੁਲੱਥ ਦੇ ਹਰ ਕੋਨੇ 'ਚ ਦਿੱਖ ਰਹੇ ਕੂੜੇ ਦੇ ਵਧ ਰਹੇ ਢੇਰਾਂ ਤੋਂ ਲੋਕ ਡਾਢੇ ਪ੍ਰੇਸ਼ਾਨ <br/>
ਅਜੀਤ ਡੈਸਕ
18-05-2026
ਭੁਲੱਥ, 17 ਮਈ (ਮਨਜੀਤ ਸਿੰਘ ਰਤਨ)-ਨਗਰ ਪੰਚਾਇਤ ਭੁਲੱਥ ਦੇ ਸਫ਼ਾਈ ਸੇਵਕਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਕਰੀਬ 10 ਦਿਨ ਤੋਂ ਕੀਤੀ ਹੜਤਾਲ ਕਾਰਨ ਕਸਬਾ ਭੁਲੱਥ ਦੀਆਂ ਗਲੀਆਂ ਬਾਜ਼ਾਰਾਂ ਸੜਕਾਂ ਤੇ ਕੂੜੇ ਦੇ ਵੱਡੇ ਵੱਡੇ ਢੇਰ ਲੱਗੇ ਨਜ਼ਰ ਆ ਰਹੇ ਹਨ | ਕਸਬੇ ਵਿਚ ਕੂੜਾ ਨਾ ਚੁੱਕੇ ਜਾਣ ਨਾਲ ਹਾਲਾਤ ਗੰਭੀਰ ਬਣਦੇ ਜਾ ਰਹੇ ਹਨ | ਭੁਲੱਥ ਦੀਆਂ ਕਰੀਬ ਸਾਰੀਆਂ ਗਲੀਆਂ ਅਤੇ ਬਾਜ਼ਾਰਾਂ ਦੇ ਕੋਨਿਆਂ 'ਚ ਕੂੜੇ ਦੇ ਵੱਡੇ ਢੇਰ ਲੱਗੇ ਹੋਏ ਹਨ, ਜਿਸ ਨਾਲ ਫੈਲ ਰਹੀ ਗੰਦਗੀ ਕਾਰਨ ਲੋਕਾਂ ਦੀ ਪਰੇਸ਼ਾਨੀ ਵੱਧ ਰਹੀ ਹੈ | ਕਸਬੇ ਦੇ ਲੋਕਾਂ ਦਾ ਕਹਿਣਾ ਹੈ ਕਿ ਕੂੜੇ ਦੇ ਢੇਰਾਂ ਕਾਰਨ ਨਾ ਸਿਰਫ਼ ਬਦਬੂ ਫੈਲ ਰਹੀ ਹੈ, ਸਗੋਂ ਮੱਖੀ-ਮੱਛਰ ਵੀ ਵਧ ਰਹੇ ਹਨ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣ ਗਿਆ ਹੈ | ਇਸ ਤਰ੍ਹਾਂ ਵੱਧ ਰਹੇ ਕੂੜੇ ਦੇ ਢੇਰ ਲੋਕਾਂ ਦੀ ਚਿੰਤਾ ਵਧਾ ਰਹੇ ਹਨ | ਮੇਨ ਬਾਜ਼ਾਰ ਵਿਚ ਅਜਿਹਾ ਵੀ ਦੇਖਿਆ ਗਿਆ ਕਿ ਜਗ੍ਹਾ ਜਗ੍ਹਾ ਤੇ ਕੂੜਾ ਇੰਨੀ ਵੱਡੀ ਮਾਤਰਾ ਵਿਚ ਫੈਲ ਰਿਹਾ ਕਿ ਗਲੀ ਵਿਚ ਲੰਘਣਾ ਮੁਸ਼ਕਿਲ ਹੋ ਗਿਆ ਹੈ ਅਤੇ ਕੂੜੇ ਤੋਂ ਆ ਰਹੀ ਬਦਬੂ ਹੋਰ ਪ੍ਰੇਸ਼ਾਨੀ ਪੈਦਾ ਕਰ ਰਹੀ ਹੈ | ਮੇਨ ਬਾਜ਼ਾਰ ਵਿਚ ਹੀ ਗੁਰੂ ਘਰ ਅਤੇ ਮੰਦਰ ਦੇ ਨਜ਼ਦੀਕ ਵੱਡੇ ਵੱਡੇ ਕੂੜੇ ਦੇ ਢੇਰ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਗੁਰੂ ਘਰ ਨਤਮਸਤਕ ਹੋਣ ਆ ਰਹੀਆਂ ਸੰਗਤਾਂ ਨੂੰ ਵੀ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਲੋਕਾਂ ਦੀ ਮੰਗ ਕਿ ਨਗਰ ਪੰਚਾਇਤ ਭੁਲੱਥ ਨੂੰ ਕੂੜੇ ਦੇ ਢੇਰ ਚੁੱਕਣ ਲਈ ਕੋਈ ਬਦਲਵਾ ਪ੍ਰਬੰਧ ਕਰਨ ਦੀ ਜ਼ਰੂਰਤ ਹੈ | ਅਗਰ ਸਫ਼ਾਈ ਸੇਵਕਾਂ ਦੀ ਹੜਤਾਲ ਹੋਰ ਵੀ ਲੰਮੀ ਜਾਂਦੀ ਹੈ ਤਾਂ ਹਲਾਤ ਹੋਰ ਵੀ ਗੰਭੀਰ ਹੋਣਗੇ | ਲੋਕਾਂ ਨੇ ਸਰਕਾਰ ਤੋਂ ਇਹ ਮੰਗ ਕਰਦੇ ਹੋਏ ਕਿਹਾ ਕਿ ਇਸ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ |