ਕਪੂਰਥਲਾ, 17 ਮਈ (ਵਿ.ਪ੍ਰ.)-ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਵਲੋਂ ਯੂਨੀਅਨ ਦੇ ਮੁੱਖ ਸਕੱਤਰ ਬਿੰਦੂ ਸੁੰਨੜਵਾਲ ਦੀ ਅਗਵਾਈ ਹੇਠ ਪੰਜਾਬ ਦੇ ਰਾਜਪਾਲ ਦਾ ਪਿੰਡ ਧੰਦਲਾਂ ਵਿਖੇ ਪੁਤਲਾ ਫ਼ੂਕ ਕੇ ਨਾਅਰੇਬਾਜ਼ੀ ਕੀਤੀ ਗਈ | ਇਸ ਮੌਕੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ, ਕਿਸਾਨ ਆਗੂ ਬਿੰਦੂ ਸੁੰਨੜਵਾਲ ਤੇ ਸੁਰਜੀਤ ਸਿੰਘ ਨੱਥੂ ਚਾਹਲ ਨੇ ਬੀਤੇ ਦਿਨ ਆਪਣੀਆਂ ਮੰਗਾਂ ਨੂੰ ਲੈ ਕੇ ਰਾਜਪਾਲ ਪੰਜਾਬ ਨੂੰ ਮੰਗ ਪੱਤਰ ਦੇਣ ਜਾ ਰਹੇ ਕਿਸਾਨਾਂ ਦੇ ਸ਼ਾਂਤਮਈ ਮੁਜ਼ਾਹਰੇ 'ਤੇ ਚੰਡੀਗੜ ਪੁਲਿਸ ਵਲੋਂ ਕੀਤੇ ਗਏ ਅਣਮਨੁੱਖੀ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ | ਉਨਾਂ ਕਿਹਾ ਕਿ ਚੰਡੀਗੜ ਪੁਲਿਸ ਭਾਜਪਾ ਦੇ ਇਸ਼ਾਰੇ 'ਤੇ ਕਿਸਾਨਾਂ 'ਤੇ ਤਸ਼ੱਦਦ ਕਰ ਰਹੀ ਹੈ, ਪ੍ਰੰਤੂ ਕਿਸਾਨਾਂ ਦੀਆਂ ਜਿੰਨੀ ਦੇਰ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਆਪਣਾ ਸੰਘਰਸ਼ ਜਾਰੀ ਰੱਖਣਗੇ | ਉਨਾਂ ਚੰਡੀਗੜ ਪੁਲਿਸ ਵਲੋਂ 24 ਕਿਸਾਨਾਂ ਨੂੰ ਹਿਰਾਸਤ ਵਿਚ ਲੈਣ ਦੀ ਵੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਪੁਲਿਸ ਵਲੋਂ ਹਿਰਾਸਤ ਵਿਚ ਲਏ ਗਏ ਕਿਸਾਨਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ | ਕਿਸਾਨ ਆਗੂਆਂ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਬੀਜ ਸੋਧ ਬਿੱਲ, ਮੁਕਤ ਵਪਾਰ ਸਮਝੌਤਿਆਂ ਦਾ ਡਟ ਕੇ ਵਿਰੋਧ ਕਰੇਗਾ | ਉਨਾਂ ਸਰਕਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਡੈਮ ਸੇਫ਼ਟੀ ਐਕਟ ਤੇ ਜਲ ਸਰੋਤ ਐਕਟ ਰੱਦ ਕੀਤਾ ਜਾਵੇ | ਉਨਾਂ ਕਿਹਾ ਕਿ ਯੂਨੀਅਨ ਪੰਜਾਬ ਦੇ ਪਾਣੀਆਂ ਦੀ ਰਾਖੀ ਲਈ ਵੀ ਨਿਰੰਤਰ ਆਵਾਜ਼ ਬੁਲੰਦ ਕਰਦੀ ਰਹੇਗੀ | ਇਸ ਮੌਕੇ ਹਰਜੀਤ ਸਿੰਘ ਰਜਾਪੁਰ, ਸੁਖਵੰਤ ਸਿੰਘ ਰਜਾਪੁਰ, ਲਾਡੀ ਔਜਲਾ, ਦੇਬੂ ਨੱਥੂ ਚਾਹਲ, ਮਨਜਿੰਦਰ ਸਿੰਘ ਆਦੀ ਆਧੀ ਆਦਿ ਕਿਸਾਨ ਹਾਜ਼ਰ ਸਨ |