05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਨਗਰ ਨਿਗਮ ਦਫ਼ਤਰ ਵਿਖੇ ਚੋਣਾਂ ਨੂੰ ਲੈ ਕੇ ਕਾਂਗਰਸੀ ਤੇ ਅਕਾਲੀ ਵਰਕਰਾਂ ਦੀ ਸੱਤਾਧਾਰੀ ਪਾਰਟੀ ਦੇ ਆਗੂਆਂ ਨਾਲ ਹੋਈ ਤਿੱਖੀ ਬਹਿਸ

ਅਜੀਤ ਡੈਸਕ 19-05-2026

ਕਪੂਰਥਲਾ, 18 ਮਈ (ਅਮਰਜੀਤ ਸਿੰਘ ਸਡਾਨਾ)-ਅੱਜ ਸ਼ਾਮ ਦੇ ਸਮੇਂ ਨਗਰ ਨਿਗਮ ਦਫ਼ਤਰ ਵਿਖੇ ਸਥਿਤੀ ਉਸ ਸਮੇਂ ਬੇਹੱਦ ਤਣਾਅਪੂਰਨ ਹੋ ਗਈ, ਜਦੋਂ ਪ੍ਰਾਪਰਟੀ ਟੈਕਸ ਸ਼ਾਖਾ ਵਿਚ ਬੈਠੇ ਅਕਾਲੀ ਦਲ ਨਾਲ ਸਬੰਧਿਤ ਉਮੀਦਵਾਰ ਕੋਮਲ ਸਹੋਤਾ ਉਰਫ਼ ਗਾਗਾ ਦੇ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਤੇ ਉਨ੍ਹਾਂ ਦੇ ਸਾਥੀਆਂ ਦੀ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜੋ ਕਿ ਕਾਫ਼ੀ ਅੱਗੇ ਤੱਕ ਵੱਧ ਗਈ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ ਤੇ ਕਾਂਗਰਸ ਵਿਧਾਇਕ ਰਾਣਾ ਗੁਰਜੀਤ ਸਿੰਘ ਵੀ ਸਾਥੀਆਂ ਸਮੇਤ ਮੌਕੇ 'ਤੇ ਪਹੁੰਚ ਗਏ ਤੇ ਦੋਵਾਂ ਧਿਰਾਂ ਨੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ। ਇਸ ਸਬੰਧੀ ਕੋਮਲ ਸਹੋਤਾ ਨੇ ਦੱਸਿਆ ਕਿ ਉਹ ਆਪਣੀ ਨਾਮਜ਼ਦਗੀ ਨੂੰ ਲੈ ਕੇ ਇਤਰਾਜ਼ ਸਬੰਧੀ ਨਗਰ ਨਿਗਮ ਦਫ਼ਤਰ ਵਿਖੇ ਪਹੁੰਚੇ ਸਨ ਤੇ ਜਦੋਂ ਉਹ ਪ੍ਰਾਪਰਟੀ ਟੈਕਸ ਸ਼ਾਖਾ ਵਿਚ ਬੈਠੇ ਸਨ ਤਾਂ ਉੱਥੇ ਆਏ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਕਰਮਬੀਰ ਸਿੰਘ ਚੰਦੀ ਨੇ ਉਨ੍ਹਾਂ ਦੇ ਨਾਲ ਮਾੜੀ ਸ਼ਬਦਾਵਲੀ ਬੋਲੀ ਅਤੇ ਉਨ੍ਹਾਂ ਨੂੰ ਕੁਰਸੀ ਤੋਂ ਉੱਠਣ ਲਈ ਕਿਹਾ, ਜਿਸ 'ਤੇ ਉਨ੍ਹਾਂ ਦੋਵਾਂ ਵਿਚ ਤਕਰਾਰ ਸ਼ੁਰੂ ਹੋ ਗਈ। ਇਸ ਵਿਵਾਦ ਦੀ ਖ਼ਬਰ ਜਦੋਂ ਕਮਰੇ ਤੋਂ ਬਾਹਰ ਨਿਕਲੀ ਤਾਂ ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਤੇ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ ਵੀ ਸਮਰਥਕਾਂ ਦੇ ਨਾਲ ਮੌਕੇ 'ਤੇ ਪਹੁੰਚੇ ਤੇ ਆਮ ਆਦਮੀ ਪਾਰਟੀ ਦੇ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਤਣਾਅਪੂਰਨ ਸਥਿਤੀ ਦਾ ਪਤਾ ਲੱਗਦਿਆਂ ਹੀ ਡੀ.ਐਸ.ਪੀ. ਸਬ ਡਵੀਜ਼ਨ ਡਾ. ਸ਼ੀਤਲ ਸਿੰਘ, ਡੀ.ਐਸ.ਪੀ. ਸੁਖਪਾਲ ਸਿੰਘ ਰੰਧਾਵਾ, ਥਾਣਾ ਸਿਟੀ ਮੁਖੀ ਅਮਨਦੀਪ ਨਾਹਰ, ਥਾਣਾ ਕੋਤਵਾਲੀ ਮੁਖੀ ਇੰਸਪੈਕਟਰ ਹਰਦੀਪ ਸਿੰਘ, ਥਾਣਾ ਸਦਰ ਮੁਖੀ ਸਬ ਇੰਸਪੈਕਟਰ ਰਣਜੀਤ ਸਿੰਘ ਤੇ ਪੀ.ਸੀ.ਆਰ. ਇੰਚਾਰਜ ਚਰਨਜੀਤ ਖੈੜਾ ਸਮੇਤ ਵੱਡੀ ਗਿਣਤੀ ਵਿਚ ਪੁਲਿਸ ਟੀਮਾਂ ਮੌਕੇ 'ਤੇ ਪਹੁੰਚੀਆਂ ਤੇ ਸਥਿਤੀ ਨੂੰ ਸ਼ਾਂਤ ਕਰਨ ਦਾ ਯਤਨ ਕੀਤਾ। ਕਰਮਬੀਰ ਸਿੰਘ ਚੰਦੀ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਨਗਰ ਨਿਗਮ ਦਫ਼ਤਰ ਵਿਖੇ ਇਤਰਾਜ਼ ਸਬੰਧੀ ਕਾਗ਼ਜ਼ਾਂ ਨਾਲ ਛੇੜਛਾੜ ਹੋ ਰਹੀ ਹੈ, ਜਦੋਂ ਉਹ ਇੱਥੇ ਪਹੁੰਚੇ ਤਾਂ ਦਫ਼ਤਰ ਵਿਚ ਬੈਠੇ ਕੋਮਲ ਸਹੋਤਾ ਤੇ ਕੁੱਝ ਹੋਰ ਕਾਂਗਰਸ ਨਾਲ ਸਬੰਧਿਤ ਵਿਅਕਤੀਆਂ ਨੇ ਉਨ੍ਹਾਂ ਨਾਲ ਤਕਰਾਰ ਸ਼ੁਰੂ ਕਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਤਰ੍ਹਾਂ ਦੀ ਧੱਕੇਸ਼ਾਹੀ ਨਗਰ ਨਿਗਮ ਚੋਣਾਂ ਵਿਚ ਨਹੀਂ ਹੋਣ ਦੇਣਗੇ ਤੇ ਕਿਸੇ ਵੀ ਕਰਮਚਾਰੀ 'ਤੇ ਪਾਏ ਜਾ ਰਹੇ ਦਬਾਅ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਿਗਮ ਚੋਣਾਂ ਵਿਚ ਜਿੱਤਾਂ ਦਰਜ਼ ਕਰਨਗੇ। ਹਲਕਾ ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਸੱਤਾਧਾਰੀ ਪਾਰਟੀ ਚੋਣਾਂ ਵਿਚ ਧੱਕੇਸ਼ਾਹੀ ਕਰਨਾ ਚਾਹੁੰਦੀ ਹੈ, ਜਿਸ ਨੂੰ ਕਿਸੇ ਵੀ ਕੀਮਤ 'ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਵੀ ਨਗਰ ਨਿਗਮ ਦਫ਼ਤਰ ਵਿਖੇ ਹੋਇਆ ਉਹ ਬਹੁਤ ਗਲਤ ਹੋਇਆ ਹੈ। ਉਨ੍ਹਾਂ ਡਿਪਟੀ ਕਮਿਸ਼ਨਰ, ਰਿਟਰਨਿੰਗ ਅਫ਼ਸਰ ਨੂੰ ਕਿਹਾ ਕਿ ਉਹ ਆਪਣੇ ਮੁਲਾਜ਼ਮਾਂ ਨੂੰ ਸਮਝਾਉਣ ਤੇ ਜੇਕਰ ਕਿਸੇ ਨਾਲ ਵੀ ਧੱਕੇਸ਼ਾਹੀ ਹੋਈ ਤਾਂ ਉਹ ਬਰਦਾਸ਼ਤ ਨਹੀਂ ਕਰਨਗੇ ਤੇ ਪੱਖਪਾਤ ਵਤੀਰਾ ਵਰਤਣ ਵਾਲੇ ਅਫ਼ਸਰਾਂ ਨੂੰ ਅਦਾਲਤ ਵਿਚ ਲੈ ਕੇ ਜਾਣਗੇ। ਉਨ੍ਹਾਂ ਕਿਹਾ ਕਿ ਪੁਲਿਸ ਕਰਮਚਾਰੀ ਵੀ ਬਿਨ੍ਹਾਂ ਪੱਖਪਾਤ ਦੇ ਆਪਣੀ ਡਿਊਟੀ ਨਿਭਾਉਣ, ਨਹੀਂ ਤਾਂ ਉਹ ਚੋਣ ਕਮਿਸ਼ਨ ਤੇ ਅਦਾਲਤ ਵਿਚ ਸਾਰਾ ਮਾਮਲਾ ਲੈ ਕੇ ਜਾਣਗੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਬਿਨ੍ਹਾਂ ਕਿਸੇ ਡਰ ਖ਼ੌਫ਼ ਦੇ ਆਪਣੀ ਵੋਟ ਦਾ ਇਸਤੇਮਾਲ ਕਰਨ। ਇਸ ਸਬੰਧੀ ਅਕਾਲੀ ਦਲ ਦੇ ਹਲਕਾ ਇੰਚਾਰਜ ਐਚ.ਐਸ. ਵਾਲੀਆ ਨੇ ਕਿਹਾ ਕਿ ਉਨ੍ਹਾਂ ਦੇ ਉਮੀਦਵਾਰ ਕੋਮਲ ਸਹੋਤਾ ਨਾਲ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਨੇ ਬਦਸਲੂਕੀ ਕੀਤੀ ਹੈ, ਜਿਸ ਨੂੰ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਤੇ ਉਨ੍ਹਾਂ ਦੇ ਉਮੀਦਵਾਰ ਆਪਣੇ ਇਤਰਾਜ਼ ਦੂਰ ਕਰਵਾਉਣ ਲਈ ਨਗਰ ਨਿਗਮ ਦਫ਼ਤਰ ਪਹੁੰਚੇ ਸਨ, ਜਿੱਥੇ ਉਨ੍ਹਾਂ ਨਾਲ ਮਾੜਾ ਵਤੀਰਾ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਵਲੋਂ ਕੀਤਾ ਗਿਆ। ਇਸ ਸਾਰੇ ਮਾਮਲੇ ਨੂੰ ਲੈ ਕੇ ਜਦੋਂ ਡੀ.ਐਸ.ਪੀ. ਸਬ ਡਵੀਜ਼ਨ ਸ਼ੀਤਲ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਨਗਰ ਨਿਗਮ ਦਫ਼ਤਰ ਵਿਖੇ ਚੋਣਾਂ ਸਬੰਧੀ ਇਤਰਾਜ਼ਾਂ ਨੂੰ ਲੈ ਕੇ ਸਥਿਤੀ ਤਣਾਅਪੂਰਨ ਹੋਈ ਹੈ, ਜਦੋਂ ਉਹ ਪਹੁੰਚੇ ਤਾਂ ਉਨ੍ਹਾਂ ਦੇਖਿਆ ਕਿ ਆਮ ਆਦਮੀ ਪਾਰਟੀ, ਅਕਾਲੀ ਦਲ ਤੇ ਕਾਂਗਰਸ ਇਕ ਦੂਸਰੇ 'ਤੇ ਦੂਸ਼ਣਬਾਜ਼ੀ ਕਰ ਰਹੇ ਸਨ। ਉਨ੍ਹਾਂ ਵਲੋਂ ਪੁਲਿਸ ਟੀਮਾਂ ਦੇ ਨਾਲ ਮਾਹੌਲ ਨੂੰ ਸ਼ਾਂਤ ਕਰਦਿਆਂ ਤਿੰਨਾਂ ਧਿਰਾਂ ਨੂੰ ਨਗਰ ਨਿਗਮ ਦਫ਼ਤਰ ਤੋਂ ਵਾਪਸ ਭੇਜ ਦਿੱਤਾ ਗਿਆ ਤੇ ਸਥਿਤੀ ਕਾਬੂ ਹੇਠ ਹੈ। ਉਨ੍ਹਾਂ ਕਿਹਾ ਕਿ ਚੋਣਾਂ ਦੌਰਾਨ ਅਮਨ ਸ਼ਾਂਤੀ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ।

ਪਿਛਲੀ ਖ਼ਬਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਕੂਲ ਚੂੰਘ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਕੈਨੇਡਾ 'ਚ ਹੰਤਾਵਾਇਰਸ ਦਾ ਪਹਿਲਾ ਮਰੀਜ਼ ਮਿਲਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।