30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਆਜ਼ਾਦੀ ਦੀ ਲੜਾਈ ਲਈ ਢਾਈ ਦਹਾਕੇ ਜੇਲ੍ਹ ਕੱਟਣ ਵਾਲੇ ਗਦਰੀ ਬਾਬਾ ਹਰਨਾਮ ਸਿੰਘ ਕਾਲਾ ਸੰਘਿਆਂ <br/>

ਅਜੀਤ ਡੈਸਕ 18-05-2026
ਕਾਲਾ ਸੰਘਿਆਂ: ਵੱਖ-ਵੱਖ ਇਨਕਲਾਬੀ ਅਤੇ ਸਮਾਜ ਹਿਤੂ ਲਹਿਰਾਂ ਨਾਲ ਚਰਚਾ 'ਚ ਰਹੇ ਕਸਬਾ ਕਾਲਾ ਸੰਘਿਆਂ ਨੂੰ ਗਦਰੀ ਬਾਬਾ ਹਰਨਾਮ ਸਿੰਘ ਕਰਕੇ ਵੀ ਜਾਣਿਆ ਜਾਂਦਾ ਹੈ | ਆਜ਼ਾਦੀ ਦੀ ਲੜਾਈ ਲਈ ਸਾਢੇ 22 ਸਾਲ ਤੋਂ ਵੱਧ ਜੇਲ੍ਹ ਕੱਟਣ ਵਾਲੇ ਸੂਰਬੀਰ ਗਦਰੀ ਯੋਧੇ ਗਦਰੀ ਬਾਬਾ ਹਰਨਾਮ ਸਿੰਘ ਦੀ ਸਾਲਾਨਾ ਬਰਸੀ ਮੌਕੇ 18 ਮਈ ਨੂੰ ਉਹਨਾਂ ਦੇ ਪਿੰਡ ਆਲਮਗੀਰ ਕਾਲਾ ਸੰਘਿਆਂ ਦੇ ਗੁਰਦੁਆਰਾ ਘੰਟਾ ਘਰ ਸਾਹਿਬ ਵਿਖੇ ਸਮਾਗਮ ਕਰਵਾ ਕੇ ਯਾਦ ਕੀਤਾ ਜਾ ਰਿਹਾ ਹੈ | ਬਾਬਾ ਜੀ ਦਾ ਜਨਮ 1888 ਵਿਚ ਪਿਤਾ ਸੁੰਦਰ ਸਿੰਘ ਅਤੇ ਮਾਤਾ ਗੁਲਾਬ ਦੇਵੀ ਦੇ ਘਰ ਕਾਲਾ ਸੰਘਿਆਂ, ਜ਼ਿਲ੍ਹਾ ਕਪੂਰਥਲਾ ਵਿਖੇ ਹੋਇਆ | ਦੱਸਿਆ ਜਾਂਦਾ ਹੈ ਕਿ ਬਾਬਾ ਜੀ ਦਾ ਪਹਿਲਾ ਨਾਮ ਰਾਮ ਚੰਦ ਸੀ ਪਰ ਜਦੋਂ 1909 ਵਿਚ ਬਾਬਾ ਜੀ ਸਿੱਖ ਰੈਜੀਮੈਂਟ ਵਿਚ ਭਰਤੀ ਹੋਏ ਤਾਂ ਅੰਮਿ੍ਤਪਾਨ ਕਰਕੇ ਹਰਨਾਮ ਸਿੰਘ ਬਣ ਗਏ | ਅੰਗਰੇਜ਼ਾਂ ਦਾ ਹਿੰਦੋਸਤਾਨੀ ਸਿਪਾਹੀਆਂ ਨਾਲ ਵਿਤਕਰੇ ਭਰਿਆ ਵਤੀਰਾ ਦੇਖ ਕੇ ਆਪ ਨੇ ਫ਼ੌਜ ਛੱਡਣ ਦਾ ਮੰਨ ਬਣਾ ਲਿਆ ਅਤੇ ਅੰਗਰੇਜ਼ ਸਰਕਾਰ ਦੇ ਹਰ ਗਲਤ ਕੰਮ ਦਾ ਵਿਰੋਧ ਕਰਨ ਲੱਗੇ | ਅਮਰੀਕਾ ਤੋਂ ਉਹਨੀ ਦਿਨੀ ਛਪਦੇ ਗਦਰ ਅਖ਼ਬਾਰ ਤੋਂ ਪ੍ਰੇਰਿਤ ਹੋ ਕੇ ਆਪ ਗਦਰ ਪਾਰਟੀ ਨਾਲ ਜੁੜ ਗਏ | ਅਗਸਤ 1914 ਵਿਚ ਪਹਿਲੇ ਸੰਸਾਰ ਯੁੱਧ ਦੌਰਾਨ ਅੰਗਰੇਜ਼ਾਂ ਨੇ ਭਾਰਤੀ ਸਿਪਾਹੀਆਂ ਨੂੰ ਹਾਂਗਕਾਂਗ ਭੇਜਣ ਦਾ ਹੁਕਮ ਦਿੱਤਾ ਪਰ ਬਾਬਾ ਜੀ ਨੂੰ ਖ਼ਤਰਨਾਕ ਆਦਮੀ ਸਮਝ ਕੇ ਫ਼ਿਰੋਜਪੁਰ ਭੇਜ ਦਿੱਤਾ ਗਿਆ | ਜਿੱਥੇ ਬਾਬਾ ਜੀ ਦੀਆਂ ਮੁਲਾਕਾਤਾਂ ਕਰਤਾਰ ਸਿੰਘ ਸਰਾਭਾ ਅਤੇ ਹੋਰ ਦੇਸ਼ ਭਗਤਾਂ ਨਾਲ ਹੁੰਦੀਆਂ ਰਹੀਆਂ | ਸਰਕਾਰ ਨੇ ਬਾਬਾ ਜੀ ਨੂੰ ਦੇਸ਼ ਭਗਤਾਂ ਨੂੰ ਗਿ੍ਫ਼ਤਾਰ ਕਰਵਾਉਣ ਲਈ ਵੱਡੀਆਂ-ਵੱਡੀਆਂ ਜਗੀਰਾਂ ਅਤੇ ਅਹੁਦਿਆਂ ਦਾ ਲਾਲਚ ਦਿੱਤਾ ਪਰ ਬਾਬਾ ਜੀ ਨੇ ਇਹਨਾ ਲਾਲਚਾਂ ਨੂੰ ਟਿੱਚ ਕਰਕੇ ਵੀ ਨਹੀਂ ਜਾਣਿਆ | ਬਾਬਾ ਜੀ ਆਪਣੇ ਪਿੰਡ ਛੁੱਟੀਆਂ ਕੱਟਣ ਆਏ ਸਨ ਤਾਂ ਇੱਥੇ ਕਰਤਾਰ ਸਿੰਘ ਸਰਾਭੇ ਨੇ ਆਪ ਨੂੰ ਸੂਚਨਾ ਭੇਜੀ ਕਿ ਗਦਰ ਦੀ ਤਰੀਕ ਬਦਲਕੇ 21 ਫਰਵਰੀ 1915 ਦੀ ਥਾਂ 19 ਫਰਵਰੀ 1915 ਕਰ ਦਿੱਤੀ ਗਈ ਹੈ | ਬਾਬਾ ਜੀ ਤੁਰੰਤ ਕਪੂਰਥਲੇ ਤੋਂ ਗੱਡੀ ਫੜਕੇ ਫ਼ਿਰੋਜਪੁਰ ਪਹੁੰਚ ਗਏ | ਜਿੱਥੇ ਆਪ ਨੂੰ ਪਤਾ ਲਗਾ ਕਿ ਉਹਨਾਂ ਨੂੰ ਅੰਗਰੇਜ਼ ਸਰਕਾਰ ਵੱਲੋਂ ਗੋਲੀ ਨਾਲ ਉਡਾ ਦੇਣ ਦਾ ਹੁਕਮ ਜਾਰੀ ਕੀਤਾ ਹੋਇਆ ਹੈ | ਗਦਰ ਫੇਲ ਹੋ ਜਾਣ ਕਾਰਨ ਆਪ 20 ਫਰਵਰੀ ਨੂੰ ਕਾਲਾ ਸੰਘਿਆਂ ਵਾਪਸ ਪਰਤ ਆਏ ਤੇ ਆਜ਼ਾਦੀ ਤੇ ਆਜ਼ਾਦੀ ਦੇ ਸੰਗਰਾਮ ਲਈ ਦੇਸ਼ ਭਗਤਾਂ ਨਾਲ ਮੀਟਿੰਗਾਂ ਜਾਰੀ ਰੱਖੀਆਂ | ਅਗਰੇਜਾਂ ਨੇ ਦੇਸ਼ ਭਗਤਾ ਨੂੰ ਫੜ ਕੇ ਜੇਲ੍ਹਾਂ 'ਚ ਡੱਕਣਾ ਸ਼ੁਰੂ ਕਰ ਦਿੱਤਾ | ਅਰਜਨ ਸਿੰਘ ਖੁਖਰਾਣਾ ਨੂੰ ਅਨਾਰਕਲੀ ਥਾਣੇ, ਲਾਹੌਰ ਨੇੜਿਓ ਗਿ੍ਫ਼ਤਾਰ ਕਰ ਲਿਆ ਗਿਆ ਜਿਸ ਕੋਲੋਂ ਬਾਬਾ ਜੀ ਦਾ ਲਿਖਤੀ ਐਡਰਸ ਨਿਕਲਿਆ ਜਿਸ ਦੇ ਆਧਾਰ ਤੇ ਬਾਬਾ ਜੀ ਨੂੰ 23 ਫਰਵਰੀ 1915 ਨੂੰ ਕਾਲਾ ਸੰਘਿਆਂ ਤੋਂ ਗਿ੍ਫ਼ਤਾਰ ਕਰ ਲਿਆ ਗਿਆ | ਬਾਬਾ ਜੀ 22 ਸਾਲ 6 ਮਹੀਨੇ ਤੋਂ ਵੱਧ ਸਮਾਂ ਜੇਲ੍ਹਾਂ 'ਚ ਰਹੇ ਜਦਕਿ ਬਾਬਾ ਜੀ ਨੂੰ ਉਮਰ ਕੈਦ ਅਤੇ ਕਾਲੇ ਪਾਣੀ ਦੀ ਸਜਾ ਅੰਗਰੇਜ਼ ਸਰਕਾਰ ਵੱਲੋਂ ਸੁਣਾਈ ਜਾ ਚੁੱਕੀ ਸੀ | ਕੈਦ ਦੌਰਾਨ ਬਾਬਾ ਜੀ ਤੇ ਅਸਹਿ ਜ਼ੁਲਮ ਢਾਹੇ ਗਏ ਪਰ ਬਾਬਾ ਜੀ ਨੂੰ ਜ਼ੁਲਮਾਂ ਅੱਗੇ ਰਤਾ ਵੀ ਨਾ ਝੁਕੇ | ਅੰਗੇਰਜ ਸਰਕਾਰ ਨੇ ਬਾਬਾ ਜੀ ਨੂੰ ਛੱਡਣ ਲਈ ਸ਼ਰਤਾਂ ਰੱਖੀਆਂ ਪਰ ਬਾਬਾ ਜੀ ਨੇ ਨਹੀਂ ਮੰਨੀਆਂ | ਅੰਗਰੇਜ਼ ਸਰਕਾਰ ਵੱਲੋਂ ਉਨ੍ਹਾਂ ਦੀ ਸਾਰੀ ਜ਼ਮੀਨ ਜਾਇਦਾਦ ਬਲਕਿ ਘਰ ਦਾ ਸਾਰਾ ਸਮਾਨ ਜ਼ਬਤ ਕਰ ਲਿਆ ਗਿਆ ਪਰ ਬਾਬਾ ਜੀ ਨੇ ਆਜ਼ਾਦੀ ਲਈ ਸੰਘਰਸ਼ ਨਿਰੰਤਰ ਜਾਰੀ ਰੱਖਿਆ | 1972 'ਚ ਵੀ. ਵੀ. ਗਿਰੀ ਰਾਸ਼ਟਰਪਤੀ ਦੁਆਰਾ ਬਾਬਾ ਜੀ ਨੂੰ ਤਾਮਿਰ ਪੱਤਰ ਦਿੱਤਾ ਗਿਆ ਫਿਰ ਪੰਜਾਬ ਸਰਕਾਰ ਵੱਲੋਂ ਸਕੂਲ ਦਾ ਨਾ ਗਦਰੀ ਬਾਬਾ ਹਰਨਾਮ ਸਿੰਘ ਰੱਖਿਆ ਗਿਆ ਜੋ ਹੁਣ ਸੀਨੀਅਰ ਸੈਕੰਡਰੀ ਸਕੂਲ ਹੈ | ਬਾਬਾ ਜੀ 1978 ਨੂੰ ਸਰੀਰਕ ਤੌਰ ਤੇ ਅਕਾਲ ਚਲਾਣਾ ਕਰ ਗਏ ਪਰ ਆਪ ਵੱਲੋਂ ਦੇਸ਼ ਲਈ ਕੀਤੀਆਂ ਸੇਵਾਵਾਂ ਬਦਲੇ ਆਪ ਜੀ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ | ਆਓ ਅੱਜ ਆਪਾਂ ਆਜ਼ਾਦੀ ਦੇ ਇਸ ਮਹਾਨ ਸਪੂਤ ਨੂੰ ਉਨ੍ਹਾਂ ਦੀ ਬਰਸੀ ਮੌਕੇ ਯਾਦ ਕਰਕੇ ਉਨ੍ਹਾਂ ਦੀਆਂ ਪਾਈਆਂ ਪਿਰਤਾਂ ਅਨੁਸਾਰ ਆਪਣੇ ਜੀਵਨ ਨੂੰ ਢਾਲਣ ਦੀ ਕੋਸ਼ਿਸ਼ ਕਰੀਏ | -ਬਲਜੀਤ ਸਿੰਘ ਸੰਘਾ

ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਨੇ ਪੰਜਾਬ ਦੇ ਰਾਜਪਾਲ ਦਾ ਪੁਤਲਾ ਜਲਾ ਕੇ ਕੀਤੀ ਨਾਅਰੇਬਾਜ਼ੀ ਅਗਲੀ ਖ਼ਬਰ ਸਿਵਲ ਹਸਪਤਾਲ ਭੁਲੱਥ ਵਿਖੇ ਗੋਡੇ ਤੇ ਚੂਲੇ ਬਦਲਣ ਦੇ ਆਪ੍ਰੇਸ਼ਨ ਦਾ ਸਮਾਨ ਗੁਰੂ ਨਾਨਕ ਦੇਵ ਡਾਇਲੈਸਿਸ ਪ੍ਰਬੰਧਕ ਕਮੇਟੀ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।